ਸਰੀਰਕ ਤੰਦਰੁਸਤੀ ਲਈ ਘਰੇਲੂ ਬਗੀਚੀ ਅਪਨਾਉਣਾ ਅੱਜ ਦੇ ਸਮੇਂ ਦੀ ਅਹਿਮ ਲੋੜ – ਡਾ. ਚਤੁਰਜੀਤ ਸਿੰਘ ਰਤਨ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸਰੀਰਕ ਤੰਦਰੁਸਤੀ ਲਈ ਘਰੇਲੂ ਬਗੀਚੀ ਅਪਨਾਉਣਾ ਅੱਜ ਦੇ ਸਮੇਂ ਦੀ ਅਹਿਮ ਲੋੜ – ਡਾ. ਚਤੁਰਜੀਤ ਸਿੰਘ ਰਤਨ
ਰੂਪਨਗਰ, 28 ਸਤੰਬਰ: ਸਰੀਰਕ ਤੰਦਰੁਸਤੀ ਲਈ ਘਰੇਲੂ ਬਗੀਚੀ ਅਪਨਾਉਣਾ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ। ਇਸੀ ਸੰਦਰਭ ਵਿੱਚ ਬਾਗਬਾਨੀ ਵਿਭਾਗ ਅਤੇ ਅੰਬੂਜਾ ਫਾਊਂਡੇਸ਼ਨ ਰੂਪਨਗਰ ਵੱਲੋਂ ਸਾਂਝੇ ਤੌਰ ’ਤੇ ਬਲਾਕ ਰੂਪਨਗਰ ਦੇ ਪਿੰਡ ਦਬੁਰਜੀ ਵਿੱਚ ਔਰਤਾਂ ਦੇ ਗਰੁੱਪ ਲਈ ਇੱਕ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ।
ਇਸ ਕੈਂਪ ਦੀ ਸ਼ੁਰੂਆਤ ਕਰਦਿਆਂ ਅੰਬੂਜਾ ਫਾਊਂਡੇਸ਼ਨ ਦੇ ਰੀਜਨਲ ਹੈੱਡ ਭੁਪਿੰਦਰ ਗਾਂਧੀ ਨੇ ਹਾਜ਼ਰ ਔਰਤਾਂ ਨੂੰ ਜੀ ਆਇਆ ਕਿਹਾ ਅਤੇ ਕੈਂਪ ਦੇ ਉਦੇਸ਼ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋਂ ਅੰਬੂਜਾ ਫਾਊਂਡੇਸ਼ਨ ਵੱਲੋਂ ਇਲਾਕੇ ਵਿੱਚ ਕੀਤੇ ਜਾ ਰਹੇ ਭਲਾਈ ਦੇ ਕੰਮਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ ਡਾ. ਚਤੁਰਜੀਤ ਸਿੰਘ ਰਤਨ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਸੰਤੁਲਿਤ ਖੁਰਾਕ ਵਿੱਚ ਤਾਜ਼ੀਆਂ ਅਤੇ ਜ਼ਹਿਰ ਮੁਕਤ ਸਬਜ਼ੀਆਂ ਦੀ ਸ਼ਾਮਿਲੀ ਮਨੁੱਖੀ ਸਿਹਤ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ, ਹੈਦਰਾਬਾਦ ਦੇ ਹਵਾਲੇ ਨਾਲ ਕਿਹਾ ਕਿ ਹਰ ਵਿਅਕਤੀ ਨੂੰ ਰੋਜ਼ਾਨਾ ਘੱਟੋ-ਘੱਟ 300 ਗ੍ਰਾਮ ਤਾਜ਼ੀਆਂ ਸਬਜ਼ੀਆਂ ਆਪਣੀ ਖੁਰਾਕ ਵਿੱਚ ਸ਼ਾਮਲ ਕਰਨੀ ਚਾਹੀਦੀਆਂ ਹਨ।
