ਰੂਪਨਗਰ ਪੁਲੀਸ ਵੱਲੋਂ ਓਪਰੇਸ਼ਨ ਵਿਜੀਲ ਤਹਿਤ ਮੋਰਿੰਡਾ ਵਿਖ਼ੇ ਵੱਖ-ਵੱਖ ਥਾਵਾਂ ਉਤੇ ਨਾਕਾਬੰਦੀ ਕੀਤੀ

ਜ਼ਿਲ੍ਹਾ ਲੋਕ ਸੰਪਰਕ ਦਫਤਰ, ਰੂਪਨਗਰ
ਰੂਪਨਗਰ ਪੁਲੀਸ ਵੱਲੋਂ ਓਪਰੇਸ਼ਨ ਵਿਜੀਲ ਤਹਿਤ ਮੋਰਿੰਡਾ ਵਿਖ਼ੇ ਵੱਖ-ਵੱਖ ਥਾਵਾਂ ਉਤੇ ਨਾਕਾਬੰਦੀ ਕੀਤੀ
ਮੋਰਿੰਡਾ, 10 ਮਈ: ਰੂਪਨਗਰ ਪੁਲੀਸ ਵੱਲੋਂ ਓਪਰੇਸ਼ਨ ਵਿਜੀਲ ਤਹਿਤ ਵਿਸ਼ੇਸ ਮੁਹਿੰਮ ਚਲਾ ਕੇ ਅੱਜ ਮੋਰਿੰਡਾ ਵਿਖੇ ਵੱਖ-ਵੱਖ ਥਾਵਾਂ ਉਤੇ ਨਾਕਾਬੰਦੀ ਕੀਤੀ ਗਈ ਅਤੇ ਬਸ ਸਟੈਂਡ ਮੋਰਿੰਡਾ ਤੋਂ ਬਾਜ਼ਾਰ ਤੱਕ ਫਲੈਗ ਮਾਰਚ ਕੱਢਿਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਆਈ.ਜੀ ਰੇਂਜ ਰੂਪਨਗਰ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅਪਰਾਧਿਕ ਗਤੀ-ਵਿਧੀਆਂ ਨੂੰ ਰੋਕਣ ਵਿਚ ਪੁਲਿਸ ਨਾਕਾਬੰਦੀ ਦਾ ਅਹਿਮ ਰੋਲ ਹੁੰਦਾ ਹੈ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਪੁਲਿਸ ਅਧਿਕਾਰੀਆ ਦੀ ਨਿਗਰਾਨੀ ਹੇਠ ਲਗਾਏ ਗਏ ਪੁਲਿਸ ਨਾਕਿਆਂ ਉਤੇ ਵੱਡੀ ਗਿਣਤੀ ਵਿਚ ਵਾਹਨਾਂ ਦੀ ਚੈਕਿੰਗ ਕੀਤੀ ਗਈ।
ਸ. ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਪੁਲਿਸ ਵਲੋਂ ਇਲਾਕੇ ਵਿਚ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਅਧਿਕਾਰੀਆਂ ਵਲੋਂ 24 ਘੰਟੇ ਤਨਦੇਹੀ ਨਾਲ ਨੌਕਰੀ ਨਿਭਾਈ ਜਾ ਰਹੀ ਹੈ ਜਿਸ ਕਰਕੇ ਐਸ.ਐਸ.ਪੀ ਰੂਪਨਗਰ ਸ੍ਰੀ ਵਿਵੇਕ ਐੱਸ ਸੋਨੀ ਦੀ ਅਗਵਾਈ ਹੇਠ ਅਪਰਾਧਿਕ ਪਿਛੋਕੜ ਵਾਲੇ ਗੈਂਗਸਟਰ, ਭੋਗ੍ਰਿਆਂ ਅਤੇ ਨਸ਼ਿਆਂ ਦੀ ਵਿਆਪਕ ਪੱਧਰ ਉਤੇ ਪਕੜ ਕੀਤੀ ਗਈ ਹੈ।
ਬੱਸ ਸਟੈਂਡ ਵਿਖੇ ਫਲੈਗ ਮਾਰਚ ਵਿਚ ਸ਼ਾਮਿਲ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਆਈ.ਜੀ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿਚ ਹਰ ਪੱਧਰ ਉਤੇ ਇਲਾਕਾ ਵਾਸੀਆਂ ਨੂੰ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਪ੍ਰਦਾਨ ਕਰਨਾ ਤੁਹਾਡੀ ਪਹਿਲੀ ਜ਼ਿੰਮੇਵਾਰੀ ਹੈ ਜਿਸ ਲਈ ਆਪ ਸਭ ਵਲੋਂ ਆਪਣੀ ਡਿਊਟੀ ਨਿਰਪੱਖਤਾ ਅਤੇ ਨਿਡਰਤਾ ਨਾਲ਼ ਨਿਭਾਈ ਜਾਵੇ। ਉਨ੍ਹਾਂ ਕਿਹਾ ਕਿ ਆਪ ਸਭ ਸਮਾਜ ਵਿਚ ਸਿੱਧੇ ਤੌਰ ਉਤੇ ਵਿਚਰਦੇ ਹੋ ਜਿਸ ਕਰਕੇ ਹਰ ਤਰ੍ਹਾਂ ਦੀ ਜਾਣਕਾਰੀ ਆਪ ਤੱਕ ਪਹੁੰਚਦੀ ਹੈ ਜਿਸ ਉਪਰੰਤ ਲੋਕਾਂ ਦੇ ਆਮ ਮਸਲਿਆਂ ਤੋਂ ਲੈ ਕੇ ਗੰਭੀਰ ਮਾਮਲੇ ਹੱਲ ਕਰਨਾ ਤੁਹਾਡੀ ਡਿਊਟੀ ਹੈ।
ਐਸ.ਐਸ.ਪੀ ਰੂਪਨਗਰ ਸ਼੍ਰੀ ਵਿਵੇਕ ਐੱਸ ਸੋਨੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਚੈਕਿੰਗ ਅਤੇ ਨਾਕਾਬੰਦੀ ਦਾ ਮੁੱਖ ਉਦੇਸ਼ ਆਮ ਲੋਕਾਂ ਦੇ ਲਈ ਸੁਖਾਵਾਂ ਮਾਹੌਲ , ਲੋਕਾਂ ਵਿੱਚ ਸਹੀ ਸੋਚ ਅਤੇ ਉਸਾਰੂ ਵਿਸ਼ਵਾਸ ਪੈਦਾ ਕਰਨਾ ਹੈ ਅਤੇ ਨਾਲ ਹੀ ਸ਼ਰਾਰਤੀ ਅਨਸਰਾਂ ਉੱਤ ਨਕੇਲ ਕੱਸਣ ਅਤੇ ਕਾਬੂ ਕਰਨ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਅਪਰਾਧਿਕ ਸੋਚ ਵਾਲੇ ਗੈਰ ਸਮਾਜੀ ਤੱਤਾਂ ਵਾਲੇ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕਣ।
ਇਸ ਮੌਕੇ ਐਸ.ਪੀ ਹੈੱਡਕੁਆਟਰ ਸ. ਰਾਜਪਾਲ ਸਿੰਘ ਹੁੰਦਲ ਅਤੇ ਪੁਲਿਸ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।