ਵਧੀਕ ਡਿਪਟੀ ਕਮਿਸ਼ਨਰ ਨੇ ਕਰੋਨਾ ਕਾਲ ਦੌਰਾਨ ਆਪਣੇ ਮਾਪੇ ਗਵਾਉਣ ਵਾਲੇ ਬੱਚੇ ਦਾ ਜਨਮ ਦਿਨ ਮਨਾਇਆ ਤੇ ਮੁਲਾਕਾਤ ਕੀਤੀ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਵਧੀਕ ਡਿਪਟੀ ਕਮਿਸ਼ਨਰ ਨੇ ਕਰੋਨਾ ਕਾਲ ਦੌਰਾਨ ਆਪਣੇ ਮਾਪੇ ਗਵਾਉਣ ਵਾਲੇ ਬੱਚੇ ਦਾ ਜਨਮ ਦਿਨ ਮਨਾਇਆ ਤੇ ਮੁਲਾਕਾਤ ਕੀਤੀ
ਰੂਪਨਗਰ, 04 ਨਵੰਬਰ: ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਵੱਲੋਂ ਅੱਜ ਕਰੋਨਾ ਕਾਲ ਦੌਰਾਨ ਆਪਣੇ ਦੋਵੇਂ ਮਾਤਾ ਪਿਤਾ ਗਵਾਉਣ ਵਾਲੇ ਬੱਚੇ ਦਾ ਜਨਮ ਦਿਨ ਮਨਾਇਆ ਗਿਆ ਤੇ ਮੁਲਾਕਾਤ ਕੀਤੀ ਗਈ ਤੇ ਉਸ ਬੱਚੇ ਦੀ ਪੜ੍ਹਾਈ, ਸਿਹਤ ਅਤੇ ਰੋਜ਼ਮਰਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਲਈ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਕਰੋਨਾ ਸਮੇਂ ਆਪਣੇ ਮਾਪੇ ਗਵਾਉਣ ਵਾਲੇ ਬੱਚਿਆਂ ਦਾ ਮਨੋਬਲ ਵਧਾਉਣ ਅਤੇ ਸਮੂਹਿਕ ਵਿਕਾਸ ਲਈ ਅਲੱਗ-ਅਲੱਗ ਖੇਤਰ ਜਿਵੇਂ ਕਿ ਆਰਥਿਕ ਸਿਹਤ, ਸਿੱਖਿਆ ਆਦਿ ਵਿੱਚ ਕੇਅਰ ਅਤੇ ਸੁਰੱਖਿਆ ਮੁਹੱਈਆਂ ਕਰਵਾਉਣ ਦੇ ਉਦੇਸ਼ ਨਾਲ ਕੇਅਰ ਸਕੀਮ ਆਫ ਚਿਲਡਰਨ ਤਹਿਤ ਕਵਰ ਕੀਤਾ ਜਾਂਦਾ ਹੈ।
ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਇਸ ਸਕੀਮ ਤਹਿਤ ਇੱਕ ਹੀ ਬੱਚਾ ਰਜਿਸਟਰਡ ਹੈ, ਜਿਸ ਦੇ ਜਨਮਦਿਨ ਉੱਤੇ ਇਸ ਨਾਲ ਇਹ ਮੁਲਾਕਾਤ ਕੀਤੀ ਜਾਂਦੀ ਹੈ ਤੇ ਉਸ ਬੱਚੇ ਦਾ ਜਨਮਦਿਨ ਮਨਾਇਆ ਜਾਂਦਾ ਹੈ ਤਾਂ ਜੋ ਉਸ ਬੱਚੇ ਲਈ ਇਹ ਦਿਨ ਯਾਦਗਾਰ ਬਣਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ ਇਸ ਬੱਚੇ ਦੀ ਵਿੱਤੀ ਸਹਾਇਤਾ ਦੇ ਨਾਲ-ਨਾਲ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਬੱਚੇ ਨੂੰ ਜਨਮਦਿਨ ਦੇ ਉਪਹਾਰ ਵੀ ਦਿੱਤੇ ਗਏ।
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੂਪਨਗਰ ਸ਼੍ਰੀਮਤੀ ਰਜਿੰਦਰ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਦੇ ਤਹਿਤ ਬੱਚਿਆ ਨੂੰ ਆਤਮ ਨਿਰਭਰ ਹੋਣ ਲਈ ਮੰਤਰਾਲੇ ਵੱਲੋਂ ਅਲੱਗ-ਅਲੱਗ ਯੋਜਨਾਵਾਂ ਤਹਿਤ ਵੱਖ-ਵੱਖ ਲਾਭ ਜਿਵੇਂ ਕਿ 18 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ 10 ਲੱਖ ਰੁਪਏ ਦਾ ਲਾਭ। ਇਸ ਤੋਂ ਇਲਾਵਾ ਬੱਚੇ ਦੇ ਪੜਨ ਲਿਖਣ ਅਤੇ ਘਰੇਲੂ ਲੋੜਾਂ ਪੂਰੀਆਂ ਕਰਨ ਲਈ 4000 ਪ੍ਰਤੀ ਮਹੀਨਾ ਸਪਾਂਸਰਸ਼ਿਪ ਸਕੀਮ ਮੁਫਤ ਸਿੱਖਿਆ ਦਾ ਲਾਭ, ਐਕਸ ਗਰੇਸ਼ੀਆ ਗਰਾਂਟ, 20000 ਸਕਾਲਰਸ਼ਿਪ ਅਤੇ ਕਿਸੇ ਪ੍ਰਤਿਯੋਗੀ ਪੇਪਰ ਦੀ ਤਿਆਰੀ ਕਰਨ ਲਈ ਮੁਫਤ ਕੋਚਿੰਗ, 1500 ਰੁਪਏ ਪ੍ਰਤਿ ਮਹੀਨਾ ਪੈਨਸ਼ਨ ਆਦਿ ਲਾਭ ਦਿੱਤੇ ਜਾ ਰਹੇ ਹਨ।
ਇਸ ਮੌਕੇ ਉੱਤੇ ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਸੋਮਲ, ਸਮੂਹ ਸਟਾਫ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਹਾਜ਼ਰ ਸਨ।