ਬੰਦ ਕਰੋ

ਸਰਸ ਮੇਲੇ ਵਿਖੇ ਜਿਲ੍ਹਾ ਜੇਲ੍ਹ ਰੂਪਨਗਰ ਦੀਆਂ ਮਹਿਲਾ ਬੰਦੀਆਂ ਦਾ ਸਟਾਲ ਖਿੱਚ ਦਾ ਕੇਂਦਰ ਰਿਹਾ

ਪ੍ਰਕਾਸ਼ਨ ਦੀ ਮਿਤੀ : 28/10/2024
Female prisoners’s stall becomes center of attraction at Saras Mela

ਸਰਸ ਮੇਲੇ ਵਿਖੇ ਜਿਲ੍ਹਾ ਜੇਲ੍ਹ ਰੂਪਨਗਰ ਦੀਆਂ ਮਹਿਲਾ ਬੰਦੀਆਂ ਦਾ ਸਟਾਲ ਖਿੱਚ ਦਾ ਕੇਂਦਰ ਰਿਹਾ

ਸਟਾਲ ਲਈ ਮਹਿਲਾ ਬੰਦੀਆਂ ਵਲੋਂ ਬਣਾਈਆਂ ਗਈਆਂ ਵੱਖ-ਵੱਖ ਤਰ੍ਹਾਂ ਦੀਆਂ ਡਿਜ਼ਾਇਨਰ ਮੋਮਬੱਤੀਆਂ

ਜੇਲ੍ਹਾਂ ਵਿਚ ਜੀਵਨ ਬਸਰ ਕਰ ਰਹੇ ਬੰਦੀ ਵੀ ਸਾਡੇ ਸਮਾਜ ਦਾ ਹੀ ਇੱਕ ਹਿੱਸਾ

ਰੂਪਨਗਰ, 28 ਅਕਤੂਬਰ: ਆਪਣੇ ਆਪ ਵਿਚ ਇਕ ਵਿਲੱਖਣ ਉਪਰਾਲੇ ਤਹਿਤ ਸਰਸ ਮੇਲੇ ਵਿਖੇ ਜਿਲ੍ਹਾ ਜੇਲ੍ਹ ਰੂਪਨਗਰ ਦੀਆਂ ਮਹਿਲਾ ਬੰਦੀਆਂ ਨੂੰ ਸਵੈ ਰੁਜ਼ਗਾਰ ਦੇਣ ਦੇ ਮੰਤਵ ਤਹਿਤ ਸਟਾਲ ਲਗਾਇਆ ਗਿਆ ਜੋ ਕਿ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਰਿਹਾ।

ਸਰਸ ਮੇਲੇ ਵਿਖੇ ਲਗਾਇਆ ਗਿਆ ਇਹ ਸਟਾਲ ਇਕੋ ਕੰਜ਼ਰਵ ਫਾਊਂਡੇਸ਼ਨ ਸੰਸਥਾ (ਏ.ਸੀ.ਸੀ.ਪੀ ਕੋਪਸ) ਦੇ ਚੇਅਰਮੈਨ ਡਾ. ਦੀਪਕ ਸਿੰਗਲਾ, ਸੀ.ਈ.ਓ ਮੈਡਮ ਮੋਨਿਕਾ ਚਾਵਲਾ ਅਤੇ ਜ਼ੇਲ੍ਹ ਦੇ ਮੁੱਖ ਅਧਿਕਾਰੀ ਲਲਿਤ ਕੋਹਲੀ ਦੇ ਸਾਂਝੇ ਉਪਰਾਲੇ ਸਦਕਾ ਮਹਿਲਾ ਬੰਦੀਆਂ ਲਈ ਇਕ ਹਾਂ ਪੱਖੀ ਉਮੀਦ ਸਥਾਪਿਤ ਕਰਨ ਵਿਚ ਕਾਮਯਾਬ ਰਿਹਾ। ਇਸ ਸਟਾਲ ਲਈ ਮਹਿਲਾ ਬੰਦੀਆਂ ਵਲੋਂ ਬਣਾਈਆਂ ਗਈਆਂ ਵੱਖ-ਵੱਖ ਤਰ੍ਹਾਂ ਦੀਆਂ ਡਿਜ਼ਾਇਨਰ ਮੋਮਬੱਤੀਆਂ ਦੀ ਚੰਗੀ ਵਿਕਰੀ ਹੋਈ ਅਤੇ ਸ਼ਹਿਰ ਵਾਸੀਆਂ ਵਲੋਂ ਕਾਫੀ ਪਸੰਦ ਵੀ ਕੀਤਾ ਗਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਮੋਨਿਕਾ ਚਾਵਲਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਮਹਿਲਾ ਬੰਦੀਆਂ ਨੂੰ ਖਾਸ ਕਿਸਮ ਦੀਆਂ ਮੋਮਬੱਤੀਆਂ ਬਣਾਉਣ ਦੀ ਸਿਖਲਾਈ ਦਿੱਤੀ ਗਈ ਜਿਸ ਉਪਰੰਤ ਉਨ੍ਹਾਂ ਵਲੋਂ ਬਣਾਈਆਂ ਗਈਆਂ ਮੋਮਬੱਤੀਆਂ ਦੀ ਪ੍ਰਦਰਸ਼ਨੀ ਮੇਲੇ ਵਿਚ ਲਗਾਈ ਗਈ।

