ਵਿਸ਼ਵ ਗਲੋਕੋਮਾ (ਕਾਲਾ ਮੋਤੀਆ) ਜਾਗਰੂਕਤਾ ਹਫਤੇ ਦੇ ਸੰਬੰਧ ‘ਚ 14 ਮਾਰਚ ਤੱਕ ਲਗਾਏ ਜਾਣਗੇ ਅੱਖਾਂ ਦੇ ਮੁਫਤ ਜਾਂਚ ਕੈਂਪ
ਵਿਸ਼ਵ ਗਲੋਕੋਮਾ (ਕਾਲਾ ਮੋਤੀਆ) ਜਾਗਰੂਕਤਾ ਹਫਤੇ ਦੇ ਸੰਬੰਧ ‘ਚ 14 ਮਾਰਚ ਤੱਕ ਲਗਾਏ ਜਾਣਗੇ ਅੱਖਾਂ ਦੇ ਮੁਫਤ ਜਾਂਚ ਕੈਂਪ
ਰੂਪਨਗਰ, 09 ਮਾਰਚ: ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਵਿਸ਼ਵ ਗਲੋਕੋਮਾ ਜਾਗਰੂਕਤਾ ਹਫਤਾ “ਗਲਾਕੋਮਾ-ਮੁਕਤ ਵਿਸ਼ਵ ਲਈ ਇੱਕਜੁੱਟ” ਦੇ ਥੀਮ ਤਹਿਤ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਕਾਲੇ ਮੋਤੀਏ ਸੰਬੰਧੀ ਜਾਗਰੂਕਤਾ ਲਈ ਅੱਖਾਂ ਦੇ ਮੁਫਤ ਜਾਂਚ ਕੈਪ ਲਗਾਏ ਜਾਣਗੇ ਅਤੇ ਲੋਕਾਂ ਨੂੰ ਅੱਖਾਂ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾਵੇਗਾ।
ਡਾ. ਨਵਰੂਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵੱਲੋਂ ਰਾਸ਼ਟਰੀ ਅੰਨ੍ਹਾਪਣ ਰੋਕਥਾਮ ਪ੍ਰੋਗਰਾਮ ਤਹਿਤ 08 ਮਾਰਚ ਤੋਂ 14 ਮਾਰਚ 2026 ਮਨਾਇਆ ਜਾਵੇਗਾ, ਪੂਰੇ ਹਫਤੇ ਦੋਰਾਨ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਗਲੋਕੋਮਾ ਦੀ ਬਿਮਾਰੀ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਹਫ਼ਤੇ ਦੌਰਾਨ ਸਿਹਤ ਸੰਸਥਾਵਾਂ ਵਿੱਚ ਲਗਾਏ ਜਾਣ ਵਾਲੇ ਗਲੋਕੋਮਾ ਸਕਰੀਨਿੰਗ ਕੈਂਪਾਂ ਬਾਰੇ ਵੱਖ-ਵੱਖ ਮਾਧਿਆਮਾਂ ਰਾਹੀਂ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਕੈਂਪਾਂ ਵਿੱਚ ਭਾਗ ਲੈ ਕੇ ਆਪਣੀ ਜਾਂਚ ਕਰਵਾ ਸਕਣ।
ਉਨ੍ਹਾਂ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਗਲੋਕੋਮਾ ਦੇ ਇਲਾਜ ਲਈ ਐਨ.ਜੀ.ਓ. ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਆਸ਼ਾ ਵਰਕਰਾਂ ਅਤੇ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਸਿਹਤ ਸੰਸਥਾਵਾਂ ਵਿਖੇ ਆਉਣ ਵਾਲੇ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਰੋਗ ਦੇ ਮਰੀਜਾਂ ਨੂੰ ਅੱਖਾਂ ਦੀ ਜਾਂਚ ਹਿੱਤ ਪ੍ਰੇਰਿਤ ਕੀਤਾ ਜਾਵੇਗਾ
ਇਸ ਮੌਕੇ ਐਸ.ਐਮ.ਓ. ਸਿਵਲ ਹਸਪਤਾਲ ਰੂਪਨਗਰ ਡਾ. ਅੰਜਲੀ ਚੌਧਰੀ ਤੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਰਨਿੰਗਾ ਗਿਰਾ ਨੇ ਕਿਹਾ ਕਿ ਗਲੂਕੋਮਾ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਅੱਖ ਦੇ ਅੰਦਰ ਦਾ ਦਬਾਅ ਵੱਧ ਜਾਂਦਾ ਹੈ। ਇਹ ਵਧਿਆ ਹੋਇਆ ਦਬਾਅ ਅੱਖ ਦੀ ਮੁੱਖ ਨਾੜੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਜੋ ਕਿ ਦਿਮਾਗ ਨੂੰ ਦ੍ਰਿਸ਼ ਭੇਜਣ ਲਈ ਜ਼ਿੰਮੇਵਾਰ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਪੜਾਅ ਵਿੱਚ ਇਸ ਦੇ ਕੋਈ ਖਾਸ ਲੱਛਣ ਨਹੀਂ ਹੁੰਦੇ, ਪਰ ਸਮਾਂ ਬੀਤਣ ਨਾਲ ਨਜ਼ਰ ਦਾ ਘੇਰਾ ਘਟਣਾ (ਸਾਈਡਾਂ ਤੋਂ ਘੱਟ ਦਿਖਾਈ ਦੇਣਾ), ਅੱਖਾਂ ਵਿੱਚ ਹਲਕਾ ਦਰਦ ਜਾਂ ਭਾਰੀਪਨ ਰਹਿਣਾ, ਤੇਜ਼ ਰੌਸ਼ਨੀ ਦੇ ਆਲੇ-ਦੁਆਲੇ ਸਤਰੰਗੀ ਪੀਂਘ ਵਰਗੇ ਘੇਰੇ ਦਿਖਾਈ ਦੇਣਾ, ਸਿਰ ਦਰਦ ਵਰਗੀਆਂ ਦਿੱਕਤਾਂ ਆ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ 40 ਸਾਲ ਤੋਂ ਵੱਧ ਉਮਰ ਤੋਂ ਬਾਅਦ ਨਿਯਮਤ ਜਾਂਚ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਪਰਿਵਾਰ ਵਿੱਚ ਕਿਸੇ ਨੂੰ ਕਾਲਾ ਮੋਤੀਆ ਹੈ ਜਾਂ ਕਾਲੇ ਮੋਤੀਏ ਕਾਰਨ ਜੋ ਨਜ਼ਰ ਇੱਕ ਵਾਰ ਚਲੀ ਜਾਂਦੀ ਹੈ, ਉਸ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ। ਇਸ ਲਈ ਸਮੇਂ ਸਿਰ ਜਾਂਚ ਹੀ ਸਭ ਤੋਂ ਵੱਡਾ ਬਚਾਅ ਹੈ।
ਇਸ ਮੌਕੇ ਅਪਥੈਲਮਿਕ ਅਫਸਰ ਮੈਡਮ ਸਿਮਰਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।