ਸਬ-ਡਵੀਜਨ ਪੱਧਰ ਤੇ ਨਾਟਕ ਮੁਕਾਬਲੇ ਡੀ.ਏ.ਵੀ. ਸਕੂਲ ਰੂਪਨਗਰ ਵਿਖੇ 25 ਜੁਲਾਈ ਨੂੰ ਹੋਣਗੇ – ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
‘ਯੁੱਧ ਨਸ਼ਿਆਂ ਵਿਰੁੱਧ’
ਸਬ-ਡਵੀਜਨ ਪੱਧਰ ਤੇ ਨਾਟਕ ਮੁਕਾਬਲੇ ਡੀ.ਏ.ਵੀ. ਸਕੂਲ ਰੂਪਨਗਰ ਵਿਖੇ 25 ਜੁਲਾਈ ਨੂੰ ਹੋਣਗੇ – ਡਿਪਟੀ ਕਮਿਸ਼ਨਰ
ਰੂਪਨਗਰ, 16 ਜੁਲਾਈ: “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਵਿਲੱਖਣ ਪਹਿਲ ਕਰਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਨਾਟਕ ਮੁਕਾਬਲੇ ਕਰਵਾਏ ਜਾ ਰਹੇ ਹਨ, ਇਸੇ ਲੜੀ ਅਧੀਨ ਸਬ- ਡਵੀਜਨ ਪੱਧਰ ਤੇ ਮੁਕਾਬਲੇ 25 ਜੁਲਾਈ 2025 ਨੂੰ ਸਵੇਰੇ 09 ਵਜੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਆਡੋਟੋਰੀਅਮ ਵਿਚ ਨਾਟਕਾਂ ਦੀ ਪੇਸ਼ਕਾਰੀਆਂ ਕਰਵਾਈਆਂ ਜਾਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਇਨ੍ਹਾਂ ਨਾਟਕਾਂ ਦੀ ਪੇਸ਼ਕਾਰੀਆਂ ਵਿਚੋਂ ਅਵੱਲ ਪੇਸ਼ਕਾਰੀਆਂ ਦੀ ਚੋਣ ਲਈ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜਿਸ ਵਿੱਚ ਚੇਅਰਮੈਨ ਉਪ ਮੰਡਲ ਮੈਜਿਸਟਰੇਟ ਰੂਪਨਗਰ ਡਾ. ਸੰਜੀਵ ਕੁਮਾਰ, ਪ੍ਰੋਫੈਸਰ ਪੰਜਾਬੀ ਵਿਭਾਗ ਸਰਕਾਰੀ ਕਾਲਜ ਰੂਪਨਗਰ ਡਾ. ਜਤਿੰਦਰ ਕੁਮਾਰ, ਸੈਂਟਰ ਹੈਡ ਟੀਚਰ, ਸਰਕਾਰੀ ਪ੍ਰਾਇਮਰੀ ਸਕੂਲ ਅਮਰਾਲੀ ਸ. ਗੁਰਚਰਨ ਸਿੰਘ, ਪ੍ਰਾਇਮਰੀ ਟੀਚਰ ਸ.ਸ.ਸ ਸਕੂਲ ਫੁਲਪੁਰ ਗਰੇਵਾਲ ਸ਼੍ਰੀ ਰਮਨ ਮਿੱਤਲ ਅਤੇ ਪੰਜਾਬੀ ਅਧਿਆਪਕ ਡੀ.ਏ.ਵੀ ਸ.ਸ. ਸਕੂਲ ਰੂਪਨਗਰ ਸ. ਇਕਬਾਲ ਸਿੰਘ (ਸਾਰੇ ਮੈਂਬਰ) ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵਲੋਂ ਨਾਟਕਾਂ ਦੀ ਪੇਸ਼ਕਾਰੀ ਦੀ ਜੱਜਮੈਂਟ ਲਈ ਹਰ ਇੱਕ ਜੱਜ ਵਲੋਂ 10 ਨੰਬਰਾਂ ਵਿੱਚੋਂ ਨਾਟਕ ਦੀ ਪੇਸ਼ਕਾਰੀ ਲਈ ਅੰਕ ਦਿੱਤੇ ਜਾਣਗੇ। ਇਨ੍ਹਾਂ ਅੰਕਾਂ ਦਾ ਅਧਾਰ ਪਾਤਰਾਂ ਦੀ ਭੇਸਭੂਸਾ, ਸੰਵਾਦ, ਮਾਹੋਲ ਚਿਤਰਣ ਆਦਿ ਨੂੰ ਅਧਾਰ ਬਣਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਸਿੰਘ ਵਾਲੀਆ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਲਿਆਉਣ ਲਈ ਜ਼ਿਲ੍ਹੇ ਵਿੱਚ ਬਹੁਤ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਜ਼ਿਲ੍ਹੇ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾ ਸਕੇ।
ਸ਼੍ਰੀ ਵਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਨ੍ਹਾਂ ਸਬ-ਡਵੀਜਨ ਪੱਧਰ ਦੇ ਮੁਕਾਬਲਿਆਂ ਤੋਂ ਬਾਅਦ 05 ਅਗਸਤ 2025 ਤੋਂ ਜ਼ਿਲ੍ਹਾ ਪੱਧਰ ਤੇ ਨਾਟਕਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਹਰੇਕ ਸਿੱਖਿਆ ਬਲਾਕ ਵਿੱਚ ਅਵੱਲ ਆਉਣ ਵਾਲੀਆਂ ਪੰਜ ਟੀਮਾਂ ਨੂੰ ਸਬ-ਡਵੀਜਨ ਪੱਧਰ ਉਸ ਤੋਂ ਬਾਅਦ ਜ਼ਿਲ੍ਹਾ ਪੱਧਰ ਤੇ 05 ਟੀਮਾਂ ਦੀ ਚੋਣ ਕੀਤੀ ਜਾਵੇਗੀ ਅਤੇ ਇਨ੍ਹਾਂ ਟੀਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਨ੍ਹਾਂ 04 ਟੀਮਾਂ ਵੱਲੋਂ 15 ਅਗਸਤ 2025 ਨੂੰ ਸਬ ਡਵੀਜ਼ਨ ਸ੍ਰੀ ਚਮਕੌਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਮੋਰਿੰਡਾ, ਨੰਗਲ ਅਤੇ ਟੀਮ ਵੱਲੋਂ ਜ਼ਿਲ੍ਹਾ ਰੂਪਨਗਰ ਪੱਧਰ ਤੇ ਕਰਵਾਏ ਜਾ ਰਹੇ ਸਮਾਗਮ ਵਿਚ ਪੇਸ਼ਕਾਰੀ ਕੀਤੀ ਜਾਵੇਗੀ।