ਰੂਪਨਗਰ ਵਿਖੇ ਸੀਐਸਸੀ-ਪਰਵਾਸੀ ਭਾਰਤੀ ਸਹਾਇਤਾ ਕੇਂਦਰ ਹੋਇਆ ਸਥਾਪਿਤ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਰੂਪਨਗਰ ਵਿਖੇ ਸੀਐਸਸੀ-ਪਰਵਾਸੀ ਭਾਰਤੀ ਸਹਾਇਤਾ ਕੇਂਦਰ ਹੋਇਆ ਸਥਾਪਿਤ
ਨਾਗਰਿਕਾਂ ਨੂੰ ਈ-ਮਾਈਗ੍ਰੇਟ ਵੈੱਬ ਪੋਰਟਲ ਨਾਲ ਸੰਬੰਧਤ ਸੁਵਿਧਾਵਾਂ ਕਰਵਾਏਗਾ ਮੁਹੱਈਆ
ਰੂਪਨਗਰ, 03 ਸਤੰਬਰ: ਪਰੋਟੈਕਟਰ ਆਫ਼ ਇਮੀਗ੍ਰੈਂਟਸ ਚੰਡੀਗੜ੍ਹ, ਵਿਦੇਸ਼ ਮੰਤਰਾਲੇ ਵੱਲੋਂ ਕਾਮਨ ਸਰਵਿਸ ਸੈਂਟਰ – ਐਸਪੀਵੀ ਦੇ ਸਹਿਯੋਗ ਨਾਲ ਇੱਕ ਨਵੀਂ ਪਹਿਲ ਕੀਤੀ ਗਈ ਹੈ, ਜਿਸ ਤਹਿਤ ਪੰਜਾਬ ਵਿੱਚ 5 ਸੀਐਸਸੀ-ਪਰਵਾਸੀ ਭਾਰਤੀ ਸਹਾਇਤਾ ਕੇਂਦਰ ਸਥਾਪਿਤ ਕੀਤੇ ਗਏ ਹਨ, ਇਹ ਕੇਂਦਰ ਜ਼ਿਲ੍ਹਾ ਰੂਪਨਗਰ, ਮੋਹਾਲੀ, ਹੁਸ਼ਿਆਰਪੁਰ ਅਤੇ ਜਲੰਧਰ (ਦੋ ਕੇਂਦਰ) ਵਿੱਚ ਸਥਾਪਿਤ ਕੀਤੇ ਗਏ ਹਨ।
ਅੱਜ ਰੂਪਨਗਰ ਵਿਖੇ ਇਸ ਕੇਂਦਰ ਦਾ ਉਦਘਾਟਨ ਸ਼੍ਰੀ ਯਸ਼ੂ ਦੀਪ ਸਿੰਘ, ਪਰੋਟੈਕਟਰ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਵੱਲੋਂ ਕੀਤਾ ਗਿਆ। ਇਹ ਸੇਵਾ ਕੇਂਦਰ ਨਾਗਰਿਕਾਂ ਨੂੰ ਈ-ਮਾਈਗ੍ਰੇਟ ਵੈੱਬ ਪੋਰਟਲ ਨਾਲ ਸੰਬੰਧਤ ਸੁਵਿਧਾਵਾਂ ਮੁਹੱਈਆ ਕਰਵਾਉਣਗੇ ਅਤੇ ਜ਼ਮੀਨੀ ਪੱਧਰ ‘ਤੇ ਵਿਦੇਸ਼ ਪਰਵਾਸ ਦੇ ਇੱਛੁਕ ਨੌਜਵਾਨਾਂ ਤੱਕ ਪਹੁੰਚ ਮਜ਼ਬੂਤ ਕਰਨਗੇ।
ਸੀਐਸਸੀ-ਪੀਬੀਐਸਕੇ ਪਰੋਟੈਕਟਰ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਦੇ ਨਾਲ ਕੰਮ ਕਰਨਗੇ ਅਤੇ ਆਮ ਜਨਤਾ ਲਈ ਜਾਣਕਾਰੀ, ਸੁਵਿਧਾ ਤੇ ਸ਼ਿਕਾਇਤ-ਨਿਵਾਰਨ ਮੰਚ ਵਜੋਂ ਸੇਵਾ ਦੇਣਗੇ। ਇਹ ਕੇਂਦਰ ਨਾਗਰਿਕਾਂ ਨੂੰ ਵਿਦੇਸ਼ੀ ਰੋਜ਼ਗਾਰ ਅਤੇ ਵਿਦੇਸ਼ ਪਰਵਾਸ ਨਾਲ ਸੰਬੰਧਤ ਵੱਖ-ਵੱਖ ਮਾਮਲਿਆਂ ਬਾਰੇ ਸਲਾਹ ਤੇ ਸਹਾਇਤਾ ਪ੍ਰਦਾਨ ਕਰਨਗੇ।
