ਬੰਦ ਕਰੋ

ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਮੰਡੀਆਂ ’ਚ ਸਿਰਫ਼ ਸੁੱਕਾ ਝੋਨਾ ਹੀ ਲਿਆਉਣ ਦੀ ਕੀਤੀ ਅਪੀਲ

ਪ੍ਰਕਾਸ਼ਨ ਦੀ ਮਿਤੀ : 10/10/2025
ADC (General) Reviews Procurement Arrangements in Rupnagar

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਮੰਡੀਆਂ ’ਚ ਸਿਰਫ਼ ਸੁੱਕਾ ਝੋਨਾ ਹੀ ਲਿਆਉਣ ਦੀ ਕੀਤੀ ਅਪੀਲ

ਰੂਪਨਗਰ ‘ਚ ਝੋਨੇ ਦੀ ਚੱਲ ਰਹੀ ਖਰੀਦ ਦੇ ਪ੍ਰਬੰਧਾਂ ਦੀ ਕੀਤੀ ਸਮੀਖਿਆ

ਰੂਪਨਗਰ, 10 ਅਕਤੂਬਰ: ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਵੱਲੋਂ ਖਰੀਫ ਮਾਰਕੀਟਿੰਗ ਸੀਜ਼ਨ 2025-26 ਲਈ ਚੱਲ ਰਹੇ ਝੋਨੇ ਦੀ ਖਰੀਦ ਕਾਰਜਾਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ।

ਇਸ ਮੀਟਿੰਗ ਦੌਰਾਨ ਜ਼ਿਲ੍ਹਾ ਫੂਡ ਐਂਡ ਸਪਲਾਈਜ਼ ਕੰਟਰੋਲਰ, ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਰੂਪਨਗਰ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਗਏ ਕਿ ਖਰੀਦ ਪ੍ਰਕਿਰਿਆ ਸੁਚਾਰੂ ਤੇ ਸਮੇਂ ਸਿਰ ਹੋਵੇ, ਉਤਪਾਦ ਦੀ ਤੁਰੰਤ ਲਿਫ਼ਟਿੰਗ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਜਲਦ ਭੁਗਤਾਨ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਖ਼ਾਸ ਤੌਰ ‘ਤੇ ਇਹ ਯਕੀਨੀ ਬਣਾਉਣ ਲਈ ਆਦੇਸ਼ ਦਿੱਤੇ ਗਏ ਕਿ ਮੰਡੀ ਵਿੱਚ ਆਉਣ ਵਾਲੀ ਝੋਨੇ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਕੇਵਲ ਪੂਰੀ ਤਰ੍ਹਾਂ ਸੁੱਕਾ ਝੋਨਾ ਹੀ ਮੰਡੀ ਵਿੱਚ ਆਉਣ ਦੀ ਆਗਿਆ ਹੋਵੇ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 09 ਅਕਤੂਬਰ ਤੱਕ ਕੁੱਲ 28,167 ਮੀਟਰਿਕ ਟਨ ਝੋਨੇ ਦੀ ਆਮਦ ਦਰਜ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 28,118 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜਿਸ ਵਿੱਚ ਸਰਕਾਰੀ ਏਜੰਸੀਆਂ ਵੱਲੋਂ 27,714 ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ 404 ਮੀਟਰਿਕ ਟਨ ਸ਼ਾਮਲ ਹਨ। 09 ਅਕਤੂਬਰ ਦੇ ਦਿਨ ਦੀ ਆਮਦ 3,922 ਮੀਟਰਿਕ ਟਨ ਅਤੇ ਦਿਨ ਦੀ ਖਰੀਦ 3,915 ਮੀਟਰਿਕ ਟਨ ਰਹੀ (ਸਰਕਾਰੀ ਏਜੰਸੀਆਂ ਵੱਲੋਂ 3,704 ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ 211 ਮੀਟਰਿਕ ਟਨ) ਸ਼ਾਮਿਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ 20,603 ਮੀਟਰਿਕ ਟਨ ਝੋਨੇ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ ਕੇਵਲ 09 ਅਕਤੂਬਰ ਦੇ ਦਿਨ 3,153 ਮੀਟਰਿਕ ਟਨ ਝੋਨੇ ਦੀ ਲਿਫ਼ਟਿੰਗ ਹੋਈ। ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨਾਂ ਨੂੰ ਹੁਣ ਤੱਕ 61.68 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ, ਜੋ ਕਿ ਇਸ ਸਮੇਂ ਦੇ ਬਕਾਇਆ 57.36 ਕਰੋੜ ਰੁਪਏ ਦਾ 108 ਫ਼ੀਸਦੀ ਹੈ।

ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਰਾਜ ਸਰਕਾਰ ਆਪਣੀ ਇਸ ਵਚਨਬੱਧਤਾ ‘ਤੇ ਕਾਇਮ ਹੈ ਕਿ ਝੋਨੇ ਦਾ ਹਰ ਇੱਕ ਦਾਣਾ ਨਿਰਧਾਰਤ ਮਾਪਦੰਡਾਂ ਅਨੁਸਾਰ ਤੇ ਨਿਰਧਾਰਤ ਕੇਂਦਰਾਂ ‘ਤੇ ਖਰੀਦਿਆ ਜਾਵੇਗਾ। ਖਰੀਦ ਪ੍ਰਕਿਰਿਆ ਤੇ ਭੁਗਤਾਨ ਨੂੰ ਸੁਗਮ ਬਣਾਉਣ ਲਈ ਕਿਸਾਨਾਂ ਨੂੰ ਪੂਰੀ ਤਰ੍ਹਾਂ ਸੁੱਕੀ ਧਾਨ ਹੀ ਮੰਡੀ ਵਿੱਚ ਲਿਆਉਣ ਦੀ ਜ਼ੋਰਦਾਰ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਹੱਲ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਅਸੁਵਿਧਾ ਜਾਂ ਦੇਰੀ ਤੋਂ ਬਚਾਉਂਦਾ ਹੈ ਅਤੇ ਸਾਰਿਆਂ ਲਈ ਪ੍ਰਕਿਰਿਆ ਨੂੰ ਸੁਚਾਰੂ ਬਣਾਉਂਦਾ ਹੈ।

ਉਨ੍ਹਾਂ ਦੱਸਿਆ ਕਿ ਸਾਰੇ ਖਰੀਦ ਕੇਂਦਰਾਂ ‘ਤੇ ਗੁਣਵੱਤਾ ਮਾਪਦੰਡਾਂ ਨੂੰ ਯਕੀਨੀ ਬਣਾਉਣ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਕੜੀ ਨਿਗਰਾਨੀ ਜਾਰੀ ਰਹੇਗੀ।