ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਜ਼ਿਲ੍ਹਾ ਹਸਪਤਾਲ ਰੂਪਨਗਰ ‘ਚ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਜ਼ਿਲ੍ਹਾ ਹਸਪਤਾਲ ਰੂਪਨਗਰ ‘ਚ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਰੂਪਨਗਰ, 9 ਅਕਤੂਬਰ: ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹਾ ਹਸਪਤਾਲ ਰੂਪਨਗਰ ਵਿਖੇ 26ਵੇਂ ਵਿਸ਼ਵ ਦ੍ਰਿਸ਼ਟੀ ਦਿਵਸ ਦੇ ਮੌਕੇ ‘ਤੇ “ ਆਪਣੀਆਂ ਅੱਖਾਂ ਨਾਲ ਪਿਆਰ ਕਰੋ” ਵਿਸ਼ੇ ਹੇਠ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੈਮੀਨਾਰ ਵਿੱਚ ਸਿਹਤ ਵਿਭਾਗ ਦੇ ਵੱਖ-ਵੱਖ ਪ੍ਰੋਗਰਾਮ ਅਫਸਰਾਂ, ਮਾਹਿਰ ਡਾਕਟਰਾਂ, ਪੈਰਾ ਮੈਡੀਕਲ ਸਟਾਫ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਵਿਸ਼ਵ ਦ੍ਰਿਸ਼ਟੀ ਦਿਵਸ ਦਾ ਮਕਸਦ ਲੋਕਾਂ ਵਿੱਚ ਅੱਖਾਂ ਦੀ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਸਮੇਂ ‘ਤੇ ਇਲਾਜ ਅਤੇ ਸੁਰੱਖਿਆ ਉਪਾਅ ਅਪਣਾ ਕੇ ਅੰਨ੍ਹੇਪਣ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਅਤੇ ਬੱਚਿਆਂ ਨੂੰ ਆਪਣੀਆਂ ਅੱਖਾਂ ਦਾ ਧਿਆਨ ਰੱਖਣ ਲਈ 20/20/20 ਨਿਯਮ ਦੀ ਪਾਲਣਾ ਅਪਣਾਉਣੀ ਚਾਹੀਦੀ ਹੈ, ਜਿਸ ਤਹਿਤ ਮੋਬਾਇਲ ਲੈਪਟਾਪ ਜਾਂ ਲਗਾਤਾਰ ਟੀਵੀ ਦੇਖਦੇ ਹੋਏ ਹਰ 20 ਮਿੰਟਾਂ ਬਾਅਦ 20 ਸੈਕਿੰਡ ਦੀ ਬ੍ਰੇਕ ਲੈਣੀ ਚਾਹੀਦੀ ਹੈ ਅਤੇ ਬ੍ਰੇਕ ਦੌਰਾਨ 20 ਫੁੱਟ ਦੂਰ ਪਈ ਵਸਤੂ ਨੂੰ ਵੇਖਣਾ ਚਾਹੀਦਾ ਹੈ। ਇਸ ਨਾਲ ਅੱਖਾਂ ਤੇ ਪੈਣ ਵਾਲੇ ਅਣਚਾਹੇ ਦਬਾਅ ਅਤੇ ਦਰਦ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਹੀ ਰੋਸ਼ਨੀ ਦੀ ਵਰਤੋਂ ਅਤੇ ਐਡਜਸਟਮੈਂਟ ਜਰੂਰੀ ਹੈ। ਕੰਮ ਕਰਦੇ ਹੋਏ ਜਾਂ ਪੜ੍ਹਨ ਵੇਲੇ ਅੱਖਾਂ ਨੂੰ ਵਾਰ-ਵਾਰ ਝਪਕਾਉਣਾ ਚਾਹੀਦਾ ਹੈ ਅਤੇ ਅੱਖਾਂ ਨੂੰ ਨਮ ਰੱਖਣ ਲਈ ਜਰੂਰਤ ਅਨੁਸਾਰ ਲੁਬਰੀਕੈਂਟ ਡਰੋਪ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਤਕਨਾਲੋਜੀ ਦੇ ਇਸ ਯੁੱਗ ਵਿੱਚ ਸਕ੍ਰੀਨ ਦੇ ਵੱਧ ਇਸਤੇਮਾਲ ਨਾਲ ਅੱਖਾਂ ਦੀਆਂ ਬਿਮਾਰੀਆਂ ਜਿਵੇਂ ਕਿ ਡ੍ਰਾਈ ਆਈ, ਮਾਇਓਪੀਆ, ਗਲੂਕੋਮਾ ਅਤੇ ਡਾਇਬੀਟੀਕ ਰੈਟੀਨੋਪੈਥੀ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਲਈ ਹਰ ਵਿਅਕਤੀ ਨੂੰ ਆਪਣੀ ਅੱਖਾਂ ਦੀ ਸਮੇਂ-ਸਮੇਂ ‘ਤੇ ਜਾਂਚ ਕਰਵਾਉਣੀ ਚਾਹੀਦੀ ਹੈ।
