ਬੰਦ ਕਰੋ

ਰੂਪਨਗਰ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ 385 ਕਿੱਲੋ ਡੋਡੇ ਚੂਰਾ ਪੋਸਤ ਦੀ ਬਰਾਮਦਗੀ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ

ਪ੍ਰਕਾਸ਼ਨ ਦੀ ਮਿਤੀ : 10/03/2026
Rupnagar, March 10: In a major operation under the war on drugs campaign, Rupnagar Police arrested two persons after recovering 385 kg of crushed poppy husk.

ਰੂਪਨਗਰ, 10 ਮਾਰਚ: ਰੂਪਨਗਰ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ 385 ਕਿੱਲੋ ਡੋਡੇ ਚੂਰਾ ਪੋਸਤ ਦੀ ਬਰਾਮਦਗੀ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।

ਇਸ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ.ਐੱਸ.ਪੀ. ਰੂਪਨਗਰ ਸ. ਮਨਿੰਦਰ ਸਿੰਘ ਆਈ.ਪੀ.ਐੱਸ. ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਟੀਮ ਵੱਲੋਂ ਪਿੰਡ ਭਟੋਲੀ ਨੇੜੇ ਨਾਕਾਬੰਦੀ ਦੌਰਾਨ ਇੱਕ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਟਰੱਕ ਵਿੱਚੋਂ ਪੁਲਿਸ ਨੇ ਕੁੱਲ 03 ਕੁਆਂਟਲ 85 ਕਿੱਲੋ (385 ਕਿੱਲੋ) ਡੋਡੇ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ।

ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਸਬੰਧੀ ਮੁਕੱਦਮਾ ਨੰਬਰ 34, ਮਿਤੀ 09.03.2026 ਅਧੀਨ ਧਾਰਾ 15-61-85 ਐੱਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਕੀਰਤਪੁਰ ਸਾਹਿਬ ਵਿਖੇ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਟਰੱਕ ਦੇ ਚਾਲਕ ਵਿਕਰਮ ਸਿੰਘ ਉਰਫ਼ ਵਿੱਕੀ ਪੁੱਤਰ ਜਗਦੀਸ਼ ਕੁਮਾਰ ਵਾਸੀ ਪਿੰਡ ਗਰਨਾਲ, ਜ਼ਿਲ੍ਹਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਅਤੇ ਕੰਡਕਟਰ ਅਰੁਣ ਕੁਮਾਰ ਪੁੱਤਰ ਮਦਨ ਲਾਲ ਵਾਸੀ ਪਿੰਡ ਡਲਿਆਈ, ਜ਼ਿਲ੍ਹਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਮੌਕੇ ਤੋਂ ਐੱਚ.ਪੀ. 67 8087 ਨੰਬਰੀ ਟਰੱਕ ਵੀ ਜ਼ਬਤ ਕਰ ਲਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਤੋਂ ਇਲਾਵਾ ਪਿੰਡ ਪੁਰਖਾਲੀ ਨੇੜੇ ਹੋਏ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾ ਕੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਐੱਸ.ਪੀ. (ਤਫਤੀਸ਼) ਸ. ਗੁਰਦੀਪ ਸਿੰਘ ਗੋਸਲ ਪੀ.ਪੀ.ਐੱਸ. ਦੀ ਨਿਗਰਾਨੀ ਹੇਠ ਡੀ.ਐੱਸ.ਪੀ. ਸ੍ਰੀ ਜਸ਼ਨਦੀਪ ਸਿੰਘ, ਡੀ.ਐੱਸ.ਪੀ. ਸ੍ਰੀ ਰਾਜਪਾਲ ਸਿੰਘ ਗਿੱਲ ਅਤੇ ਇੰਸਪੈਕਟਰ ਜਤਿਨ ਕਪੂਰ ਦੀਆਂ ਟੀਮਾਂ ਸਮੇਤ ਥਾਣਾ ਸਦਰ ਰੂਪਨਗਰ ਅਤੇ ਸੀ.ਆਈ.ਏ. ਸਟਾਫ਼ ਵੱਲੋਂ ਸਾਂਝੀ ਕਾਰਵਾਈ ਕੀਤੀ ਗਈ।

ਸ. ਮਨਿੰਦਰ ਸਿੰਘ ਨੇ ਦੱਸਿਆ ਕਿ ਰੂਪਨਗਰ ਪੁਲਿਸ ਨੂੰ 2 ਮਾਰਚ, 2026 ਨੂੰ ਪਿੰਡ ਪੁਰਖਾਲੀ ਨੇੜੇ ਮਿਲੀ ਅਲੀ ਮੁਹੰਮਦ ਉਰਫ਼ ਤੰਨੂ ਦੀ ਲਾਸ਼ ਮਿਲੀ ਸੀ। ਪੁਲਿਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਅਤੇ ਤਕਨੀਕੀ ਸਹਾਇਤਾ ਨਾਲ ਕੀਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਵਿਅਕਤੀ ਦਾ ਕਤਲ ਪੁਰਾਣੀ ਰੰਜਿਸ਼ ਕਾਰਨ ਅਗਵਾ ਕਰਕੇ ਕੀਤਾ ਗਿਆ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਮੁਕੱਦਮਾ ਨੰਬਰ 27, 2 ਮਾਰਚ, 2026 ਅਧੀਨ ਧਾਰਾ 103(1) ਬੀ.ਐੱਨ.ਐੱਸ. ਅਤੇ 25, 27 ਏ.ਆਰ.ਐੱਮ.ਐੱਸ. ਐਕਟ ਤਹਿਤ ਥਾਣਾ ਸਦਰ ਰੂਪਨਗਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਮਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਨਵਾਂ ਸ਼ਹਿਰ (ਬਡਾਲਾ) ਥਾਣਾ ਸਦਰ ਖਰੜ ਜਿਲ੍ਹਾ ਐਸ.ਏ.ਐਸ ਨਗਰ, ਰਿੱਕੀ ਪੁੱਤਰ ਗੁਰਜੀਤ ਸਿੰਘ, ਸੁਖਵਿੰਦਰ ਕੌਰ ਪਤਨੀ ਰਿੱਕੀ ਅਤੇ ਗੁਰਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀਆਨ ਪਿੰਡ ਚੂਹੜ ਮਾਜਰਾ ਥਾਣਾ ਸ੍ਰੀ ਚਮਕੌਰ ਸਾਹਿਬ ਜਿਲ੍ਹਾ ਰੂਪਨਗਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਰਿੱਕੀ ਖਿਲਾਫ ਪਹਿਲਾਂ ਵੀ ਕਰੀਬ 10 ਮੁਕੱਦਮੇ ਵੱਖ-ਵੱਖ ਧਾਰਾਵਾਂ ਹੇਠ ਦਰਜ ਹਨ, ਜਦਕਿ ਅਮਨਦੀਪ ਸਿੰਘ ਖਿਲਾਫ ਪਹਿਲਾਂ 02 ਐਕਸਾਈਜ ਐਕਟ ਦੇ ਕੇਸ ਦਰਜ ਹਨ।

ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਸਿਲਵਰ ਰੰਗ ਦੀ ਇਨੋਵਾ ਕਾਰ ਨੰਬਰ ਸੀ.ਐੱਚ.-04-ਸੀ-2618 ਵੀ ਬਰਾਮਦ ਕਰ ਲਈ ਹੈ। ਮਾਮਲੇ ਨਾਲ ਸਬੰਧਤ ਕੁਝ ਹੋਰ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।