ਉਨ੍ਹਾਂ ਦੱਸਿਆ ਕਿ ਇਕੋ ਕੰਜ਼ਰਵ ਫਾਊਂਡੇਸ਼ਨ ਸੰਸਥਾ ਵਲੋਂ ਪਹਿਲਾ ਵੀ ਬੰਦੀਆਂ ਦੇ ਜੀਵਨ ਵਿਚ ਸੁਧਾਰ ਲਿਆਉਣ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਗਏ ਹਨ ਜਿਸ ਵਿਚ ਮੈਡੀਕਲ ਕੈਂਪ ਤੋਂ ਲੈਕੇ ਜੇਲ੍ਹ ਵਿਚ ਲਾਇਬ੍ਰੇਰੀ ਬਣਾਉਣਾ, ਮਹਿਲਾ ਅਤੇ ਪੁਰਸ਼ ਬੰਦੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਕਿੱਤਾ ਮੁੱਖੀ ਸਿਖਲਾਈ ਆਦਿ ਸ਼ਾਮਲ ਹਨ।

ਮੋਨਿਕਾ ਚਾਵਲਾ ਨੇ ਅੱਗੇ ਦੱਸਿਆ ਕਿ ਜੇਲ੍ਹਾਂ ਵਿਚ ਜੀਵਨ ਬਸਰ ਕਰ ਰਹੇ ਬੰਦੀ ਵੀ ਸਾਡੇ ਸਮਾਜ ਦਾ ਹੀ ਇੱਕ ਹਿੱਸਾ ਹਨ ਜਿਨ੍ਹਾਂ ਦੀ ਜੀਵਨ ਸ਼ੈਲੀ ਨੂੰ ਮੁੜ ਤੋਂ ਸਹੀ ਰਾਹ ਉਤੇ ਪਾਉਣ ਲਈ ਸਾਨੂੰ ਸਾਰਿਆਂ ਨੂੰ ਸੰਯੁਕਤ ਰੂਪ ਵਿਚ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਨਜ਼ਰਅੰਦਾਜ ਕੀਤੇ ਗਏ ਇਹ ਲੋਕ ਵੀ ਇੱਜ਼ਤ ਭਰੀ ਜ਼ਿੰਦਗੀ ਜਿਊਣ ਦੇ ਕਾਬਿਲ ਬਣ ਸਕਣ।

ਉਨ੍ਹਾਂ ਸਰਸ ਮੇਲੇ ਵਿਖੇ ਬੰਦੀ ਮਹਿਲਾਵਾਂ ਦੇ ਯਤਨਾਂ ਨੂੰ ਸਫਲ ਕਰਨ ਲਈ ਸਟਾਲ ਉਪਲਭਧ ਕਰਵਆਉਣ ਅਤੇ ਸਹਿਯੋਗ ਦੇਣ ਲਈ ਡਿਪਟੀ ਕਮਿਸ਼ਨਰ ਮੋਹਾਲੀ ਸ਼੍ਰੀਮਤੀ ਆਸ਼ਿਕਾ ਜੈਨ, ਏ.ਡੀ.ਜੀ.ਪੀ ਜੇਲ੍ਹ ਅਰੁਣਪਾਲ ਸਿੰਘ, ਆਈ.ਜੀ. ਰੂਪ ਕੁਮਾਰ ਅਰੋੜਾ, ਡੀ.ਆਈ.ਜੀ ਸੁਰਿੰਦਰ ਸਿੰਘ ਸੈਣੀ ਅਤੇ ਡਿਪਟੀ ਸੁਪਰਡੈਂਟ ਅਨਿਲ ਭੰਡਾਰੀ ਦਾ ਖਾਸ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਅੱਗੇ ਵੀ ਇਸ ਤਰ੍ਹਾਂ ਦੇ ਲੋਕ ਭਲਾਈ ਕਾਰਜ ਕੀਤੇ ਜਾਣਗੇ।