ਸਰਕਾਰੀ ਪ੍ਰਾਇਮਰੀ ਸਕੂਲ ਮਗਰੋੜ ਦੇ ਵਿਦਿਆਰਥੀਆਂ ਵੱਲੋਂ ਆਯੁਸ਼ਮਾਨ ਆਰੋਗਿਆ ਕੇਂਦਰ ਦੀ ਸਾਂਝ ਨਾਲ ਸਿਹਤ ਤੇ ਸਫਾਈ ਸੰਬੰਧੀ ਜਾਗਰੂਕਤਾ ਰੈਲੀ ਕੱਢੀ

ਸਰਕਾਰੀ ਪ੍ਰਾਇਮਰੀ ਸਕੂਲ ਮਗਰੋੜ ਦੇ ਵਿਦਿਆਰਥੀਆਂ ਵੱਲੋਂ ਆਯੁਸ਼ਮਾਨ ਆਰੋਗਿਆ ਕੇਂਦਰ ਦੀ ਸਾਂਝ ਨਾਲ ਸਿਹਤ ਤੇ ਸਫਾਈ ਸੰਬੰਧੀ ਜਾਗਰੂਕਤਾ ਰੈਲੀ ਕੱਢੀ
ਰੂਪਨਗਰ, 11 ਅਪ੍ਰੈਲ: ਸਰਕਾਰੀ ਪ੍ਰਾਇਮਰੀ ਸਕੂਲ ਮਗਰੋੜ ਦੇ ਵਿਦਿਆਰਥੀਆਂ ਵੱਲੋਂ ਆਯੁਸ਼ਮਾਨ ਆਰੋਗਿਆ ਕੇਂਦਰ ਅਕਬਰਪੁਰ ਦੇ ਪੈਰਾਮੈਡੀਕਲ ਸਟਾਫ ਦੀ ਸਾਂਝ ਨਾਲ ਪਿੰਡ ਮਗਰੋੜ ਵਿੱਚ ਸਿਹਤ ਅਤੇ ਸਫਾਈ ਸੰਬੰਧੀ ਇੱਕ ਜਾਗਰੂਕਤਾ ਰੈਲੀ ਕੱਢੀ ਗਈ।
ਇਹ ਰੈਲੀ ਪਿੰਡ ਹੈਲਥ ਐਂਡ ਨਿਊਟ੍ਰੀਸ਼ਨ ਕਮੇਟੀ ਦੀ ਮੀਟਿੰਗ ਉਪਰੰਤ ਕੀਤੀ ਗਈ, ਜੋ ਕਿ ਸਰਪੰਚ ਜਗਜੀਤ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਪਿੰਡ ਦੀ ਸਿਹਤ ਸੰਬੰਧੀ ਜ਼ਰੂਰਤਾਂ ਅਤੇ ਚੁਣੌਤੀਆਂ ‘ਤੇ ਵਿਚਾਰ-ਵਟਾਂਦਰਾ ਹੋਇਆ ਅਤੇ ਰੈਲੀ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦਾ ਫੈਸਲਾ ਲਿਆ ਗਿਆ।
ਵਿਦਿਆਰਥੀਆਂ ਨੇ ਹੱਥਾਂ ਵਿੱਚ ਨਾਅਰੇ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ ਅਤੇ ਸਿਹਤ ਤੇ ਸਫਾਈ ਬਾਰੇ ਨਾਅਰੇ ਲਗਾਉਂਦੇ ਹੋਏ ਪਿੰਡ ਦੀਆਂ ਮੁੱਖ ਗਲੀਆਂ ਵਿਚ ਰੈਲੀ ਕੱਢੀ। ਆਯੁਸ਼ਮਾਨ ਆਰੋਗਿਆ ਕੇਂਦਰ ਅਕਬਰਪੁਰ ਦੀ ਪੈਰਾਮੈਡੀਕਲ ਟੀਮ ਨੇ ਲੋਕਾਂ ਨੂੰ ਸਾਫ ਪਾਣੀ ਦੀ ਵਰਤੋਂ, ਹੱਥ ਧੋਣ, ਟੀਕਾਕਰਨ ਅਤੇ ਖੁਲੇ ਵਿੱਚ ਸ਼ੌਚ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ। ਇਸ ਰੈਲੀ ਵਿੱਚ ਪਿੰਡ ਦੇ ਸਰਪੰਚ ਜਗਜੀਤ ਸਿੰਘ ਅਤੇ ਪੰਚ ਹਰਸਿਮਰਨਜੀਤ ਸਿੰਘ, ਸਤਵਿੰਦਰ ਸਿੰਘ, ਸੰਦੀਪ ਕੌਰ ਅਤੇ ਲਵਪ੍ਰੀਤ ਕੌਰ ਨੇ ਭਾਗ ਲਿਆ ਅਤੇ ਪਿੰਡ ਵਾਸੀਆਂ ਨੂੰ ਸਫਾਈ ਲਈ ਪ੍ਰੇਰਿਤ ਕੀਤਾ।
ਕਮਿਊਨਿਟੀ ਹੈਲਥ ਅਫਸਰ ਗੁਰਵਿੰਦਰ ਕੌਰ, ਹੈਲਥ ਵਰਕਰ ਵੀਨਾ ਰਾਣੀ, ਹਰਜੀਤ ਸਿੰਘ, ਅਤੇ ਆਸ਼ਾ ਵਰਕਰ ਚਰਨਜੀਤ ਕੌਰ ਨੇ ਘਰ-ਘਰ ਜਾ ਕੇ ਪੋਸ਼ਣ ਅਤੇ ਸਫਾਈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਨੇ ਕਿਹਾ ਕਿ ਇਹ ਜਾਗਰੂਕਤਾ ਰੈਲੀ ਪਿੰਡ ਦੀ ਸਿਹਤ ਸੰਬੰਧੀ ਸੋਚ ‘ਚ ਸੁਧਾਰ ਲਿਆਉਣ ਵੱਲ ਇਕ ਸਰਾਹਣਯੋਗ ਕਦਮ ਹੈ। ਇਨ੍ਹਾਂ ਗਤੀਵਿਧੀਆਂ ਰਾਹੀਂ ਲੋਕ ਸਿਰਫ਼ ਜਾਣਕਾਰੀ ਹੀ ਨਹੀਂ ਲੈਂਦੇ, ਸਗੋਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੀ ਸਿਹਤਮੰਦ ਅਭਿਆਸਾਂ ਨੂੰ ਅਪਣਾਉਂਦੇ ਹਨ।
ਸਕੂਲ ਦੇ ਮੁੱਖ ਅਧਿਆਪਕ ਫੁਲੇਸ਼ਵਰ ਸਿੰਘ ਨੇ ਆਪਣੇ ਵਿਚਾਰ ਸ਼ੇਅਰ ਕਰਦੇ ਹੋਏ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਵੀ ਲਾਜ਼ਮੀ ਹੈ। ਸਾਡੀਆਂ ਬੱਚੀਆਂ ਨੇ ਜੋਸ ਤੇ ਜ਼ਿੰਮੇਵਾਰੀ ਨਾਲ ਰੈਲੀ ਵਿੱਚ ਭਾਗ ਲੈ ਕੇ ਸਫਾਈ ਅਤੇ ਸਿਹਤ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ, ਇਹ ਸਾਡੇ ਲਈ ਮਾਣ ਦੀ ਗੱਲ ਹੈ।
ਇਹ ਰੈਲੀ ਪਿੰਡ ਵਾਸੀਆਂ ਵੱਲੋਂ ਖੂਬ ਸਰਾਹੀ ਗਈ ਅਤੇ ਇਸ ਨੇ ਸਮੂਹ ਪਿੰਡ ਵਿੱਚ ਸਿਹਤ ਤੇ ਸਫਾਈ ਨੂੰ ਲੈ ਕੇ ਨਵੀਂ ਚੇਤਨਾ ਪੈਦਾ ਕੀਤੀ।