ਸਰੀਰਿਕ ਪੱਖੋਂ 50 ਫ਼ੀਸਦੀ ਤੋਂ ਵੱਧ ਦਿਵਿਆਂਗਜਨ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਕਰਵਾਈ ਜਾਂਦੀ ਹੈ ਮੁਹੱਈਆਂ – ਡਿਪਟੀ ਕਮਿਸ਼ਨਰ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਸਰੀਰਿਕ ਪੱਖੋਂ 50 ਫ਼ੀਸਦੀ ਤੋਂ ਵੱਧ ਦਿਵਿਆਂਗਜਨ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਕਰਵਾਈ ਜਾਂਦੀ ਹੈ ਮੁਹੱਈਆਂ – ਡਿਪਟੀ ਕਮਿਸ਼ਨਰ
ਯੂ.ਡੀ.ਆਈ.ਡੀ. ਕਾਰਡ ’ਤੇ ਮੁਫ਼ਤ ਬੱਸ ਸਫਰ ਅਤੇ ਹੋਰ ਸੁਵਿਧਾਵਾਂ ਦਾ ਲੈ ਸਕਦੇ ਹਨ ਲਾਭ ਦਿਵਿਆਂਗਜਨ
ਰੂਪਨਗਰ, 19 ਮਈ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਾਕਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਦਿਵਿਆਂਗਜਨਾਂ ਦੀ ਮਦਦ ਕਰਨ ਦੇ ਮੰਤਵ ਨਾਲ ਵੱਖ-ਵੱਖ ਸਕੀਮਾਂ ਰਾਹੀਂ ਲਾਭ ਦਿੱਤੇ ਜਾ ਰਹੇ ਹਨ।
ਡਾ. ਪ੍ਰੀਤੀ ਯਾਦਵ ਵੱਲੋਂ ਦੱਸਿਆ ਗਿਆ ਕਿ ਇਸ ਵਿਭਾਗ ਵੱਲੋਂ ਪੈਨਸ਼ਨ ਸਕੀਮ ਅਧੀਨ ਸਰੀਰਿਕ ਪੱਖੋਂ 50 ਫ਼ੀਸਦੀ ਤੋਂ ਵੱਧ ਦਿਵਿਆਂਗਜਨ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ ਦਿਵਿਆਂਗ ਬੱਚਿਆਂ ਨੂੰ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ 2500 ਰੁਪਏ ਤੋਂ 3000 ਰੁਪਏ ਦਾ ਸਲਾਨਾ ਵਜੀਫ਼ਾ ਦਿੱਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਨੈਸ਼ਨਲ ਟਰੱਸਟ ਐਕਟ ਅਧੀਨ ਲੋਕਲ ਲੈਵਲ ਕਮੇਟੀ ਵੱਲੋਂ ਦਿਮਾਗੀ ਤੌਰ ਤੇ ਦਿਵਿਆਂਗਜਨ ਦੀ ਗਾਰਡੀਅਨਸ਼ਿਪ ਉਨ੍ਹਾਂ ਦੇ ਮਾਪੇ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ ਜਾਂਦੀ ਹੈ। ਇਸ ਸਕੀਮ ਅਧੀਨ ਐਨ.ਜੀ.ਓ. ਦੇ ਸਹਿਯੋਗ ਨਾਲ ਨਿਰਮਾਇਆ ਹੈਲਥ ਸਕੀਮ ਅਧੀਨ ਬੀਮਾ ਕੀਤਾ ਜਾਂਦਾ ਹੈ । ਭਾਰਤ ਸਰਕਾਰ ਦੇ ਪੋਰਟਲ ਤੋਂ https://www.swavlambancard.gov.in/ ਲੋੜੀਂਦੇ ਵੇਰਵੇ ਭਰ ਕੇ ਯੂ.ਡੀ ਆਈ ਡੀ ਕਾਰਡ ਸਿਹਤ ਵਿਭਾਗ ਦੇ ਸਹਿਯੋਗ ਨਾਲ ਬਣਾਇਆ ਜਾਂਦਾ ਹੈ ਜਿਸ ਨਾਲ ਦਿਵਿਆਂਗਜਨ ਨਾਲ ਸਬੰਧਤ ਵੱਖ-ਵੱਖ ਸਕੀਮਾਂ ਦਾ ਲਾਭ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਸ ਸਫ਼ਰ ਵਿੱਚ ਦੇਖਣ ਤੋਂ ਅਸਮਰੱਥ ਦਿਵਿਆਂਗਜਨ ਨੂੰ ਪੂਰਾ ਕਰਾਇਆ ਅਤੇ ਹੋਰ ਦਿਵਿਆਂਗਜਨਾਂ ਨੂੰ ਅੱਧੇ ਕਿਰਾਏ ਦੀ ਰਿਆਇਤ ਦਿੱਤੀ ਜਾਂਦੀ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਦੀਨ ਦਿਆਲ ਡਿਸਏਬਲਡ ਰੀਹੈਬਲੀਟੇਸ਼ਨ ਸਕੀਮ ਅਧੀਨ ਗੈਰ ਸਰਕਾਰੀ ਸੰਸਥਾਵਾਂ ਨੂੰ ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗ ਮੁਹੱਈਆਂ ਕਰਵਾਉਣ ਲਈ, ਬਲਾਇੰਡ, ਮੈਂਟਲੀ ਰਿਟਾਰਡਿਡ ਤੇ ਡੈਫ ਐਂਡ ਡੰਮ ਦਿਵਿਆਗ ਬੱਚਿਆਂ ਲਈ ਸਕੂਲ ਚਲਾਉਣ ਲਈ ਗ੍ਰਾਂਟ ਦਿੱਤੀ ਜਾਂਦੀ ਹੈ। ਅਸਿਸਟੈਂਸ ਟੂ ਦਾ ਡਿਸਏਬਲ ਪਰਸਨਜ ਫਾਰ ਪ੍ਰਚੇਜ ਐਂਡ ਫੀਟਿੰਗ ਆਫ ਏਡ ਐਪਲਾਈਨਸ਼ (ਅਡਿਪ ਸਕੀਮ) ਅਧੀਨ 20,000 ਰੁਪਏ ਪ੍ਰਤੀ ਮਹੀਨਾ ਤੋਂ ਘੱਟ ਆਮਦਨ ਵਾਲੇ ਲੋੜਵੰਦ ਦਿਵਿਆਂਗਜਨਾਂ ਨੂੰ ਵਧੀਆ ਨਕਲੀ ਅੰਗ ਤੇ ਸਹਾਇਕ ਯੰਤਰ ਸਵੈ-ਇੱਛਕ ਸੰਸਥਾਵਾਂ ਰਾਹੀਂ ਉਪਲਬਧ ਕਰਵਾਏ ਜਾਂਦੇ ਹਨ।
ਡਿਪਟੀ ਕਮਿਸ਼ਨਰ ਵੱਲੋਂ ਅੱਗੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਅੰਮ੍ਰਿਤਸਰ, ਕਪੂਰਥਲਾ, ਲੁਧਿਆਣਾ ਅਤੇ ਰਾਜਪੁਰਾ ਵਿਖੇ ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀਆਂ ਲਈ ਸਹਿਯੋਗ (ਹਾਫ ਵੇ ਹੋਮ) ਨਾਮਕ 4 ਘਰ ਚਲਾ ਰਹੀ ਹੈ, ਜਿਥੇ ਦਿਵਿਆਂਗਜਨਾ ਨੂੰ ਮੁਫਤ ਰਿਹਾਇਸ਼, ਭੋਜਨ, ਸਿਹਤ ਸੰਭਾਲ, ਮਨੋਰੰਜਨ ਅਤੇ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਵੋਕੇਸ਼ਨਲ ਰੀਹੈਬਲੀਟੇਸ਼ਨ ਸੈਂਟਰ ਲੁਧਿਆਣਾ, ਬਠਿੰਡਾ ਤੇ ਹੁਸ਼ਿਆਰਪੁਰ ਵਿਖੇ 18 ਤੋਂ 40 ਤੱਕ ਦੇ ਦਿਵਿਆਂਗਜਨਾ ਨੂੰ ਸਕਿੱਲ ਟ੍ਰੇਨਿੰਗ ਦੇ ਨਾਲ 2000 ਰੁਪਏ ਪ੍ਰਤੀ ਮਹੀਨਾ ਵਜੀਫਾ ਵੀ ਦਿੱਤਾ ਜਾਂਦਾ ਹੈ। ਭਾਰਤ ਸਰਕਾਰ ਵੱਲੋਂ 25000 ਰੁਪਏ ਤੋਂ ਘੱਟ ਮਹੀਨਾ ਆਮਦਨ ਵਾਲੇ ਲੋੜਵੰਦ ਪਰਿਵਾਰਾਂ ਦੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਕਲੀਅਰ ਇੰਪਲਾਟ ਲਈ ਪ੍ਰਤੀ ਬੱਚਾ 6 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਰੂਪਨਗਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਤੋਂ ਇਲਾਵਾ ਦਿਵਿਆਂਗਜਨਾਂ ਵੱਲੋਂ ਇਨ੍ਹਾਂ ਸਕੀਮਾਂ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀਮਤੀ ਅੰਮ੍ਰਿਤਾ ਬਾਲਾ ਦੇ ਨਾਲ ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।