ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਅਟਲ ਟਿੰਕਰਿੰਗ ਲੈਬ ਰਾਹੀਂ ਕਰਨਗੇ ਆਧੁਨਿਕ ਤਕਨੋਲਜੀ ਨਾਲ ਸਿੱਖਿਆ ਪ੍ਰਾਪਤ -ਡਿਪਟੀ ਕਮਿਸਨਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਅਟਲ ਟਿੰਕਰਿੰਗ ਲੈਬ ਰਾਹੀਂ ਕਰਨਗੇ ਆਧੁਨਿਕ ਤਕਨੋਲਜੀ ਨਾਲ ਸਿੱਖਿਆ ਪ੍ਰਾਪਤ -ਡਿਪਟੀ ਕਮਿਸਨਰ
ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਅਤੇ ਪਹਿਚਾਣ ਏਕ ਸਫ਼ਰ ਐਨਜੀਓ ਵਿਚਕਾਰ ਇਕਰਾਰ-ਨਾਮਾ ਕਰਦਿਆਂ ਬੱਚਿਆਂ ਨੂੰ ਸਿਖਾਉਣ ਲਈ ਟੀਚਰ ਟਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ
ਜ਼ਿਲ੍ਹੇ ਦੇ 9 ਸਰਕਾਰੀ ਸਕੂਲਾਂ ਵਿੱਚ ਬੰਦ ਪਈਆਂ ਅਟਲ ਟਿੰਕਰਿੰਗ ਲੈਬਾਂ ਨੂੰ ਮੁੜ ਕੀਤਾ ਜਾਵੇਗਾ ਚਾਲੂ
ਰੂਪਨਗਰ, 12 ਸਤੰਬਰ: ਭਾਰਤ ਸਰਕਾਰ ਦੇ ਅਟਲ ਇਨੋਵੇਸ਼ਨ ਮਿਸ਼ਨ ਦੁਆਰਾ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀਆਂ ਗਈਆਂ ਅਟਲ ਟਿੰਕਰਿੰਗ ਲੈਬ ਨੂੰ ਦੁਆਰਾ ਮੁੜ ਚਾਲੂ ਕਰਵਾਉਣ ਲਈ ਅਤੇ ਬੱਚਿਆਂ ਨੂੰ ਆਧੁਨਿਕ ਤਕਨੋਲਜੀ ਦੇ ਨਾਲ ਸਿਖਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਨੇ ਪਹਿਚਾਣ ਏਕ ਸਫ਼ਰ (ਐਨਜੀਓ ਆਈਆਈਟੀ ਰੋਪੜ) ਦੇ ਨਾਲ ਇਕਰਾਰ-ਨਾਮਾ ਕਰਦਿਆਂ ਬੱਚਿਆਂ ਨੂੰ ਸਿਖਾਉਣ ਲਈ ਟੀਚਰ ਟਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ।
ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਤਹਿਤ ਜ਼ਿਲ੍ਹੇ ਦੇ 9 ਸਰਕਾਰੀ ਸਕੂਲਾਂ ਵਿੱਚ ਮੌਜ਼ੂਦ ਇਨ੍ਹਾਂ ਲੈਬਾਂ, ਜੋ ਕਿ ਪਿਛਲੇ ਸਮੇਂ ਤੋਂ ਬੰਦ ਪਈਆਂ ਹਨ, ਨੂੰ ਦੁਬਾਰਾ ਚਾਲੂ ਕਰਕੇ ਵਿਦਿਆਰਥੀਆਂ ਨੂੰ ਆਧੁਨਿਕ ਤਰੀਕੇ ਨਾਲ ਸਿਖਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਟ੍ਰੇਨਿੰਗ ਬੈਚ ਵਿੱਚ 60 ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਸਿਖਿਆਰਥੀਆਂ ਦੇ ਮਨਾਂ ਵਿੱਚ ਉਤਸੁਕਤਾ, ਰਚਨਾਤਮਕਤਾ ਅਤੇ ਕਲਪਨਾ ਨੂੰ ਹੋਰ ਜਿਆਦਾ ਉਤਸ਼ਾਹਿਤ ਕਰਨਾ ਹੈ ਅਤੇ ਡਿਜ਼ਾਈਨ ਮਾਨਸਿਕਤਾ, ਕੰਪਿਊਟੇਸ਼ਨਲ ਸੋਚ, ਅਨੁਕੂਲ ਸਿੱਖਣ, ਭੌਤਿਕ ਕੰਪਿਊਟਿੰਗ ਆਦਿ ਵਰਗੇ ਹੁਨਰ ਪੈਦਾ ਕਰਨਾ ਹੈ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਸਮਝੌਤੇ ਤਹਿਤ ਪਹਿਚਾਣ ਏਕ ਸਫ਼ਰ (ਐਨਜੀਓ ਆਈਆਈਟੀ ਰੋਪੜ) ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਦਿੱਤੀ ਜਾਣ ਵਾਲੀ ਟ੍ਰੇਨਿੰਗ ਬਾਰੇ ਦੱਸਿਆ ਕਿ ਇਸ ਵਿੱਚ ਅਧਿਆਪਕਾਂ ਨੂੰ ਐਡਵਾਂਸ ਟੈਕਨਾਲੋਜੀ ਜਿਵੇਂ ਕਿ ਕੋਡਿੰਗ, ਡਰੋਨ, ਆਰਟੀਫੀਸ਼ੀਅਲ ਇੰਟੈਲੀਜੈਂਸ ਆਦਿ ਬਾਰੇ ਸਿਖਾਇਆ ਜਾਵੇਗਾ ਅਤੇ ਇਹ ਟ੍ਰੇਨਿੰਗ ਲੱਗਭਗ 3 ਮਹੀਨੇ ਦੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤੋਂ ਬਾਅਦ ਹਰ ਅਟਲ ਟਿੰਕਰਿੰਗ ਲੈਬ ਨੂੰ ਕਾਰਜਸ਼ੀਲ ਬਣਾਇਆ ਜਾਵੇਗਾ ਅਤੇ ਜਿਹੜੇ ਸਕੂਲਾਂ ਵਿੱਚ ਇਹ ਲੈਬ ਨਹੀਂ ਹੈ ਉਸ ਸਕੂਲ ਦੇ ਵਿਦਿਆਰਥੀਆਂ ਨੂੰ ਨੇੜੇ ਦੀ ਅਟਲ ਟਿੰਕਰਿੰਗ ਲੈਬ ਦਾ ਦੌਰਾ ਕਰਵਾਇਆ ਜਾਵੇਗਾ।