ਬੰਦ ਕਰੋ

ਸਰਕਾਰੀ ਹਸਪਤਾਲਾਂ ‘ਚ ਕੈਂਸਰ ਦੇ ਟੈਸਟ ਤੇ ਇਲਾਜ ਲਈ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਸਹੂਲਤਾਂ – ਸਿਵਲ ਸਰਜਨ 

ਪ੍ਰਕਾਸ਼ਨ ਦੀ ਮਿਤੀ : 10/03/2026
Special facilities being provided for cancer testing and treatment in government hospitals - Civil Surgeon

ਸਰਕਾਰੀ ਹਸਪਤਾਲਾਂ ‘ਚ ਕੈਂਸਰ ਦੇ ਟੈਸਟ ਤੇ ਇਲਾਜ ਲਈ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਸਹੂਲਤਾਂ – ਸਿਵਲ ਸਰਜਨ 

ਸਿਹਤ ਵਿਭਾਗ ਰੋਪੜ ਵੱਲੋਂ ‘ਕੈਂਸਰ ਵਿਰੁੱਧ ਜੰਗ’ ਜਾਗਰੂਕਤਾ ਮੁਹਿੰਮ ਸ਼ੁਰੂ

ਰੂਪਨਗਰ, 10 ਮਾਰਚ: ਜ਼ਿਲ੍ਹਾ ਸਿਹਤ ਵਿਭਾਗ ਰੂਪਨਗਰ ਵੱਲੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਜਲਦੀ ਪਛਾਣ ਅਤੇ ਇਲਾਜ ਸਬੰਧੀ ਜਾਗਰੂਕ ਕਰਨ ਲਈ ਕਮਿਊਨਿਟੀ ਹੈਲਥ ਅਫ਼ਸਰ ਅਤੇ ਏਐਨਐਮ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। 

ਇਸ ਮੌਕੇ ਸਿਵਲ ਸਰਜਨ ਰੋਪੜ ਡਾ. ਨਵਰੂਪ ਕੌਰ ਅਤੇ ਹੋਰ ਮਾਹਿਰ ਡਾਕਟਰਾਂ ਨੇ ਵੱਖ-ਵੱਖ ਤਰ੍ਹਾਂ ਦੇ ਕੈਂਸਰ ਦੇ ਲੱਛਣਾਂ ਅਤੇ ਬਚਾਅ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ। ਡਾ. ਨਵਰੂਪ ਕੌਰ ਨੇ ਦੱਸਿਆ ਕਿ ਕੈਂਸਰ ਦਾ ਨਾਮ ਸੁਣ ਕੇ ਡਰਨ ਦੀ ਲੋੜ ਨਹੀਂ ਹੈ ਬਲਕਿ ਸਮੇਂ ਸਿਰ ਜਾਂਚ ਕਰਵਾ ਕੇ ਇਲਾਜ਼ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਂਸਰ ਦਾ ਪਹਿਲੀ ਸਟੇਜ ‘ਤੇ ਪਤਾ ਲੱਗ ਜਾਵੇ ਤਾਂ ਇਸ ਦਾ ਮੁਕੰਮਲ ਇਲਾਜ ਸੰਭਵ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਕੈਂਸਰ ਦੇ ਟੈਸਟ ਅਤੇ ਇਲਾਜ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਸ਼ੱਕੀ ਲੱਛਣ ਨੂੰ ਨਜ਼ਰਅੰਦਾਜ਼ ਨਾ ਕਰਨ। 

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ 14 ਸਾਲ ਦੀਆਂ ਲੜਕੀਆਂ ਲਈ ਇੱਕ ਵਿਸ਼ੇਸ਼ ਐਚ.ਪੀ.ਵੀ. ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਵੈਕਸੀਨ ਉਨ੍ਹਾਂ ਲੜਕੀਆਂ ਨੂੰ ਲਗਾਈ ਜਾਵੇਗੀ ਜਿਨਾਂ ਦੀ ਉਮਰ 14 ਸਾਲ ਪੂਰੀ ਹੋ ਚੁੱਕੀ ਹੈ ਅਤੇ 15 ਸਾਲ ਪੂਰੇ ਨਹੀਂ ਹੋਏ ਹਨ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਔਰਤਾਂ ਵਿੱਚ ਸਭ ਤੋਂ ਵੱਧ ਛਾਤੀ ਦਾ ਕੈਂਸਰ ਪਾਇਆ ਜਾਂਦਾ ਹੈ ਦੂਸਰੇ ਨੰਬਰ ਤੇ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ।

