ਸਟਰੀਟ ਵੈਂਡਰ ਸਵਾਨਿਧੀ ਦੇ ਆਧਾਰ ਤੇ ਸਵੈ- ਨਿਰਭਰ ਹੋਣਗੇ – ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਸਟਰੀਟ ਵੈਂਡਰ ਸਵਾਨਿਧੀ ਦੇ ਆਧਾਰ ਤੇ ਸਵੈ- ਨਿਰਭਰ ਹੋਣਗੇ – ਡਿਪਟੀ ਕਮਿਸ਼ਨਰ
24 ਮਈ ਤੋਂ 02 ਜੂਨ ਤੱਕ ਨੰਗਲ ਦੇ ਵੱਖ-ਵੱਖ ਸਥਾਨਾਂ ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ
ਰੂਪਨਗਰ, 19 ਮਈ: ਸਟਰੀਟ ਵੈਂਡਰਾਂ ਨੂੰ (ਰੇਹੜੀ ਫੜ੍ਹੀ ਲਗਾਉਣ ਵਾਲੇ ਜਾਂ ਛੋਟੇ ਵਪਾਰੀ) ਸਵਾਨਿਧੀ ਦੇ ਆਧਾਰ ਤੇ ਸਵੈ- ਨਿਰਭਰ ਬਣਾਇਆ ਜਾਵੇਗਾ। ਆਪਣੀ ਅਤੇ ਆਪਣੇ ਪਰਿਵਾਰ ਦੀ ਜਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਸਵਾਨਿਧੀ ਸੇ ਸਮਰਿਧੀ ਕੈਂਪ ਵਿੱਚ ਸ਼ਮੂਲੀਅਤ ਜ਼ਰੂਰ ਕੀਤੀ ਜਾਵੇ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਸਵਾਨਿਧੀ ਸੇ ਸਮਰਿਧੀ ਕੈਂਪ ਲਗਾਉਣ ਸੰਬੰਧੀ ਕੀਤੀ ਗਈ ਮੀਟਿੰਗ ਦੌਰਾਨ ਕੀਤਾ ਗਿਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਵਾਨਿਧੀ ਸੇ ਸਮਰਿਧੀ ਇੱਕ ਬਹੁ-ਮੰਤਵੀ ਯੋਜਨਾ ਹੈ, ਜਿਸ ਦੇ ਤਹਿਤ ਪ੍ਰਧਾਨ ਮੰਤਰੀ ਸਵਾਨਿਧੀ ਦੇ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ਤੇ ਮਜਬੂਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਰੂਪਨਗਰ ਜ਼ਿਲ੍ਹੇ ਦੀ ਨਗਰ ਕੌਂਸਲ ਨੰਗਲ ਨੂੰ ਚੁਣਿਆ ਗਿਆ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਸਟਰੀਟ ਵੈਂਡਰ (ਰੇਹੜੀ ਫੜ੍ਹੀ ਲਗਾਉਣ ਵਾਲੇ ਜਾਂ ਛੋਟੇ ਵਪਾਰੀ) ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਪਲੇਟਫਾਰਮ ਤੋਂ ਕੇਂਦਰ ਸਰਕਾਰ ਦੀਆਂ 8 ਭਲਾਈ ਸਕੀਮਾਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਸ੍ਰਮ ਯੋਗੀ ਮਾਨਧਨ ਯੋਜਨਾ, ਪ੍ਰਧਾਨ ਮੰਤਰੀ ਜਨਨੀ ਸੁਰੱਖਿਆ ਯੋਜਨਾ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਇੱਕ ਦੇਸ਼ ਇੱਕ ਰਾਸ਼ਨ ਕਾਰਡ, ਬੀ.ਓ.ਸੀ.ਡਬਲਿਊ ਅਧੀਨ ਰਜਿਸਟ੍ਰੇਸ਼ਨ ਨਾਲ ਜੋੜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਮੰਤਵ ਲਈ ਜ਼ਿਲ੍ਹੇ ਦੀ ਨਗਰ ਕੌਂਸਲ ਨੰਗਲ ਦੇ ਵੱਖ-ਵੱਖ ਸਥਾਨਾਂ ਤੇ 24 ਮਈ ਤੋਂ 02 ਜੂਨ ਤੱਕ ਕੈਂਪ ਲਗਾਏ ਜਾਣਗੇ। ਜਿਸ ਵਿੱਚ 24 ਮਈ ਨੂੰ ਰੇਲਵੇ ਰੋਡ ਨੰਗਲ, 25 ਮਈ ਨੂੰ ਸੈਕਟਰ 2 ਰਾਮ ਲੀਲਾ ਗਰਾਊਂਡ ਨਯਾ ਨੰਗਲ, 26 ਮਈ ਨੂੰ ਨੇੜੇ ਚੀਫ਼ ਰੈਸਟੋਰੈਂਟ ਸਬਜੀ ਮੰਡੀ ਨੰਗਲ, 29 ਮਈ ਨੂੰ ਰਾਜ ਨਗਰ ਨੰਗਲ, 30 ਮਈ ਨੂੰ ਮੇਨ ਮਾਰਕੀਟ ਨੰਗਲ, 31 ਮਈ ਨੂੰ ਮਹਾਂਵੀਰ ਮਾਰਕੀਟ ਨੰਗਲ, 1 ਜੂਨ ਨੂੰ ਅੱਡਾ ਮਾਰਕੀਟ ਨੰਗਲ ਅਤੇ 2 ਜੂਨ ਨੂੰ ਇੰਦਰਾ ਨਗਰ ਨੰਗਲ ਵਿਖੇ ਇਹ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਇਹ ਵੀ ਦੱਸਿਆ ਜਾਵੇਗਾ ਕਿ ਅਰਜ਼ੀ ਫਾਰਮ ਕਿਵੇਂ ਭਰਨਾ ਹੈ, ਕਿਹੜੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ, ਸਕੀਮ ਦਾ ਲਾਭ ਕਿੱਥੋਂ ਮਿਲੇਗਾ ਆਦਿ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਅਤੇ ਇਸ ਸੰਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਦਫਤਰ ਨਗਰ ਕੋਂਸਲ, ਨੰਗਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਹਰਜੋਤ ਕੌਰ, ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਡਾ. ਨਵਰੀਤ, ਸਿਟੀ ਮੈਨੇਜਮੈਂਟ ਮੈਨੇਜਰ ਸ਼੍ਰੀ ਪਰਵੀਨ ਡੋਗਰਾ, ਸਿਟੀ ਲੈਵਲ ਨੋਡਲ ਅਫ਼ਸਰ ਸ਼੍ਰੀਮਤੀ ਜਸਵਿੰਦਰ ਕੌਰ, ਚੀਫ਼ ਮੈਡੀਕਲ ਤੋਂ ਡਾ. ਗਾਇਤਰੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸੁਰਿੰਦਰਪਾਲ ਸਿੰਘ, ਜ਼ਿਲ੍ਹਾ ਕਿਰਤ ਅਫ਼ਸਰ ਸ਼੍ਰੀ ਅਸ਼ੋਕ ਕੁਮਾਰ, ਕਾਰਜ ਸਾਧਕ ਅਫਸਰ ਨੰਗਲ ਸ. ਭੁਪਿੰਦਰ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।