ਬੰਦ ਕਰੋ

ਸਰਕਾਰੀ ਕਾਲਜ ਰੋਪੜ ਵਿਖੇ ਕੈਟ ਦੀ ਮੁਫ਼ਤ ਟ੍ਰੇਨਿੰਗ ਲਈ ਲੜਕੀਆਂ ਨੂੰ ਕੀਤਾ ਜਾਗਰੂਕ

ਪ੍ਰਕਾਸ਼ਨ ਦੀ ਮਿਤੀ : 21/03/2025
Girls made aware of free CAT training at Government College Ropar

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਸਰਕਾਰੀ ਕਾਲਜ ਰੋਪੜ ਵਿਖੇ ਕੈਟ ਦੀ ਮੁਫ਼ਤ ਟ੍ਰੇਨਿੰਗ ਲਈ ਲੜਕੀਆਂ ਨੂੰ ਕੀਤਾ ਜਾਗਰੂਕ

ਰੂਪਨਗਰ, 21 ਮਾਰਚ: ਪੰਜਾਬ ਹੁਨਰ ਵਿਕਾਸ ਮਿਸ਼ਨ ਰੂਪਨਗਰ ਵੱਲੋਂ ਅੱਜ ਪ੍ਰਿੰਸੀਪਲ ਸਰਕਾਰੀ ਕਾਲਜ ਰੂਪਨਗਰ ਸ. ਜਤਿੰਦਰ ਸਿੰਘ ਗਿੱਲ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਰੂਪਨਗਰ ਵਿਖੇ ਪੰਜਾਬ 100 ਮਿਸ਼ਨ ਸਬੰਧੀ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਬਲਾਕ ਮਿਸ਼ਨ ਮੈਨੇਜਰ, ਪੀ.ਐਸ.ਡੀ.ਐਮ ਰੂਪਨਗਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਸੋਨੀ ਗੋਇਲ, ਆਈ.ਆਈ.ਐਮ, ਅਹਿਮਦਾਬਾਦ, ਡਾਇਰੈਕਟਰ ਐਂਡ ਫਾਊਂਡਰ ਪਰਿਆਸ ਅਤੇ ਪੰਜਾਬ 100 ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ। ਉਨ੍ਹਾਂ ਵੱਲੋਂ ਇਸ ਮੌਕੇ ਮੌਜੂਦ ਵਿਦਿਆਰਥਣਾਂ ਨੂੰ ਪੰਜਾਬ 100 ਸੀਜ਼ਨ-03 ਬਾਰੇ ਵਿਸਥਾਰ ਨਾਲ ਸਮਝਾਇਆ ਗਿਆ ਅਤੇ ਦੱਸਿਆ ਗਿਆ ਕਿ ਇਹ ਮਿਸ਼ਨ ਪੰਜਾਬ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀਆਂ ਵਿਦਿਆਰਥਣਾਂ ਦੇ ਸਸ਼ਕਤੀਕਰਨ ‘ਤੇ ਕੇਂਦ੍ਰਿਤ ਇੱਕ ਪਹਿਲ ਹੈ। ਪੰਜਾਬ 100 ਵੱਲੋਂ 100 ਯੋਗ ਵਿਦਿਆਰਥਣਾਂ ਨੂੰ ਦੇਸ਼ ਦੇ ਆਈਆਈਐਮ ਅਤੇ ਹੋਰ ਪ੍ਰਮੁੱਖ ਬਿਜ਼ਨਸ ਸਕੂਲਾਂ ਵਿੱਚ ਦਾਖਲਾ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਮੁਫ਼ਤ ਕੈਟ ਕੋਚਿੰਗ ਮਿਲੇਗੀ।

ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਤਹਿਤ ਮੁਫ਼ਤ ਸਿਖਲਾਈ ਦਾ ਲਾਭ ਲੈਣ ਲਈ ਅਪਲਾਈ ਕਰਨ ਦੀ ਆਖਰੀ ਮਿਤੀ 29 ਮਾਰਚ ਹੈ ਅਤੇ ਇਸਦੀ ਦਾਖਲਾ ਪ੍ਰੀਖਿਆ 30 ਮਾਰਚ ਨੂੰ ਹੋਵੇਗੀ। ਪ੍ਰੀਖਿਆ ਵਿੱਚ ਚੁਣੇ ਜਾਣ ਵਾਲੇ ਵਿਦਿਆਰਥੀਆਂ ਦੇ 13 ਅਪ੍ਰੈਲ ਤੋਂ ਬੈਚ ਸ਼ੁਰੂ ਹੋਣਗੇ।

ਗੁਰਪ੍ਰੀਤ ਸਿੰਘ, ਬਲਾਕ ਮਿਸ਼ਨ ਮੈਨੇਜਰ, ਪੀ.ਐਸ.ਡੀ.ਐਮ, ਰੂਪਨਗਰ ਵੱਲੋਂ ਵੱਧ ਤੋਂ ਵੱਧ ਵਿਦਿਆਰਥਣਾਂ ਨੂੰ ਇਸ ਸੁਨਹਿਰੇ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਮਰਾ ਨੰਬਰ 9, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗਰਾਊਂਡ ਫਲੋਰ, ਡੀ.ਸੀ.ਕੰਪਲੈਕਸ, ਰੂਪਨਗਰ ਵਿਖੇ ਕਿਸੇ ਵੀ ਦਫ਼ਤਰੀ ਕੰਮ ਵਾਲੇ ਦਿਨ ਪਹੁੰਚ ਕੀਤੀ ਜਾ ਸਕਦੀ ਹੈ।

ਇਸ ਮੌਕੇ ਪੀ.ਐਸ.ਡੀ.ਐਮ ਮਿਸ਼ਨ ਰੂਪਨਗਰ ਤੋਂ ਨਿਕਿਤਾ ਸਿੰਘ ਅਤੇ ਸ਼ਿਵਾਨੀ ਸ਼ਰਮਾ, ਪ੍ਰੋ. ਲਵਪ੍ਰੀਤ ਕੌਰ ਵੱਲੋਂ ਵੀ ਆਪਣਾ ਯੋਗਦਾਨ ਪਾਇਆ ਗਿਆ।