ਇਸ ਦੌਰਾਨ ਅੱਖਾਂ ਦੇ ਮਾਹਿਰ ਡਾ. ਰਨਿੰਗਾ ਗੀਰਾ ਨੇ ਕਿਹਾ ਕਿ ਇਸ ਸਾਲ ਦਾ ਥੀਮ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਿਵੇਂ ਅਸੀਂ ਆਪਣੀ ਦੇਹਿਕ ਸਿਹਤ ਦਾ ਖਿਆਲ ਰੱਖਦੇ ਹਾਂ, ਓਸੇ ਤਰ੍ਹਾਂ ਅੱਖਾਂ ਦੀ ਦੇਖਭਾਲ ਵੀ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦੀ ਸਿਹਤ ਲਈ ਸੰਤੁਲਿਤ ਖੁਰਾਕ, ਵਿੱਟਾਮਿਨ-ਏ ਵਾਲੇ ਭੋਜਨ ਜਿਵੇਂ ਕਿ ਗਾਜਰ, ਹਰੇ ਪੱਤੇਦਾਰ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਪੜ੍ਹਾਈ ਜਾਂ ਕੰਮ ਦੌਰਾਨ ਠੀਕ ਰੌਸ਼ਨੀ ਵਿੱਚ ਬੈਠਣਾ ਅਤੇ ਡਿਜਿਟਲ ਸਕ੍ਰੀਨਾਂ ਤੋਂ ਨਿਯਮਤ ਵਿਸ਼ਰਾਮ ਲੈਣਾ ਲਾਭਕਾਰੀ ਹੁੰਦਾ ਹੈ।
ਉਨ੍ਹਾਂ ਨੇ ਅੱਖਾਂ ਦੀਆਂ ਆਮ ਬਿਮਾਰੀਆਂ ਅਤੇ ਉਨ੍ਹਾਂ ਦੇ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਈ ਵਾਰ ਛੋਟੇ ਲੱਛਣਾਂ ਜਿਵੇਂ ਧੁੰਦਲਾ ਵੇਖਣਾ, ਅੱਖਾਂ ‘ਚ ਖੁਜਲੀ ਜਾਂ ਲਾਲੀ ਆਉਣਾ ਨੂੰ ਅਣਦੇਖਾ ਕਰ ਦਿੱਤਾ ਜਾਂਦਾ ਹੈ ਜੋ ਕਿ ਅੱਗੇ ਚੱਲ ਕੇ ਵੱਡੀ ਸਮੱਸਿਆ ਦਾ ਰੂਪ ਧਾਰ ਲੈਂਦਾ ਹੈ।
ਅੰਤ ਵਿੱਚ ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਅੱਖਾਂ ਦੀ ਸੰਭਾਲ ਨੂੰ ਦਿਨਚਰਿਆ ਦਾ ਹਿੱਸਾ ਬਣਾਉਣ ਤਾਂ ਕਿ ਹਰ ਵਿਅਕਤੀ ਸੋਹਣੀ ਤੇ ਸਿਹਤਮੰਦ ਦ੍ਰਿਸ਼ਟੀ ਨਾਲ ਜੀਵਨ ਦਾ ਆਨੰਦ ਲੈ ਸਕੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ‘ਤੇ ਅਜਿਹੇ ਜਾਗਰੂਕਤਾ ਕੈਂਪ ਸਮੇਂ-ਸਮੇਂ ‘ਤੇ ਕਰਵਾਏ ਜਾਂਦੇ ਰਹਿਣਗੇ ਤਾਂ ਜੋ ਅੰਨ੍ਹੇਪਣ ਨੂੰ ਰੋਕਿਆ ਜਾ ਸਕੇ ਅਤੇ ਹਰ ਨਾਗਰਿਕ ਤੰਦਰੁਸਤ ਦ੍ਰਿਸ਼ਟੀ ਦਾ ਹੱਕਦਾਰ ਬਣ ਸਕੇ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅੰਜਲੀ ਚੌਧਰੀ, ਸੀਨੀਅਰ ਮੈਡੀਕਲ ਅਫਸਰ ਡਾ. ਅਮਰਜੀਤ ਸਿੰਘ, ਸੀਨੀਅਰ ਮੈਡੀਕਲ ਅਫਸਰ ਜ਼ਿਲ੍ਹਾ ਹਸਪਤਾਲ ਰੂਪਨਗਰ ਡਾ. ਸਿਮਰਨਜੀਤ ਕੌਰ, ਜ਼ਿਲ੍ਹਾ ਡੈਂਟਲ ਸਿਹਤ ਅਫਸਰ ਡਾ. ਰਜਨੀਤ ਕੌਰ, ਜ਼ਿਲ੍ਹਾ ਐਪੀਡਮੋਜਿਸਟ ਡਾ. ਹਰਲੀਨ ਕੌਰ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ ਅਤੇ ਰੀਤੂ, ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ, ਅਜੇ ਕੁਮਾਰ ਅਤੇ ਕੰਪਿਊਟਰ ਸਤਿੰਦਰ ਸਿੰਘ ਹਾਜ਼ਰ ਸਨ।