ਮੂੰਹ ਦੇ ਕੈਂਸਰ ਬਾਰੇ ਗੱਲ ਕਰਦਿਆਂ ਡਾ. ਰਜਨੀਤ ਕੌਰ ਨੇ ਚੇਤਾਵਨੀ ਦਿੱਤੀ ਕਿ ਤੰਬਾਕੂ, ਬੀੜੀ, ਸਿਗਰਟ ਅਤੇ ਗੁਟਕੇ ਦਾ ਸੇਵਨ ਇਸ ਬਿਮਾਰੀ ਦਾ ਮੁੱਖ ਕਾਰਨ ਹੈ। ਇਸਦੇ ਲੱਛਣ ਮੂੰਹ ਵਿੱਚ ਅਜਿਹਾ ਜ਼ਖਮ ਜੋ ਲੰਬੇ ਸਮੇਂ ਤੋਂ ਠੀਕ ਨਾ ਹੋ ਰਿਹਾ ਹੋਵੇ, ਮੂੰਹ ਦਾ ਪੂਰਾ ਨਾ ਖੁੱਲ੍ਹਣਾ ਜਾਂ ਚਿੱਟੇ/ਲਾਲ ਰੰਗ ਦੇ ਧੱਬੇ ਪੈਣਾ ਆਦਿ ਹਨ। ਉਨ੍ਹਾਂ ਕਿਹਾ ਕਿ ਹਰ ਛੇ ਮਹੀਨੇ ਬਾਅਦ ਆਪਣੇ ਦੰਦਾਂ ਅਤੇ ਮੂੰਹ ਦੀ ਜਾਂਚ ਜ਼ਰੂਰ ਕਰਵਾਓ। ਨਸ਼ਿਆਂ ਤੋਂ ਦੂਰ ਰਹਿ ਕੇ ਅਸੀਂ ਇਸ ਖਤਰਨਾਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

ਔਰਤਾਂ ਵਿੱਚ ਛਾਤੀ ਦੇ ਵੱਧ ਰਹੇ ਕੈਂਸਰ ਦੇ ਮਾਮਲਿਆਂ ‘ਤੇ ਚਿੰਤਾ ਪ੍ਰਗਟ ਕਰਦਿਆਂ ਡਾ. ਰਮਨਪ੍ਰੀਤ ਕੌਰ ਨੇ ਦੱਸਿਆ ਕਿ ਔਰਤਾਂ ਨੂੰ ਆਪਣੇ ਸਰੀਰ ਦੀ ਖੁਦ ਜਾਂਚ ਕਰਨੀ ਚਾਹੀਦੀ ਹੈ। ਜੇਕਰ ਛਾਤੀ ਵਿੱਚ ਕੋਈ ਗੰਢ, ਅਸਧਾਰਨ ਸੋਜ ਜਾਂ ਰਿਸਾਅ ਮਹਿਸੂਸ ਹੋਵੇ ਤਾਂ ਤੁਰੰਤ ਮਾਹਿਰ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਬੱਚੇਦਾਨੀ ਦੇ ਮੂੰਹ ਦਾ ਕੈਂਸਰ ਬਾਰੇ ਉਨ੍ਹਾਂ ਦੱਸਿਆ ਕਿ ਇਸ ਕੈਂਸਰ ਦੇ ਬਚਾਅ ਲਈ ‘ਪੈਪ ਸਮੀਅਰ’ ਟੈਸਟ ਬਹੁਤ ਜ਼ਰੂਰੀ ਹੈ। 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਇਹ ਟੈਸਟ ਨਿਯਮਿਤ ਤੌਰ ‘ਤੇ ਕਰਵਾਉਣਾ ਚਾਹੀਦਾ ਹੈ। ਛੋਟੀ ਉਮਰ ਦੀਆਂ ਲੜਕੀਆਂ ਲਈ ਇਸ ਦੇ ਬਚਾਅ ਵਾਸਤੇ ਵੈਕਸੀਨ ਵੀ ਉਪਲਬਧ ਹੈ।

ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਡੌਲੀ ਸਿੰਗਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਿੰਡ ਪੱਧਰ ‘ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹਰ ਨਾਗਰਿਕ ਤੱਕ ਸਰਕਾਰੀ ਸਿਹਤ ਸਕੀਮਾਂ ਦਾ ਲਾਭ ਪਹੁੰਚਾਉਣਾ ਹੈ। ਆਯੁਸ਼ਮਾਨ ਭਾਰਤ ਯੋਜਨਾ ਤਹਿਤ ਕੈਂਸਰ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਵੀ ਯਕੀਨੀ ਬਣਾਇਆ ਜਾ ਰਿਹਾ ਹੈ। 

ਉਨ੍ਹਾਂ ਦੱਸਿਆ ਕਿ ਕੈਂਸਰ ਤੋਂ ਬਚਾਅ ਲੁਇਬਨਸ਼ਿਆਂ ਅਤੇ ਤੰਬਾਕੂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪੌਸ਼ਟਿਕ ਖੁਰਾਕ ਅਤੇ ਰੋਜ਼ਾਨਾ ਕਸਰਤ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।ਕਿਸੇ ਵੀ ਤਰ੍ਹਾਂ ਦੀ ਅਸਧਾਰਨ ਗੰਢ ਜਾਂ ਦਰਦ ਹੋਣ ‘ਤੇ ਤੁਰੰਤ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ। 

ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਗੁਰਮੀਤ ਕੌਰ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਰਵਿੰਦਰ ਸਿੰਘ ਅਤੇ ਐਸ.ਟੀ.ਐਸ. ਇੰਦਰਜੀਤ ਸਿੰਘ ਹਾਜ਼ਰ ਸਨ।