ਸਵੀਪ ਗਤੀਵਿਧੀਆਂ ਅਤੇ ਵਿਸ਼ੇਸ਼ ਸਰਸਰੀ ਸੁਧਾਈ ਲਈ 2 ਅਤੇ 3 ਦਸੰਬਰ ਨੂੰ ਲਗਾਏ ਜਾਣਗੇ ਸਪੈਸ਼ਲ ਕੈਂਪ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸਵੀਪ ਗਤੀਵਿਧੀਆਂ ਅਤੇ ਵਿਸ਼ੇਸ਼ ਸਰਸਰੀ ਸੁਧਾਈ ਲਈ 2 ਅਤੇ 3 ਦਸੰਬਰ ਨੂੰ ਲਗਾਏ ਜਾਣਗੇ ਸਪੈਸ਼ਲ ਕੈਂਪ
ਐਸ.ਡੀ.ਐਮ. ਵੱਲੋਂ ਹਲਕੇ ਦੇ ਸਮੂਹ ਸੁਪਰਵਾਈਜ਼ਰਾਂ ਨਾਲ ਕੀਤੀ ਗਈ ਮੀਟਿੰਗ
ਰੂਪਨਗਰ, 24 ਨਵੰਬਰ: ਐਸ.ਡੀ.ਐਮ. ਰੂਪਨਗਰ ਹਰਬੰਸ ਸਿੰਘ ਨੇ ਵਿਧਾਨ ਸਭਾ ਚੋਣ ਹਲਕਾ-50 ਰੂਪਨਗਰ ਵੱਲੋਂ ਆਪਣੇ ਹਲਕੇ ਅਧੀਨ ਲਗਾਏ ਗਏ ਸੁਪਰਵਾਈਜ਼ਰਾਂ ਨਾਲ ਮੀਟਿੰਗ ਕਰਦਿਆਂ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਕਿ ਸਵੀਪ ਗਤੀਵਿਧੀਆਂ ਅਤੇ ਵਿਸ਼ੇਸ਼ ਸਰਸਰੀ ਸੁਧਾਈ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇ ਅਤੇ ਬੂਥ ਪੱਧਰ ਤੇ ਜਾ ਕੇ ਕੈਂਪ ਲਗਾਏ ਜਾਣ।
ਮੀਟਿੰਗ ਦੀ ਅਗਵਾਈ ਕਰਦਿਆਂ ਐਸ.ਡੀ.ਐਮ. ਹਰਬੰਸ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ 01 ਜਨਵਰੀ 2024 ਦੇ ਆਧਾਰ ਤੇ ਫੋਟੋ ਵੋਟਰ ਸੂਚੀ ਵਿਸ਼ੇਸ਼ ਸਰਸਰੀ ਸੁਧਾਈ 27 ਅਕਤੂਬਰ 2023 ਤੋਂ ਲੈ ਕੇ 9 ਦਸੰਬਰ 2023 ਤੱਕ ਕੀਤੀ ਜਾਣੀ ਹੈ। ਇਸ ਸਬੰਧ ਵਿੱਚ ਵਿਧਾਨ ਸਭਾ ਹਲਕਾ-50 ਰੂਪਨਗਰ ਵਿੱਚ ਸਵੀਪ ਗਤੀਵਿਧੀਆਂ ਦਾ ਕੰਮ ਚੱਲ ਰਿਹਾ ਹੈ।
ਉਨ੍ਹਾਂ ਵੱਲੋਂ ਸੁਪਰਵਾਇਜਰਾਂ ਨੂੰ ਹਦਾਇਤ ਕੀਤੀ ਗਈ ਕਿ ਆਪਣੇ ਇਲਾਕੇ ਵਿੱਚ ਪੈਂਦੇ ਬੀ.ਐਲ.