ਵੋਟਰਾਂ ਨੂੰ ਸਪੀਡ ਪੋਸਟ ਰਾਹੀਂ ਭੇਜੇ ਜਾਣਗੇ ਵੋਟਰ ਸ਼ਨਾਖਤੀ ਕਾਰਡ: ਡਾ. ਪ੍ਰੀਤੀ ਯਾਦਵ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਵੋਟਰਾਂ ਨੂੰ ਸਪੀਡ ਪੋਸਟ ਰਾਹੀਂ ਭੇਜੇ ਜਾਣਗੇ ਵੋਟਰ ਸ਼ਨਾਖਤੀ ਕਾਰਡ: ਡਾ. ਪ੍ਰੀਤੀ ਯਾਦਵ
ਵੋਟਰ ਦੀ ਸਹੂਲਤ ਲਈ ਰਜਿਸਟਰਡ ਮੋਬਾਇਲ ਫ਼ੋਨ ਨੰਬਰ ‘ਤੇ ਇੱਕ ਮੈਸੇਜ ਵੀ ਭੇਜਿਆ ਜਾਵੇਗਾ
ਰੂਪਨਗਰ, 29 ਜੁਲਾਈ:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੋਟਰਾਂ ਨੂੰ ਉਨ੍ਹਾਂ ਦੇ ਵੋਟਰ ਸ਼ਨਾਖਤੀ ਕਾਰਡ ਇਲਾਕੇ ਦੇ ਸਬੰਧਤ ਬੂਥ ਲੈਵਲ ਅਫ਼ਸਰਾਂ ਰਾਹੀਂ ਨਹੀਂ ਬਲਕਿ ਉਨ੍ਹਾਂ ਦੇ ਘਰ ਦੇ ਪਤੇ ਤੇ ਡਾਕ ਵਿਭਾਗ ਰਾਹੀਂ ਸਪੀਡ ਪੋਸਟ ਜ਼ਰੀਏ ਭੇਜੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਬੂਥ ਪੱਧਰ ‘ਤੇ ਬੀ.ਐਲ.ਓਜ਼ ਵੱਲੋਂ ਵੋਟਰਾਂ ਨੂੰ ਮੈਨੂਅਲ ਢੰਗ ਨਾਲ ਵੋਟਰ ਸ਼ਨਾਖਤੀ ਕਾਰਡ ਵੰਡੇ ਜਾਣ ਦੀ ਬਜਾਏ ਹੁਣ ਵੋਟਰ ਸ਼ਨਾਖਤੀ ਕਾਰਡ ਸਪੀਡ ਪੋਸਟ ਰਾਹੀਂ ਵੋਟਰਾਂ ਨੂੰ ਘਰ-ਘਰ ਭੇਜੇ ਜਾਣਗੇ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਵੋਟਰ ਸੂਚੀ ਦੀ ਲਗਾਤਾਰ ਸਰਸਰੀ ਸੁਧਾਈ ਦੌਰਾਨ ਜੂਨ ਮਹੀਨੇ ਵਿੱਚ ਤਿਆਰ ਕੀਤੇ ਗਏ ਵੋਟਰ ਸ਼ਨਾਖਤੀ ਕਾਰਡਾਂ ਦੇ ਨਾਲ ਵੋਟਰ ਗਾਈਡ ਅਤੇ ਵੋਟਰ ਪ੍ਰਣ ਪੱਤਰ, ਚੋਣ ਹਲਕਿਆਂ ਦੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵੱਲੋਂ ਸਪੀਡ ਪੋਸਟ ਰਾਹੀਂ ਵੋਟਰਾਂ ਦੇ ਪਤੇ ਤੇ ਭੇਜੇ ਜਾ ਰਹੇ ਹਨ।
ਵੋਟਰ ਦੀ ਸਹੂਲਤ ਲਈ ਉਨ੍ਹਾਂ ਦੇ ਰਜਿਸਟਰਡ ਮੋਬਾਇਲ ਫ਼ੋਨ ਨੰਬਰ ‘ਤੇ ਇੱਕ ਮੈਸੇਜ਼ ਵੀ ਭੇਜਿਆ ਜਾਵੇਗਾ, ਜਿਸ ਨਾਲ ਵੋਟਰ ਨੂੰ ਆਪਣੇ ਵੋਟਰ ਕਾਰਡ ਦੀ ਸਥਿਤੀ ਨੂੰ ਟਰੈਕ ਕਰਨਾ ਵੀ ਆਸਾਨ ਹੋ ਜਾਵੇਗਾ ਅਤੇ ਵੋਟਰ ਨੂੰ ਆਪਣਾ ਵੋਟਰ ਸ਼ਨਾਖਤੀ ਕਾਰਡ ਪ੍ਰਾਪਤ ਕਰਨ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।