“ਵਿਕਸਤ ਖੇਤੀਬਾੜੀ ਸੰਕਲਪ ਅਭਿਆਨ” – ਇੱਕ ਰਾਸ਼ਟਰਵਿਆਪੀ ਪਹਿਲ- ਡਾ. ਸਤਬੀਰ ਸਿੰਘ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
“ਵਿਕਸਤ ਖੇਤੀਬਾੜੀ ਸੰਕਲਪ ਅਭਿਆਨ” – ਇੱਕ ਰਾਸ਼ਟਰਵਿਆਪੀ ਪਹਿਲ- ਡਾ. ਸਤਬੀਰ ਸਿੰਘ
ਕਿਸਾਨਾਂ ਨੂੰ ਖਰੀਫ/ਸਾਉਣੀ ਫ਼ਸਲ ਸੀਜ਼ਨ ਲਈ ਗਿਆਨ ਅਤੇ ਜਾਣਕਾਰੀ ਨਾਲ ਸਸ਼ਕਤ ਕਰਨ ਦੇ ਉਦੇਸ਼ ਨਾਲ ਚਲਾਈ ਜਾਵੇਗੀ ਮੁਹਿੰਮ
29 ਮਈ ਤੋਂ 12 ਜੂਨ 2025 ਤੱਕ ਚਲਾਇਆ ਜਾਵੇਗਾ ਅਭਿਆਨ
ਰੂਪਨਗਰ, 28 ਮਈ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਦੇ ਡਿਪਟੀ ਡਾਇਰੈਕਟਰ ਡਾ. ਸਤਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ “ਵਿਕਸਤ ਖੇਤੀਬਾੜੀ ਸੰਕਲਪ ਅਭਿਆਨ” ਕਿਸਾਨਾਂ ਨੂੰ ਖਰੀਫ/ਸਾਉਣੀ ਫ਼ਸਲ ਸੀਜ਼ਨ ਲਈ ਗਿਆਨ ਅਤੇ ਜਾਣਕਾਰੀ ਨਾਲ ਸਮਰੱਥ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾਣ ਵਾਲੀ ਇੱਕ ਦੇਸ਼ ਵਿਆਪੀ ਖੇਤੀਬਾੜੀ ਪਹੁੰਚ ਮੁਹਿੰਮ ਹੈ। ਇਹ ਮੁਹਿੰਮ 29 ਮਈ ਤੋਂ 12 ਜੂਨ 2025 ਤੱਕ ਭਾਰਤ ਦੇ ਸਾਰੇ ਰਾਜਾਂ ਵਿੱਚ ਚਲਾਈ ਜਾਵੇਗੀ।
ਉਨ੍ਹਾਂ ਕਿਹਾ ਕਿ “ਵਿਕਸਤ ਖੇਤੀਬਾੜੀ ਸੰਕਲਪ ਅਭਿਆਨ” ਇੱਕ ਦੇਸ਼ ਵਿਆਪੀ ਮੁਹਿੰਮ ਹੈ ਜੋ ਕਿ ਕੇਂਦਰੀ ਅਤੇ ਪੰਜਾਬ ਰਾਜ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ।
ਡਾ. ਸਤਬੀਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੇ ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸਹਿਯੋਗ ਨਾਲ ਭਾਰਤੀ ਖੇਤੀਬਾੜੀ ਖੋਜ ਸੰਸਥਾ ਇਸ ਅਭਿਆਨ ਦੀ ਸ਼ੁਰੂਆਤ ਕਰਨ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਕਿਸਾਨਾਂ ਦੇ ਦਰਵਾਜੇ ਤੱਕ ਖਰੀਫ ਦੇ ਮੌਸਮ ਤੋਂ ਪਹਿਲਾਂ ਖੇਤੀਬਾੜੀ, ਪਸ਼ੂਪਾਲਣ, ਖੇਤੀ ਜੰਗਲਾਤ, ਹੋਰ ਸਬੰਧਤ ਖੇਤਰਾਂ ਅਤੇ ਸਰਕਾਰੀ ਯੋਜਨਾਵਾਂ ਦੇ ਬਾਰੇ ਜਾਣਕਾਰੀ ਪਹੁੰਚਾਈ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਆਪਣੇ ਆਮਦਨੀ ਦੇ ਸਰੋਤਾਂ ਨੂੰ ਵਿਆਪਕ ਤੌਰ ਤੇ ਵਧਾਉਣ ਵਿੱਚ ਮਦਦ ਮਿਲੇ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਦਾ ਇਕ ਹੋਰ ਮੁੱਖ ਉਦੇਸ਼ ਇਹ ਹੈ ਕਿ ਕਿਸਾਨਾਂ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਦੀ ਜਾਣਕਾਰੀ ਦੇ ਕੇ ਉਹਨਾਂ ਨੂੰ ਵਿੱਤੀ ਮਦਦ, ਬੀਮਾ, ਸਬਸਿਡੀ ਅਤੇ ਸਹਾਇਤਾ ਸੇਵਾਵਾਂ ਦੇ ਬਾਰੇ ਜਾਗਰੂਕ ਕਰਨਾ ਹੈ। ਇਸ ਦੇ ਨਾਲ ਹੀ ਇਸ ਪਹਿਲਕਦਮੀ ਦਾ ਇਕ ਹੋਰ ਜ਼ਰੂਰੀ ਪੱਖ ਕਿਸਾਨਾਂ ਦੇ ਨਿਵੇਕਲੇ ਉੱਦਮਾਂ ਅਤੇ ਸੁਝਾਵਾਂ ਦਾ ਦਸਤਾਵੇਜ਼ ਤਿਆਰ ਕਰਨ ਦਾ ਹੈ।
ਇਹ ਮੁਹਿੰਮ ਕੇਵੀਕੇ ਰੋਪੜ ਦੇ ਨਾਲ ਨਾਲ ਸੰਬੰਧਿਤ ਖੇਤੀ ਅਤੇ ਕਿਸਾਨ ਭਲਾਈ ਵਿਭਾਗ, ਬਾਗਬਾਨੀ, ਪਸ਼ੂ ਪਾਲਣ ਅਤੇ ਮਛਲੀ ਪਾਲਣ ਵਿਭਾਗਾਂ ਦੇ ਸਹਿਯੋਗ ਨਾਲ ਲਗਭਗ 150 ਪਿੰਡਾਂ ਵਿੱਚ ਲਾਗੂ ਕੀਤੀ ਜਾਵੇਗੀ। ਰੋਪੜ ਜ਼ਿਲ੍ਹੇ ਵਿੱਚ 3-4 ਮੈਂਬਰਾਂ ਵਾਲੀਆਂ ਤਿੰਨ ਸਮਰਪਿਤ ਟੀਮਾਂ ਬਣਾਈਆਂ ਜਾਣਗੀਆਂ, ਜਿਸ ਵਿੱਚ ਵਿਸ਼ਾ ਮਾਹਰ ਅਤੇ ਵਿਗਿਆਨੀ ਸ਼ਾਮਲ ਹੋਣਗੇ। ਇਹ ਟੀਮਾਂ ਪ੍ਰਤੀ ਦਿਨ 2 ਤੋਂ 3 ਗ੍ਰਾਮ ਪੰਚਾਇਤਾਂ ਦਾ ਦੌਰਾ ਕਰਕੇ ਕਰੀਬ 500-600 ਕਿਸਾਨਾਂ ਨਾਲ ਸਿੱਧਾ ਸੰਪਰਕ ਕਰਨਗੀਆਂ।
ਉਨ੍ਹਾਂ ਕਿਹਾ ਕਿ ਟੀਮਾਂ ਮਿਸ਼ਨ ਮੋਡ ਵਿਚ ਕੈਂਪਾਂ, ਪ੍ਰਦਰਸ਼ਨੀਆਂ, ਅਤੇ ਸਥਾਨਕ ਭਾਸ਼ਾਵਾਂ ਵਿੱਚ ਛਾਪੇ ਗਏ ਅਤੇ ਡਿਜੀਟਲ ਸਮੱਗਰੀਆਂ ਰਾਹੀਂ ਜਾਗਰੂਕਤਾ ਵਧਾਉਣਗੀਆਂ। ਇਸ ਮੁਹਿੰਮ ਦਾ ਇੱਕ ਹੋਰ ਮੁੱਖ ਧਿਆਨ ਖੇਤੀ ਵਿਭਿੰਨਤਾ ਉਤਸ਼ਾਹਿਤ ਕਰਨ ਉੱਤੇ ਹੋਵੇਗਾ, ਜਿਵੇਂ ਕਿ ਬਾਗਬਾਨੀ, ਮਧੂਮੱਖੀ, ਸਬਜ਼ੀਆਂ ਦੀ ਕਾਸ਼ਤ, ਖੇਤੀ ਜੰਗਲਾਤ ਅਤੇ ਪਸ਼ੂ ਪਾਲਣ ਉਦਯੋਗ ਆਦਿ।
ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਦੇ ਸੁਝਾਵਾਂ ਤੋਂ ਤਿਆਰ ਦਸਤਾਵੇਜ ਖੋਜ ਕਾਰਜਕ੍ਰਮਾਂ, ਭਾਰਤੀ ਖੇਤੀਬਾੜੀ ਖੋਜ ਸੰਸਥਾ ਅਤੇ ਰਾਜ ਖੇਤੀ ਯੂਨੀਵਰਸਿਟੀਆਂ ਦੇ ਵਿਕਾਸ ਰਣਨੀਤੀਆਂ ਨੂੰ ਆਕਾਰ ਦੇਣ ਵਿੱਚ ਮੂਲਭੂਤ ਸਹਾਇਕ ਹੋਵੇਗੀ। ਖੇਤੀ ਵਿਭਾਗ ਅਤੇ ਕਿਸਾਨ ਮੰਤਰਾਲਾ, ਭਾਰਤੀ ਖੇਤੀਬਾੜੀ ਖੋਜ ਸੰਸਥਾ ਅਤੇ ਸੰਬੰਧਿਤ ਸੰਸਥਾਵਾਂ ਦੇ ਨਾਲ ਮਿਲਕੇ ਆਤਮਨਿਰਭਰ ਕਿਸਾਨੀ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਲਈ ਇਸ ਮੁਹਿੰਮ ਇੱਕ ਮੀਲ ਪੱਥਰ ਸਾਬਤ ਹੋਵੇਗੀ।