ਬੰਦ ਕਰੋ

ਰੂਪਨਗਰ ਪੁਲਸ ਨੇ 2 ਦੋਸ਼ੀਆਂ ਨੂੰ 21,500 ਰੁਪਏ ਦੀ 500 ਰੁਪਏ ਦੇ ਨੋਟਾਂ ਦੀ ਨਕਲੀ ਕਰੰਸੀ ਸਮੇਤ ਕੀਤਾ ਗ੍ਰਿਫ਼ਤਾਰ

ਪ੍ਰਕਾਸ਼ਨ ਦੀ ਮਿਤੀ : 30/08/2024
Rupnagar Police arrested 2 accused with counterfeit currency of Rs 500 notes worth Rs 21,500

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਰੂਪਨਗਰ ਪੁਲਸ ਨੇ 2 ਦੋਸ਼ੀਆਂ ਨੂੰ 21,500 ਰੁਪਏ ਦੀ 500 ਰੁਪਏ ਦੇ ਨੋਟਾਂ ਦੀ ਨਕਲੀ ਕਰੰਸੀ ਸਮੇਤ ਕੀਤਾ ਗ੍ਰਿਫ਼ਤਾਰ

ਪ੍ਰਿੰਟਰ ਸਮੇਤ ਹੋਰ ਸਮਾਨ ਕੀਤਾ ਬਰਾਮਦ, ਦੋ ਹੋਰ ਸਹਿ-ਦੋਸ਼ੀਆਂ ਦੀ ਭਾਲ ਜਾਰੀ

ਰੂਪਨਗਰ, 30 ਅਗਸਤ: ਰੂਪਨਗਰ ਪੁਲਸ ਵਲੋਂ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ 2 ਦੋਸ਼ੀਆਂ ਨੂੰ 21,500 ਰੁਪਏ ਦੀ 500 ਰੁਪਏ ਦੇ ਨੋਟਾਂ ਦੀ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦੇ ਹੋਏ ਐੱਸ.ਪੀ. ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਅੰਦਰ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਜਾਅਲੀ ਕਰੰਸੀ ਛਾਪਣ ਅਤੇ ਚਲਾਉਣ ਵਾਲੇ ਵਿਅਕਤੀਆਂ ਦਾ ਪਰਦਾਫਾਸ਼ ਕਰਦੇ ਹੋਏ ਦੋਸ਼ੀ ਕੁਲਵੰਤ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ।

ਉਨ੍ਹਾਂ ਦੱਸਿਆ ਕਿ 27 ਅਗਸਤ 2024 ਨੂੰ ਇੱਕ ਵਿਅਕਤੀ ਆਪਣੇ ਸਾਥੀਆਂ ਨਾਲ ਸਵੀਫਟ ਡਜਾਇਰ ਕਾਰ ਨੰਬਰ HR-03-R-9124 ਵਿੱਚ ਸਵਾਰ ਹੋ ਕੇ ਲੁਠੇੜੀ ਵਿਖੇ ਆਏ ਸਨ। ਜਿਹਨਾਂ ਵਿੱਚੋ ਇੱਕ ਵਿਅਕਤੀ ਲੁਠੇੜੀ ਵਿਖੇ ਹਲਵਾਈ ਦੀ ਦੁਕਾਨ ਤੇ 500/- ਰੁਪਏ ਭਾਰਤੀ ਕਰੰਸੀ ਦਾ ਜਾਅਲੀ ਨੋਟ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜੋ ਮਾਰਕੀਟ ਵਿੱਚ ਰੌਲਾ ਪੈਣ ਤੇ ਆਪਣੇ ਸਾਥੀਆਂ ਨਾਲ ਉੱਥੇ ਭੱਜ ਗਿਆ।

ਦੋਸ਼ੀ 28 ਅਗਸਤ 2024 ਨੂੰ ਫਿਰ ਦੁਬਾਰਾ ਬੱਸ ਅੱਡਾ ਮਾਰਕੀਟ ਲੁਠੇੜੀ ਵਿੱਚ ਘੁੰਮ-ਫਿਰ ਕੇ 500/- ਰੁਪਏ ਭਾਰਤੀ ਕਰੰਸੀ ਦਾ ਜਾਅਲੀ ਨੋਟ ਚਲਾਉਣ ਦੀ ਕੋਸ਼ਿਸ ਕਰ ਰਿਹਾ ਸੀ, ਜਿਸ ਨੂੰ ਸਹਾਇਕ ਥਾਣੇਦਾਰ ਸੰਜੀਵ ਕੁਮਾਰ 568/ਆਰ ਇੰਚਾਰਜ ਪੁਲਿਸ ਚੌਕੀ ਲੁਠੇੜੀ ਥਾਣਾ ਸਦਰ ਮੋਰਿੰਡਾ ਨੇ ਕਾਬੂ ਕੀਤਾ।

ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਸ਼ਨਾਖਤ ਕੁਲਵੰਤ ਸਿੰਘ ਵਾਸੀ ਕੋਠੇ ਪੱਤੀ ਮੁਹੱਬਤਾ, ਥਾਣਾ ਮਹਿਣਾ, ਜਿਲ੍ਹਾ ਮੋਗਾ ਹੋਈ। ਜਿਸ ਉਤੇ ਮੁਕੱਦਮਾ ਨੰਬਰ 54 ਮਿਤੀ 28.08.2028 ਅ/ਧ 179,180 BNS ਥਾਣਾ ਸਦਰ ਮੋਰਿੰਡਾ ਦਰਜ ਰਜਿਸਟਰ ਕੀਤਾ ਗਿਆ।

ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਕੁਲਵੰਤ ਸਿੰਘ ਦੀ ਪੁੱਛਗਿੱਛ ਦੇ ਆਧਾਰ ਤੇ ਇਸਦੇ ਸਾਥੀਆ ਜਸਵਿੰਦਰ ਸਿੰਘ ਅਤੇ ਕੁਲਵੀਰ ਸਿੰਘ ਪੁੱਤਰਾਨ ਅਜੀਤ ਸਿੰਘ ਵਾਸੀ ਪਿੰਡ ਬੂਟਰ ਕਲਾ ਥਾਣਾ ਬਧਨੀ ਕਲਾਂ ਜ਼ਿਲ੍ਹਾ ਮੋਗਾ ਅਤੇ ਜੋਧ ਸਿੰਘ ਵਾਸੀ ਪਿੰਡ ਸਿੰਘਵਾਲਾ ਜ਼ਿਲ੍ਹਾ ਮੋਗਾ ਨੂੰ ਦੋਸ਼ੀਆਨ ਵਜੇ ਨਾਮਜਦ ਕਰਕੇ ਮੁਕੱਦਮਾ ਹਜਾ ਵਿੱਚ ਜੁਰਮ ਅ/ਧ 181 BNS ਦਾ ਵਾਧਾ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਦੋਸ਼ੀ ਕੁਲਵਿੰਦਰ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਦੋਸ਼ੀ ਜਸਵਿੰਦਰ ਸਿੰਘ ਅਤੇ ਕੁਲਵੀਰ ਸਿੰਘ ਨਾਲ ਉਸਦਾ ਮਿਲਾਪ ਫਰੀਦਕੋਟ ਜੇਲ੍ਹ ਵਿੱਚ ਹੋਇਆ ਸੀ ਜਿੱਥੇ ਉਹਨਾ ਨੇ ਨਕਲੀ ਕਰੰਸੀ ਨੋਟ ਤਿਆਰ ਕਰਨ ਦੀ ਯੋਜਨਾਬੰਦੀ ਕੀਤੀ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਜਸਵਿੰਦਰ ਸਿੰਘ ਉਕਤ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਤੇ ਉਸ ਪਾਸੇ ਨਕਲੀ ਕਰੰਸੀ ਛਾਪਣ ਵਾਲੀ ਪ੍ਰਿੰਟਰ ਮਸ਼ੀਨ ਨੂ ਬਰਾਮਦ ਕੀਤਾ ਗਿਆ। ਮਿਤੀ 29.08.2024 ਨੂੰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 01 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਦੋਸ਼ੀ ਕੁਲਵੰਤ ਸਿੰਘ ਪਾਸੋਂ ਫਰਦ ਬਿਆਨ ਇੰਕਸ਼ਾਫ ਅ/ਧ 23(2) BSA ਤਹਿਤ 500/- ਰੁ: ਦੇ ਦੋ ਹੋਰ ਨਕਲੀ ਭਾਰਤੀ ਕਰੰਸੀ ਨੋਟ (ਕੁੱਲ 1500/- ਰੁ:) ਬਰਾਮਦ ਕਰਾਏ ਗਏ।

ਐੱਸ.ਪੀ. ਰੁਪਿੰਦਰ ਕੌਰ ਨੇ ਦੱਸਿਆ ਕਿ ਅੱਜ 30.08.2024 ਨੂੰ ਦੋਸ਼ੀ ਜਸਵਿੰਦਰ ਸਿੰਘ ਪਾਸੋਂ ਫਰਦ ਬਿਆਨ ਇੰਕਸ਼ਾਫ ਧ 23(2) BSA ਤਹਿਤ ਪਿੰਡ ਦੋਦਰ ਸਰਕੀ ਥਾਣਾ ਬੱਧਨੀ ਕਲਾ ਜਿਲ੍ਹਾ ਮੋਗਾ ਵਿਖੇ ਉਸਦੀ ਮੋਬਾਈਲ ਰਿਪੇਅਰ ਦੀ ਦੁਕਾਨ ਤੇ 500/- ਰੁ: ਦੇ 40 ਨਕਲੀ ਭਾਰਤੀ ਕਰੰਸੀ ਨੋਟ (ਕੁੱਲ 20,000/- ਰੁ:) ਇਕ ਕਟਰ ਅਤੇ ਨੋਟ ਬਣਾਉਣ ਲਈ ਵਰਤੇ ਜਾਣ ਵਾਲੇ 120 ਕਾਗਜਾ ਦਾ 01 ਬੰਡਲ A4 ਸਾਈਜ਼, 20 ਖੁੱਲੇ ਕਾਗਜ ਅਤੇ ਰੈਪਰ ਰੰਗ ਹਰਾ ਜੋ ਨੋਟ ਤੇ ਲਗਾਏ ਜਾਂਦੇ ਹਨ, ਬਰਾਮਦ ਕੀਤੇ ਗਏ।

ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਖਿਲਾਫ ਪਹਿਲਾਂ ਵੀ ਇਸੀ ਜੁਰਮ ਅਤੇ ਧੋਖਾਧੜੀ ਦੇ ਜੁਰਮਾ ਤਹਿਤ ਮੁਕੱਦਮੇ ਦਰਜ ਹੋਏ ਹਨ। ਦੋਸ਼ੀ ਜਸਵਿੰਦਰ ਸਿੰਘ ਖਿਲਾਫ ਮੁਕੱਦਮਾ ਨੰਬਰ 33 ਮਿਤੀ 4.4.2018 ਅ/ਧ ਮੋਗਾ ਦਰਜ ਹੈ ਜਿਸ ਵਿੱਚ ਉਸਨੂੰ 7 ਸਾਲ ਦੀ ਸਜ਼ਾ ਹੋਈ ