ਬੰਦ ਕਰੋ

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵੱਲੋਂ ਕੀਤੀ ਉੱਚ ਪੱਧਰੀ ਮੀਟਿੰਗ

ਪ੍ਰਕਾਸ਼ਨ ਦੀ ਮਿਤੀ : 05/04/2024
In view of Lok Sabha elections 2024, Deputy Commissioner and S.S.P. High level meeting conducted by.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵੱਲੋਂ ਕੀਤੀ ਉੱਚ ਪੱਧਰੀ ਮੀਟਿੰਗ

ਐਸ.ਡੀ.ਐਮਜ਼ ਤੇ ਡੀ ਐਸ ਪੀਜ਼ ਸਾਰੇ ਪੋਲਿੰਗ ਬੂਥਾਂ ਦੀ ਚੈਕਿੰਗ ਸਯੁੰਕਤ ਰੂਪ ਵਿਚ ਕਰਨ

ਰੂਪਨਗਰ, 5 ਅਪ੍ਰੈਲ: ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਐਸ.ਐਸ.ਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਨਾ ਵੱਲੋਂ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਚੋਣਾਂ ਦੌਰਾਨ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਦੇ ਹੋਏ ਲੋਕ ਸਭਾ ਚੋਣਾਂ-2024 ਨੂੰ ਨਿਰਵਿਘਨ ਨੇਪਰੇ ਚਾੜ੍ਹਨਾ ਹੈ। ਇਸ ਲਈ ਅਧਿਕਾਰੀ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ।

ਉਨ੍ਹਾਂ ਸਮੂਹ ਐਸ.ਡੀ.ਐਮਜ਼ ਤੇ ਡੀ ਐਸ ਪੀਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਪਣੇ ਦਾਇਰੇ ਅੰਦਰ ਆਉਂਦੇ ਸਾਰੇ ਪੋਲਿੰਗ ਬੂਥ ਦੀ ਚੈਕਿੰਗ ਸਯੁੰਕਤ ਰੂਪ ਵਿਚ ਕਰਕੇ ਉਨ੍ਹਾਂ ਦੀ ਸੁਰੱਖਿਆ ਤੇ ਲੋੜੀਂਦੇ ਪ੍ਰਬੰਧ ਕਰਨੇ ਯਕੀਨੀ ਕੀਤੇ ਜਾਣ। ਇਸ ਤੋਂ ਇਲਾਵਾ ਪੋਲਿੰਗ ਬੂਥਾਂ ਦੇ ਬਦਲੇ ਹੋਏ ਨਾਮ ਦੀ ਜਾਣਕਾਰੀ ਤੇ ਈ.ਵੀ.ਐਮ. ਮਸ਼ੀਨਾਂ ਦੀ ਸੁਰੱਖਿਆ ਕਰਨਾ ਵੀ ਯਕੀਨੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਲਿਖਤੀ ਪ੍ਰਵਾਨਗੀ ਦੇ ਚੋਣ ਮਸ਼ਨੀਰੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਹਿਲਜੁੱਲ ਨਹੀਂ ਕੀਤੀ ਜਾ ਸਕੇਗੀ।

ਡਿਪਟੀ ਕਮਿਸ਼ਨਰ ਨੇ ਲੋਕ ਸਭਾ ਚੋਣਾਂ-2024 ਦੌਰਾਨ ਹਰ ਪੱਧਰ ਉੱਤੇ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵੇਚਣ ਵਾਲਿਆਂ ਖਿਲਾਫ ਸਖ਼ਤੀ ਨਾਲ ਕਾਰਵਾਈ ਕਰਨ ਲਈ ਕਿਹਾ।