ਸੀਐਸਸੀ-ਪੀਬੀਐਸਕੇ ‘ਦੇ ਵਿੱਚ ਉਪਲਬਧ ਮੁੱਖ ਸੇਵਾਵਾ ਜਨ-ਸਹਾਇਤਾ ਤੇ ਰਹਿਨੁਮਾਈ (ਰਜਿਸਟਰਡ ਰਿਕਰੂਟਿੰਗ ਏਜੰਟਸ, ਇਮੀਗ੍ਰੇਸ਼ਨ ਕਲੀਅਰੈਂਸ ਬਾਰੇ ਜਾਣਕਾਰੀ ਅਤੇ ਗੈਰ-ਕਾਨੂੰਨੀ ਏਜੰਟਸ ਖ਼ਿਲਾਫ਼ ਲੋਕਾਂ ਦੀਆਂ ਸ਼ਿਕਾਇਤਾਂ ਵਿੱਚ ਸਹਾਇਤਾ), ਵਿਦੇਸ਼ੀ ਰੋਜ਼ਗਾਰ ਜਾਣਕਾਰੀ (ਵਿਦੇਸ਼ੀ ਨੌਕਰੀਆਂ ਦੇ ਮੌਕੇ, ਭਰਤੀ ਪ੍ਰਕਿਰਿਆ ਅਤੇ ਰਿਕਰੂਟਿੰਗ ਏਜੰਟਸ ਦੇ ਇੰਟਰਵਿਊ ਸਮੇਂ ਸਬੰਧੀ ਰਹਿਨੁਮਾਈ), ਰਿਕਰੂਟਿੰਗ ਏਜੰਟਸ ਦੀ ਜਾਂਚ (ਅਧਿਕਾਰਤ ਈ-ਮਾਈਗ੍ਰੇਟ ਪੋਰਟਲ (www.emigrate.gov.in) ਰਾਹੀਂ ਰਿਕਰੂਟਿੰਗ ਏਜੰਟਸ ਦੀ ਪ੍ਰਮਾਣਿਕਤਾ ਤੇ ਲਾਇਸੈਂਸ ਸਥਿਤੀ ਦੀ ਜਾਂਚ), ਬੀਮਾ ਤੇ ਰਜਿਸਟ੍ਰੇਸ਼ਨ ਸਹਾਇਤਾ (ਪਰਵਾਸੀ ਭਾਰਤੀ ਬੀਮਾ ਯੋਜਨਾ ਬੀਮਾ, ਰਜਿਸਟ੍ਰੇਸ਼ਨ ਅਤੇ ਹੋਰ ਸੰਬੰਧਤ ਸੇਵਾਵਾਂ ਬਾਰੇ ਜਾਣਕਾਰੀ),ਕਾਨੂੰਨੀ ਪਰਵਾਸ ਦਾ ਪ੍ਰਚਾਰ (ਸੁਰੱਖਿਅਤ, ਕਾਨੂੰਨੀ ਤੇ ਪਾਰਦਰਸ਼ੀ ਪਰਵਾਸ ਰਾਸਤੇ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਗੈਰ-ਕਾਨੂੰਨੀ ਮਾਰਗਾਂ ਤੋਂ ਰੋਕਣਾ), ਡਿਜ਼ਿਟਲ ਸਹਾਇਤਾ (ਈ-ਮਾਈਗ੍ਰੇਟ ਪੋਰਟਲ ਰਾਹੀਂ ਅਰਜ਼ੀਆਂ ਭੇਜਣ, ਸ਼ਿਕਾਇਤਾਂ ਦਰਜ ਕਰਨ ਅਤੇ ਵਿਦੇਸ਼ ਮੰਤਰਾਲੇ ਤੇ ਭਾਰਤੀ ਮਿਸ਼ਨਾਂ ਵੱਲੋਂ ਜਾਰੀ ਧੋਖਾਧੜੀ ਰੋਕਥਾਮ ਸਲਾਹਾਂ ਤੱਕ ਪਹੁੰਚ) ਆਦਿ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਇਨ੍ਹਾਂ ਕੇਂਦਰਾਂ ਦੀ ਸਥਾਪਨਾ ਵਿਦੇਸ਼ ਮੰਤਰਾਲੇ ਦੀ ਦ੍ਰਿਸ਼ਟੀ “ਸੁਰੱਖਿਅਤ ਜਾਏ, ਪ੍ਰਸ਼ਿਕਸ਼ਿਤ ਜਾਏ” ਨੂੰ ਦਰਸਾਉਂਦੀ ਹੈ, ਜਿਸਦਾ ਮੁੱਖ ਉਦੇਸ਼ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਅਤੇ ਕਾਨੂੰਨੀ ਵਿਦੇਸ਼ ਯਾਤਰਾ ਯਕੀਨੀ ਬਣਾਉਣਾ ਹੈ। ਸੀਐਸਸੀ ਦੇ ਗ੍ਰਾਮ ਪੱਧਰੀ ਉਦਮੀ ਰਾਹੀਂ ਈ-ਮਾਈਗ੍ਰੇਟ ਸੰਬੰਧਤ ਸੇਵਾਵਾਂ ਦੇ ਪ੍ਰਸਾਰ ਨਾਲ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਖ਼ਾਸ ਕਰਕੇ ਅਰਧ-ਸ਼ਹਿਰੀ ਅਤੇ ਪਿੰਡ-ਪੱਧਰੀ ਖੇਤਰਾਂ ਦੇ ਨਾਗਰਿਕ ਵੀ ਇਹ ਸੁਵਿਧਾਵਾਂ ਆਸਾਨੀ ਨਾਲ ਲੈ ਸਕਣ।
ਪਰੋਟੈਕਟਰ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਲੋਕਾਂ ਅਤੇ ਵਿਦੇਸ਼ ਜਾਣ ਦੇ ਇੱਛੁਕ ਪਰਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਸੀਐਸਸੀ-ਪੀਬੀਐਸਕੇ ਕੇਂਦਰਾਂ ਦੀਆਂ ਸੇਵਾਵਾਂ ਲੈਣ ਅਤੇ ਸਿਰਫ਼ ਕਾਨੂੰਨੀ ਅਤੇ ਰਜਿਸਟਰਡ ਮਾਰਗਾਂ ਰਾਹੀਂ ਹੀ ਵਿਦੇਸ਼ ਰੋਜ਼ਗਾਰ ਪ੍ਰਾਪਤ ਕਰਨ। ਵਿਦੇਸ਼ ਮੰਤਰਾਲੇ ਦੇ ਅਧਿਕਾਰਕ ਈ-ਮਾਈਗ੍ਰੇਟ ਪੋਰਟਲ (www.emigrate.gov.in) ਦੇ ਰਾਹੀਂ ਇੱਛੁਕ ਨੌਜਵਾਨ ਅਸਲ ਤੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਇਸ ਮੌਕੇ ਸੀਐਸਸੀ ਸਟੇਟ ਹੈਡ ਭੁਪਿੰਦਰ ਸਿੰਘ ਅਤੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੀਨਾਕਸ਼ੀ ਬੇਦੀ, ਡਾ. ਜਸਵੀਰ ਸਿੰਘ ਅਤੇ ਸ਼ਹਿਰਵਾਸੀ ਹਾਜ਼ਰ ਸਨ।