ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ‘ਚ ਬੰਨ੍ਹਾ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਜੁਟੇ ਹੋਏ ਹਨ ਜ਼ਿਲ੍ਹਾ ਪ੍ਰਸ਼ਾਸਨ, ਫ਼ੌਜ ਅਤੇ ਆਮ ਲੋਕ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ‘ਚ ਬੰਨ੍ਹਾ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਜੁਟੇ ਹੋਏ ਹਨ ਜ਼ਿਲ੍ਹਾ ਪ੍ਰਸ਼ਾਸਨ, ਫ਼ੌਜ ਅਤੇ ਆਮ ਲੋਕ
ਰੂਪਨਗਰ ਜ਼ਿਲ੍ਹੇ ਦੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ,ਖਤਰੇ ਵਾਲੀ ਕੋਈ ਗੱਲ ਨਹੀਂ – ਡਿਪਟੀ ਕਮਿਸ਼ਨਰ
ਐੱਸਐੱਸਪੀ ਰੂਪਨਗਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਦਰਿਆਵਾਂ, ਨਹਿਰਾਂ ਜਾਂ ਸੂਇਆ ਦੇ ਨੇੜੇ ਨਾ ਜਾਣ ਦੀ ਅਪੀਲ
ਸ੍ਰੀ ਚਮਕੌਰ ਸਾਹਿਬ, 02 ਸਤੰਬਰ: ਰੂਪਨਗਰ ਜ਼ਿਲ੍ਹੇ ਵਿੱਚ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਨੇੜਲੇ ਤੇ ਸਤਲੁੱਜ ਦਰਿਆ ਦੇ ਨਾਲ ਲੱਗਦੇ ਪਿੰਡ ਦਾਊਦਪੁਰ ਤੇ ਫੱਸੇ ਆਦਿ ਥਾਵਾਂ ਤੇ ਪਾਣੀ ਦੇ ਤੇਜ ਵਹਾਅ ਕਾਰਨ ਬੰਨ ਨੁਕਸਾਨੇ ਗਏ ਸਨ, ਉਨ੍ਹਾਂ ਬੰਨ੍ਹਾ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ, ਫ਼ੌਜ ਅਤੇ ਆਮ ਲੋਕ ਲਗਾਤਾਰ ਜੁਟੇ ਹੋਏ ਹਨ ਤੇ ਇਨ੍ਹਾਂ ਬੰਨ੍ਹਾ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ, ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ, ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ਤੇ ਮੋਜ਼ੂਦ ਰਹੇ।
ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਬਹੁਤ ਜਿਆਦਾ ਬਰਸਾਤ ਹੋਣ ਤੇ ਭਾਖੜਾ ਡੈਮ ਵਿੱਚ ਪਾਣੀ ਜਿਆਦਾ ਹੋਣ ਕਾਰਨ ਸਤਲੁਜ ਦੇ ਵਿੱਚ ਪਾਣੀ ਛੱਡਿਆ ਗਿਆ ਸੀ ਤੇ ਇਸੇ ਕਾਰਨ ਇਹ ਬੰਨ ਨੁਕਸਾਨੇ ਗਏ ਸਨ।
ਉਨ੍ਹਾਂ ਦੱਸਿਆ ਕਿ ਉਦੋਂ ਤੋਂ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਹੰਭਲਾ ਮਾਰਦੇ ਹੋਏ ਦਿਨ ਰਾਤ ਕੰਮ ਕੀਤਾ ਤੇ ਹੁਣ ਇਥੇ ਫੌਜ ਦੀ ਤਕਨੀਕੀ ਟੀਮ ਵੀ ਆ ਚੁੱਕੀ ਹੈ ਤੇ ਇਨ੍ਹਾਂ ਦੇ ਇੰਜੀਨੀਅਰਿੰਗ ਦੇ ਆਧਾਰ ‘ਤੇ ਬੰਨ੍ਹ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਹੁਣ ਖਤਰੇ ਵਾਲੀ ਕੋਈ ਗੱਲ ਨਹੀਂ ਕਿਉੰਕਿ ਭਾਖੜਾ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਘੱਟ ਚੁੱਕਿਆ ਹੈ ਤੇ ਰੂਪਨਗਰ ਜ਼ਿਲ੍ਹੇ ਵਿੱਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ‘ਤੇ ਯਕੀਨ ਨਾ ਕੀਤਾ ਜਾਵੇ ਤੇ ਕੇਵਲ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਾਰੀ ਹਦਾਇਤਾਂ ਜਾਂ ਖ਼ਬਰ ਨੂੰ ਹੀ ਸੱਚ ਮੰਨਿਆ ਜਾਵੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਸੰਬਧੀ ਐਡਵਾਈਜਰੀ ਵੀ ਜਾਰੀ ਕੀਤੀ ਹੋਈ ਹੈ ਤੇ ਜਿਹੜੇ ਘਰ ਨਦੀਆਂ, ਨਹਿਰਾਂ ਜਾਂ ਦਰਿਆ ਦੇ ਬਿਲਕੁਲ ਨੇੜੇ ਹਨ, ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਜਾ ਚੁੱਕੀ ਹੈ ਤੇ ਕਿਸੇ ਵੀ ਪ੍ਰਕਾਰ ਦੀ ਐਮਰਜੈਂਸੀ ਦੌਰਾਨ ਤੁਰੰਤ ਹੈਲਪਲਾਈਨ ਨੰਬਰ 01881-221157 ਜਾਂ 112 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਨਿਵਾਸੀ ਦੀ ਸੁਰੱਖਿਆ ਲਈ ਦਿਨ-ਰਾਤ ਕੰਮ ਕਰ ਰਿਹਾ ਹੈ ਅਤੇ ਲੋਕਾਂ ਨੂੰ ਇਸ ਸੰਕਟਮਈ ਸਮੇਂ ਵਿੱਚ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।
ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਇਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਦਰਿਆਵਾਂ, ਨਹਿਰਾਂ ਜਾਂ ਸੂਇਆ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਆਈਏਐਸ ਅੰਡਰ ਟ੍ਰੇਨਿੰਗ ਅਭਿਮੰਨਿਊ ਮਲਿਕ, ਆਰਟੀਓ ਗੁਰਵਿੰਦਰ ਸਿੰਘ ਜੌਹਲ, ਐਸਡੀਐਮ ਅਮਰੀਕ ਸਿੰਘ ਸਿੱਧੂ, ਡੀਐਸਪੀ ਮਨਜੀਤ ਸਿੰਘ ਔਲਖ, ਕਾਰਜਕਾਰੀ ਇੰਜੀਨੀਅਰ ਮਾਇਨਿੰਗ ਤੁਸ਼ਾਰ ਗੋਇਲ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।