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਵੱਖ-ਵੱਖ ਕੰਪਨੀਆਂ ਨਾਲ ਤਾਲਮੇਲ ਕਰਦੇ ਹੋਏ ਉਨ੍ਹਾਂ ਨੂੰ ਆਦੇਸ਼ ਜਾਰੀ ਕੀਤੇ ਜਾਣ ਕਿ ਜਿਨ੍ਹਾਂ ਪਿੰਡਾਂ ਅੰਦਰ ਨੈਟਵਰਕ ਦੀ ਸਮੱਸਿਆ ਆਉਂਦੀ ਹੈ, ਉੱਥੇ ਸੰਚਾਰ ਕਰਨ ਲਈ ਨੈੱਟਵਰਕ ਮੁਹੱਈਆਂ ਕਰਵਾਇਆ ਜਾਵੇ ਤਾਂ ਜੋ ਲੋਕ ਸਭਾ ਚੋਣਾਂ ਦੋਰਾਨ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਕਿਹਾ ਕਿ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੋਣ ਪ੍ਰਕ੍ਰਿਆ ਮੁਕੰਮਲ ਕਰਨ ਲਈ ਸਾਨੂੰ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਹਦਾਇਤ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਤਿਆਰ ਕੀਤਾ ਗਈਆਂ ਹਦਾਇਤਾਂ ਜ਼ਰੂਰ ਪੜ੍ਹ ਲੈਣ ਅਤੇ ਸਮੇਂ-ਸਮੇਂ ਤੇ ਆਉਣ ਵਾਲੀਆਂ ਹਦਾਇਤਾਂ ਪੜ੍ਹਦੇ ਰਹਿਣ ਤਾਂ ਜੋ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੋਣ ਤੋਂ ਬਚਿਆ ਜਾ ਸਕੇ।

ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਲੋਕ ਸਭਾ ਚੋਣਾਂ-2024 ਨੂੰ ਅਮਨ-ਸ਼ਾਂਤੀਪੂਰਵਕ ਤਰੀਕੇ ਨਾਲ ਨੇਪੜੇ ਚਾੜਨ ਲਈ ਕਿ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ 18 ਅੰਤਰ ਰਾਜੀ ਨਾਕੇ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ 7 ਨਾਕਿਆਂ ਤੇ ਸੀਸੀਟੀਵੀ ਕੈਮਰੇ ਲਗਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਹਰ ਸੰਵੇਦਨਸ਼ੀਲ ਥਾਵਾਂ, ਬੱਸ ਸਟੈਡਾਂ ਅਤੇ ਬਜ਼ਾਰਾਂ ਆਦਿ ਵਿਚ ਤਲਾਸ਼ੀ ਅਭਿਆਨ ਵੀ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਥਾਵਾਂ ਜਿੱਥੇ ਪਹਿਲਾਂ ਚੋਣਾਂ ਸਮੇਂ ਲੜਾਈ ਝਗੜੇ, ਸ਼ਰਾਬ ਅਤੇ ਪੈਸੇ ਸਬੰਧੀ ਮਾਮਲੇ ਸਾਹਮਣੇ ਆਏ ਸਨ ਉਨ੍ਹਾਂ ਉਤੇ ਜ਼ਿਲ੍ਹਾ ਪੁਲਿਸ ਅਤੇ ਸਪੈਸ਼ਲ ਟੀਮਾਂ ਵਲੋਂ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਚੋਣਾਂ ਦੋਰਾਨ ਜ਼ਿਲ੍ਹਾ ਰੂਪਨਗਰ ਦੇ ਸਾਰੇ ਪੁਲਿਸ ਥਾਣਿਆਂ ਦੇ ਐਸ.ਐਚ.ਓ. ਸਾਹਿਬਾਨ ਸਫਲਤਾਂ ਪੂਰਵਕ ਲੋਕ ਸਭਾ ਚੋਣਾਂ ਨੂੰ ਨੇਪਰੇ ਚਾੜਨ ਦੇ ਲਈ ਅਪਣਾ ਸਹਿਯੋਗ ਦੇਣਗੇ ਤਾਂ ਜੋ ਚੋਣਾਂ ਦੇ ਦੌਰਾਨ ਹਰੇਕ ਤਰ੍ਹਾਂ ਦੀ ਅਪਰਾਧਿਕ ਗਤਿਵਿਧੀਆਂ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ-2024 ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਇਲਾਕਿਆਂ ਅੰਦਰ ਨਿਰਧਾਰਤ ਸਮੇਂ ਵਿੱਚ ਜਿਨ੍ਹਾਂ ਲੋਕਾਂ ਕੋਲ ਅਪਣੇ ਲਾਇਸੈਂਸੀ ਹਥਿਆਰ ਹਨ, ਉਨ੍ਹਾਂ ਨੂੰ ਜਮ੍ਹਾਂ ਕਰਵਾਉਂਣ ਦੇ ਆਦੇਸ਼ ਦਿੱਤੇ ਜਾਣ ਅਤੇ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਲਾਇਸੈਂਸੀ ਹਥਿਆਰ ਨੂੰ ਬਿਨ੍ਹਾਂ ਜ਼ਿਲ੍ਹਾ ਚੋਣ ਅਫਸਰ ਦੇ ਛੋਟ ਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਦੇ ਲਈ ਪੁਲਿਸ ਨਾਕਿਆਂ ਤੇ ਮੂਸਤੈਦੀ ਵਧਾਈ ਜਾਵੈ ਅਤੇ ਯਕੀਨੀ ਬਣਾਇਆ ਜਾਵੇ ਕਿ ਸ਼ਹਿਰ ਅੰਦਰ ਚੱਲਣ ਵਾਲੇ ਪੀ.ਸੀ.ਆਰ. ਨੂੰ ਵੀ ਮੁਸਤੈਦੀ ਨਾਲ ਅਪਣੀ ਡਿਊਟੀ ਨਿਭਾਉਣ ਲਈ ਪਾਬੰਦ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨਿਰਪੱਖਤਾ ਅਤੇ ਅਮਨ ਸ਼ਾਂਤੀ ਨਾਲ ਚੋਣਾਂ ਮੁਕੰਮਲ ਕਰਵਾਉਣ ਲਈ ਹਰ ਪੱਧਰ ਉੱਤੇ ਸੁਰੱਖਿਆ ਪ੍ਰਬੰਧਾ ਕਰ ਰਿਹਾ ਹੈ, ਜਿਨ੍ਹਾਂ ਦਾ ਨਿਰੰਤਰ ਨਿਰੀਖਣ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਪ੍ਰਬੰਧਾਂ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯਕੀਨੀ ਕੀਤਾ ਜਾ ਸਕੇ।

ਇਸ ਮੀਟਿੰਗ ਵਿੱਚ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਵ) ਸੰਜੀਵ ਕੁਮਾਰ, ਐਸ.ਪੀ. ਹੈੱਡਕੁਆਟਰ ਰਾਜਪਾਲ ਸਿੰਘ ਹੁੰਦਲ, ਐਸ.ਪੀ.(ਡੀ) ਰੁਪਿੰਦਰ ਕੌਰ ਸਰਾਂ, ਐਸ.ਪੀ. ਨਵਨੀਤ ਸਿੰਘ ਮਾਹਲ, ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ, ਐਸ.ਡੀ.ਐੱਮ. ਮੋਰਿੰਡਾ ਸੁਖਪਾਲ ਸਿੰਘ, ਐਸ.ਡੀ.ਐੱਮ ਨੰਗਲ ਅਨਮਜੋਤ ਕੌਰ, ਐਸ.ਡੀ.ਐੱਮ. ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ, ਐਸ.ਡੀ.ਐੱਮ. ਰੂਪਨਗਰ ਨਵਦੀਪ ਕੁਮਾਰ, ਚੋਣ ਤਹਿਸੀਲਦਾਰ ਪਲਵਿੰਦਰ ਸਿੰਘ, ਅਸਿਸਟੈਂਟ ਸਹਾਇਕ ਕਮਿਸ਼ਨਰ ਸ਼ੇਖਰ, ਮਾਸਟਰ ਟ੍ਰੈਨਰ ਦਿਨੇਸ਼ ਸੈਣੀ, ਪੁਲੀਸ ਵਿਭਾਗ ਦੇ ਜ਼ਿਲ੍ਹੇ ਦੇ ਸਮੂਹ ਡੀ.ਐਸ.ਪੀ., ਥਾਣਾ ਮੁਖੀ ਤੇ ਵੱਖ-ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।