ਓ. ਅਤੇ ਸੀਨੀਅਰ ਸੈਕੰਡਰੀ ਸਕੂਲ/ਕਾਲਜ/ਸੰਸਥਾਵਾਂ ਦੁਆਰਾ ਨਿਯੁਕਤ ਕੀਤੇ ਗਏ ਨੋਡਲ ਅਫਸਰ ਨਾਲ ਤਾਲਮੇਲ ਕਰਕੇ ਸਵੀਪ ਗਤੀਵਿਧੀਆਂ ਦੇ ਕੈਂਪ ਲਗਵਾਏ ਜਾਣ ਅਤੇ ਵੋਟਾਂ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ 18-19 ਸਾਲ ਦੇ ਨਵੇਂ ਯੁਵਾਵਾਂ ਨੂੰ ਵੀ ਵੋਟ ਬਣਾਉਣ, ਵੋਟ ਦੀ ਮਹੱਤਤਾ, ਵੋਟ ਦਾ ਸਹੀ ਇਸਤੇਮਾਲ ਲਈ ਜਾਗਰੂਕ ਕੀਤਾ ਜਾ ਸਕੇ, ਤਾਂ ਜੋ ਆਉਣ ਵਾਲੀਆਂ ਚੋਣਾਂ 2024 ਦੌਰਾਨ ਉਹ ਆਪਣੇ ਵੋਟਰ ਹੱਕ ਦਾ ਇਸਤੇਮਾਲ ਕਰ ਸਕਣ।
ਇਸ ਤੋਂ ਇਲਾਵਾ ਉਨ੍ਹਾਂ ਸੁਪਰਵਾਇਜਰਾਂ ਨੂੰ ਹਦਾਇਤ ਕੀਤੀ ਕਿ 02 ਅਤੇ 03 ਦਸੰਬਰ ਨੂੰ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ ਇਸ ਲਈ ਇਹਨਾਂ ਸਪੈਸ਼ਲ ਕੈਂਪਾ ਵਾਲੇ ਦਿਨ ਬੂਥ ਲੈਵਲ ਅਫਸਰ ਆਪਣੇ ਆਪਣੇ ਪੋਲਿੰਗ ਸਟੇਸ਼ਨ ਤੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠਣਗੇ ਅਤੇ ਆਮ ਜਨਤਾ ਤੋਂ ਫਾਰਮ ਪ੍ਰਾਪਤ ਕਰਨਗੇ।
ਉਨ੍ਹਾਂ ਦੱਸਿਆ ਕਿ ਨਵੀਂ ਵੋਟ ਰਜਿਸਟਰੇਸ਼ਨ ਕਰਨ ਲਈ ਫਾਰਮ ਨੰਬਰ 6, ਨਾਂਅ ਕਟਵਾਉਣ ਲਈ ਫਾਰਮ ਨੰਬਰ 7, ਵੇਰਵਿਆਂ ਵਿੱਚ ਸੋਧ ਲਈ/ਦਿਵਿਆਂਗ ਵੋਟਰ ਵਜੋਂ ਮਾਰਕਿੰਗ ਲਈ/ਰਿਹਾਇਸ਼ ਬਦਲਣ ਲਈ ਵੋਟਰ ਕਾਰਡ ਬਦਲੀ ਕਰਨ ਲਈ ਫਾਰਮ ਨੰਬਰ 8 ਪ੍ਰਾਪਤ ਕਰਨਗੇ ਅਤੇ ਐਸ ਡੀ ਐਮ ਰੂਪਨਗਰ ਨੇ ਦੱਸਿਆ ਕਿ ਆਨਲਾਈਨ ਫਾਰਮ www.nvsp.in ਜਾਂ ਵੋਟਰ ਹੈਲਪਲਾਈਨ ਤੇ ਵੀ ਭਰੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 ਤੇ ਕਾਲ ਕਰ ਸਕਦੇ ਹਨ ।
ਇਸ ਮੌਕੇ ਨਾਇਬ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ, ਜਿਲ੍ਹਾ ਖੇਡ ਅਫਸਰ-ਕਮ-ਸਵੀਪ ਨੋਡਲ ਅਫਸਰ ਰੂਪਨਗਰ ਰੁਪੇਸ਼ ਕੁਮਾਰ ਬੇਗੜਾ, ਵਿਧਾਨ ਸਭਾ ਚੋਣ ਹਲਕਾ-50 ਰੂਪਨਗਰ ਦੇ ਸਮੂਹ ਸੁਪਰਵਾਈਜ਼ਰ, ਚੋਣ ਕਾਨੂੰਗੋ ਅਮਨਦੀਪ ਸਿੰਘ, ਅਮਨਦੀਪ ਕੌਰ ਕਲਰਕ ਆਦਿ ਹਾਜ਼ਰ ਸਨ ।