ਵਿਸ਼ਵ ਅਸਥਮਾ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਦਾ ਕੀਤਾ ਆਯੋਜਨ

ਵਿਸ਼ਵ ਅਸਥਮਾ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਦਾ ਕੀਤਾ ਆਯੋਜਨ
ਰੂਪਨਗਰ, 06 ਮਈ: ਵਿਸ਼ਵ ਅਸਥਮਾ ਦਿਵਸ ਦੇ ਮੌਕੇ ਅੱਜ ਸਿਹਤ ਵਿਭਾਗ ਰੂਪਨਗਰ ਵੱਲੋਂ ਸਿਵਲ ਹਸਪਤਾਲ ਵਿੱਚ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਿਵਲ ਸਰਜਨ ਰੂਪਨਗਰ ਡਾ. ਸਵਪਨਜੀਤ ਕੌਰ ਵੱਲੋਂ ਕੀਤੀ ਗਈ। ਇਸ ਸੈਮੀਨਾਰ ਦਾ ਉਦੇਸ਼ ਲੋਕਾਂ ਨੂੰ ਅਸਥਮਾ ਬਾਰੇ ਵਿਗਿਆਨਕ ਜਾਣਕਾਰੀ ਦੇਣਾ, ਇਸ ਦੀ ਪਛਾਣ, ਰੋਕਥਾਮ ਅਤੇ ਇਲਾਜ ਬਾਰੇ ਜਾਗਰੂਕ ਕਰਨਾ ਸੀ।
ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਸਿਵਲ ਸਰਜਨ ਨੇ ਆਪਣੇ ਮੁਖ ਬੋਧ-ਭਾਸ਼ਣ ਵਿੱਚ ਦੱਸਿਆ ਕਿ ਭਾਰਤ ਵਿੱਚ ਲਗਭਗ 3.5 ਕਰੋੜ ਲੋਕ ਅਸਥਮਾ ਨਾਲ ਪ੍ਰਭਾਵਿਤ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਬੱਚਿਆਂ ਅਤੇ ਯੁਵਕਾਂ ਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸਥਮਾ ਇੱਕ ਲਾਈਲਾਜ ਨਹੀਂ, ਬਲਕਿ ਕੰਟਰੋਲ ਕਰਨਯੋਗ ਬੀਮਾਰੀ ਹੈ, ਜੇਕਰ ਸਮੇਂ ਸਿਰ ਪਛਾਣ ਕਰਕੇ ਸਹੀ ਇਲਾਜ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਅਸਥਮਾ ਦੇ ਮੁੱਖ ਲੱਛਣ ਹਨ – ਘੱਟ ਘੱਟ ਸਾਹ ਆਉਣਾ, ਖੰਘ, ਛਾਤੀ ‘ਚ ਭਾਰ ਅਤੇ ਸੀਂਘਣ ਦੀ ਆਵਾਜ਼ ਆਉਣਾ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਦੂਸ਼ਣ, ਧੂੰਆ, ਧੂੜ-ਮਿੱਟੀ, ਅਤੇ ਤੰਬਾਕੂ ਉਪਭੋਗ ਅਸਥਮਾ ਦੇ ਵਧਣ ਦੇ ਮੁੱਖ ਕਾਰਣ ਹਨ।
ਸੈਮੀਨਾਰ ਵਿੱਚ ਪਹੁੰਚੇ ਲੋਕਾਂ ਨੂੰ ਜ਼ਿਲ੍ਹਾ ਤਪਦਿਕ ਅਫਸਰ ਡਾ. ਕਮਲਦੀਪ ਵੱਲੋਂ ਇਨਹੇਲਰ ਵਰਤਣ ਦੀ ਸਹੀ ਤਰੀਕਾ ਵੀ ਦਿਖਾਇਆ ਗਿਆ। ਇਸ ਲਈ ਇਕ “ਡੈਮੋ ਸੈਸ਼ਨ” ਵੀ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਨੇ ਇਨਹੇਲਰ ਦੀ ਵਰਤੋਂ ਦੀ ਪ੍ਰੈਕਟਿਕਲ ਡੈਮੋਨਸਟ੍ਰੇਸ਼ਨ ਦਿੱਤੀ। ਉਨ੍ਹਾਂ ਨੇ ਵਿਚਾਰ ਵਟਾਂਦਰੇ ਦੌਰਾਨ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਸਥਮਾ ਬਾਰੇ ਸ਼ਰਮ ਜਾਂ ਡਰ ਨਾ ਰੱਖਿਆ ਜਾਵੇ ਅਤੇ ਸਮਾਜਿਕ ਭ੍ਰਮਾਂ ਨੂੰ ਦੂਰ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਅਸਥਮਾ ਕਾਰਨ ਭਾਰਤ ਵਿੱਚ ਹਰ ਸਾਲ ਹਜ਼ਾਰਾਂ ਮੌਤਾਂ ਹੁੰਦੀਆਂ ਹਨ, ਪਰ ਇਨਹੇਲਰ, ਸਹੀ ਸਲਾਹ ਅਤੇ ਪਰਹੇਜ਼ ਰਾਹੀਂ ਇਹ ਮੌਤਾਂ ਰੋਕੀਆਂ ਜਾ ਸਕਦੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਅਸਥਮਾ ਉੱਤੇ ਜਿੱਤ ਹਾਸਲ ਕਰਨਾ ਸੰਭਵ ਹੈ ਜੋ ਕਿ ਸਿਰਫ਼ ਜਾਗਰੂਕਤਾ, ਸਹੀ ਇਲਾਜ ਅਤੇ ਡਰ ਰਹਿਤ ਵਿਵਹਾਰ ਰਾਹੀਂ ਹਾਸਿਲ ਕੀਤੀ ਜਾ ਸਕਦੀ ਹੈ।
ਇਸ ਮੌਕੇ ਗਾਇਨਕੋਲਜਿਸਟ ਡਾ. ਨੀਰਜ, ਬੱਚਿਆਂ ਦੇ ਰੋਗਾਂ ਦੇ ਮਾਹਰ ਡਾ. ਗੁਰਸੇਵਕ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਮੈਡਮ ਗੁਰਮੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ, ਐਲ. ਐਚ. ਵੀ. ਰਜਿੰਦਰ ਕੌਰ, ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ, ਏਐਨਐਮਸ ਭੁਪਿੰਦਰ ਕੌਰ, ਜੀਵਨ ਜੋਤੀ ਅਤੇ ਹਸਪਤਾਲ ਵਿੱਚ ਆਏ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਹਾਜਰ ਸਨ।