ਬੰਦ ਕਰੋ

ਵਧੀਕ ਡਿਪਟੀ ਕਮਿਸ਼ਨਰ ਨੇ ਸਕੂਲ ਆਫ ਐਮੀਨੈਂਸ ਬਣਾਏ ਜਾਣ ਵਾਲੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ

ਪ੍ਰਕਾਸ਼ਨ ਦੀ ਮਿਤੀ : 08/02/2023
The Additional Deputy Commissioner visited the government schools to be set up as schools of eminence

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਵਧੀਕ ਡਿਪਟੀ ਕਮਿਸ਼ਨਰ ਨੇ ਸਕੂਲ ਆਫ ਐਮੀਨੈਂਸ ਬਣਾਏ ਜਾਣ ਵਾਲੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ

ਅਤਿ ਆਧੁਨਿਕ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਮਿਲੇਗੀ ਹਰ ਸਹੂਲਤ

ਸ੍ਰੀ ਚਮਕੌਰ ਸਾਹਿਬ/ਮੋਰਿੰਡਾ, 8 ਫਰਵਰੀ: ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਹਰਜੋਤ ਕੌਰ ਵਲੋਂ ਅੱਜ ਸਕੂਲ ਆਫ ਐਮੀਨੈਂਸ ਸਰਕਾਰੀ ਸੀਨੀ.ਸੈਕੰ. ਸਕੂਲ ਸ਼੍ਰੀ ਚਮਕੌਰ ਸਾਹਿਬ ਅਤੇ ਸਰਕਾਰੀ ਸੀਨੀ.ਸੈਕੰ. ਸਕੂਲ ਮੋਰਿੰਡਾ ਵਿਖੇ ਦੌਰਾ ਕੀਤਾ ਗਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਲੋਂ ਸਕੂਲਾਂ ਦਾ ਜ਼ਮੀਨੀ ਪੱਧਰ ਉਤੇ ਨਿਰੀਖਣ ਕਰਦੇ ਹੋਏ ਦੱਸਿਆ ਗਿਆ ਕਿ ਸਰਕਾਰ ਵਲੋਂ ਜ਼ਿਲ੍ਹੇ ਦੇ 5 ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਬਣਾਉਣ ਦਾ ਫੈਸਲਾ ਲਿਆ ਗਿਆ ਹੈ ਜਿਸ ਦਾ ਮੰਤਵ ਇਨ੍ਹਾਂ ਸਕੂਲਾਂ ਦਾ ਵਿਆਪਕ ਪੱਧਰ ਉਤੇ ਰੂਪਾਂਤਰਨ ਕਰਕੇ ਅਤਿ ਆਧੁਨਿਕ ਬਣਾਉਣਾ ਹੈ ਜਿੱਥੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਬਿਹਤਰ ਸਹੂਲਤ ਸਮੇਤ ਸਿੱਖਿਆ ਮਹੁੱਈਆ ਕਰਵਾਈ ਜਾਵੇਗੀ।

ਸ਼੍ਰੀਮਤੀ ਹਰਜੋਤ ਕੌਰ ਨੇ ਦੱਸਿਆ ਕਿ ਸਕੂਲ ਆਫ ਐਮੀਨੈਂਸ ਆਪਣੇ ਆਪ ਵਿਚ ਇੱਕ ਵਿਲੱਖਣ ਸਿੱਖਿਆ ਸੰਸਥਾ ਹੋਵੇਗੀ ਜਿਸ ਵਿਚ ਵਿਦਿਆਰਥੀਆਂ ਨੂੰ ਇਨ੍ਹਾਂ ਵਿਸ਼ੇਸ਼ ਸਕੂਲਾਂ ਵਿਚ ਹੁਨਰ ਵਿਕਾਸ ਸੰਬੰਧੀ ਸਿੱਖਿਆ ਮਹੁੱਈਆ ਕਰਵਾਈ ਜਾਵੇਗੀ। ਜਿਸ ਤਹਿਤ ਵਿਦਿਆਰਥੀਆਂ ਦਾ ਹਰ ਪੱਧਰ ਉੱਤੇ ਮਿਆਰੀ ਸਿੱਖਿਆ ਰਾਹੀਂ ਮਾਰਗ ਦਰਸ਼ਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵਲੋਂ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਵਿਸ਼ਥਾਰਤ ਮੀਟਿੰਗ ਕੀਤੀ ਗਈ ਅਤੇ ਪ੍ਰਿੰਸੀਪਲਾਂ ਕੋਲੋਂ ਸਕੂਲਾਂ ਦੀ ਲੋੜ ਮੁਤਾਬਕ ਡਿਮਾਂਡ ਭੇਜਣ ਲਈ ਵੀ ਕਿਹਾ ਗਿਆ ਤਾਂ ਜੋ ਇਮਾਰਤਾਂ ਅਤੇ ਹੋਰ ਜ਼ਰੂਰੀ ਤਕਨੀਕੀ ਲੋੜਾਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਕੋਲੋਂ ਜਲਦ ਪ੍ਰਵਾਨਗੀ ਲਈ ਜਾ ਸਕੇ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਇਨ੍ਹਾਂ ਸਕੂਲਾਂ ਦੀ ਮੁਕੰਮਲ ਦਿੱਖ ਸਮੇਤ ਸਿੱਖਿਆ, ਖੇਡ ਅਤੇ ਹਰ ਖੇਤਰ ਬਦਲ ਜਾਵੇਗਾ ਜੋ ਕਿ ਸੂਬੇ ਦੇ ਨਿੱਜੀ ਸਕੂਲਾਂ ਨੂੰ ਵੀ ਮਾਤ ਦੇਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਸਕੂਲ ਆਫ ਐਮੀਨੈਂਸ ਬਣਾਉਣ ਦਾ ਮੁੱਖ ਮੰਤਵ ਪਿੰਡਾਂ ਅਤੇ ਸ਼ਹਿਰਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਦੇਸ਼ ਦਾ ਜ਼ਿੰਮੇਵਾਰ ਨਾਗਰਿਕ ਬਣਾਉਣ ਹੈ ਤਾਂ ਜੋ ਉਹ ਹਰ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਸਕਣ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਵਧੀਕ ਜ਼ਿਲ੍ਹਾ ਸਿੱਖਿਆ ਅਫਸਰ ਸ. ਸੁਰਿੰਦਰਪਾਲ ਸਿੰਘ ਸਮੇਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।