ਉਨ੍ਹਾਂ ਨੇ ਜਾਗਰੂਕਤਾ ਫੈਲਾਉਂਦਿਆਂ ਦੱਸਿਆ ਕਿ ਬਾਜ਼ਾਰ ਵਿੱਚ ਉਪਲਬਧ ਬਹੁਤ ਸਾਰੀਆਂ ਸਬਜ਼ੀਆਂ ਤੇਜ਼ ਜ਼ਹਿਰਾਂ ਦੀ ਵਰਤੋਂ ਕਰਕੇ ਉਗਾਈਆਂ ਜਾਂਦੀਆਂ ਹਨ, ਜੋ ਮਨੁੱਖੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹਨ। ਇਸ ਲਈ ਘਰੇਲੂ ਬਗੀਚੀ ਨੂੰ ਅਪਨਾਉਣਾ ਸਮੇਂ ਦੀ ਲੋੜ ਹੈ। ਡਾ. ਰਤਨ ਨੇ ਦੱਸਿਆ ਕਿ ਘਰਾਂ ਵਿੱਚ ਸਬਜ਼ੀਆਂ ਉਗਾ ਕੇ ਨਾ ਸਿਰਫ਼ ਤਾਜ਼ਾ ਅਤੇ ਪੋਸ਼ਟਿਕ ਖੁਰਾਕ ਮਿਲੇਗੀ, ਸਗੋਂ ਆਰਥਿਕ ਲਾਭ ਵੀ ਪ੍ਰਾਪਤ ਹੋਵੇਗਾ।
ਉਨਾਂ ਦੱਸਿਆ ਕ ਬਾਗਬਾਨੀ ਵਿਭਾਗ ਵੱਲੋਂ ਹਰ ਸਾਲ ਸਰਦੀਆਂ ਅਤੇ ਗਰਮੀਆਂ ਲਈ ਸਬਜ਼ੀ ਬੀਜ ਕਿੱਟਾਂ ਤਿਆਰ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਸਬਜ਼ੀਆਂ ਦੇ ਬੀਜ ਅਤੇ ਬਿਜਾਈ ਸਬੰਧੀ ਜਾਣਕਾਰੀ ਦਿੱਤੀ ਹੁੰਦੀ ਹੈ। ਇਸ ਵੇਲੇ ਸਰਦ ਰੁੱਤ ਦੀਆਂ ਕਿੱਟਾਂ ਵਿੱਚ 9 ਤਰ੍ਹਾਂ ਦੇ ਸਬਜ਼ੀ ਬੀਜ ਸ਼ਾਮਲ ਹਨ।
ਡਾ. ਰਤਨ ਨੇ ਲੋਕਾਂ ਨੂੰ ਰਸਾਇਣਕ ਦਵਾਈਆਂ ਦੀ ਥਾਂ ਜੈਵਿਕ ਤਰੀਕਿਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵੱਲੋਂ ਘਰੇਲੂ ਤਰੀਕਿਆਂ ਨਾਲ ਕੀੜੇ-ਮਕੌੜਿਆਂ ਦੀ ਰੋਕਥਾਮ ਅਤੇ ਖ਼ਾਸ ਕਰਕੇ ਫਲ ਦੀ ਮੱਖੀ ਵਿਰੁੱਧ ਫਰੂਟ ਫਲਾਈ ਟ੍ਰੈਪ ਦੀ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ 1.25 ਕਨਾਲ ਖੇਤਰ ਵਿੱਚ ਫਲਾਂ ਦੀ ਘਰੇਲੂ ਬਗੀਚੀ ਤਿਆਰ ਕਰਨ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਕੈਂਪ ਦੇ ਅੰਤ ਵਿੱਚ ਸ਼੍ਰੀਮਤੀ ਹਰਪ੍ਰੀਤ ਕੌਰ, ਪ੍ਰੋਜੈਕਟ ਐਗਜ਼ੀਕਿਊਟਿਵ, ਅੰਬੂਜਾ ਫਾਊਂਡੇਸ਼ਨ ਨੇ ਹਾਜ਼ਰ ਔਰਤਾਂ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਅੰਬੂਜਾ ਫਾਊਂਡੇਸ਼ਨ ਵੱਲੋਂ ਹਾਜ਼ਰ ਔਰਤਾਂ ਨੂੰ ਸਰਦ ਰੁੱਤ ਦੀਆਂ ਸਬਜ਼ੀ ਬੀਜ ਕਿੱਟਾਂ ਮੁਫ਼ਤ ਵੰਡੀਆਂ ਗਈਆਂ। ਇਸ ਪ੍ਰੋਗਰਾਮ ਵਿੱਚ ਅੰਬੂਜਾ ਫਾਊਂਡੇਸ਼ਨ ਦੇ ਸੀਨੀਅਰ ਪ੍ਰੋਜੈਕਟ ਐਗਜ਼ੀਕਿਊਟਿਵ ਸ਼੍ਰੀ ਹਰਜਿੰਦਰ ਸਿੰਘ ਅਤੇ ਬਾਗਬਾਨੀ ਉਪ ਨਿਰੀਖਕ ਸ਼੍ਰੀ ਸੁਮੇਸ਼ ਕੁਮਾਰ ਵੀ ਹਾਜ਼ਰ ਸਨ।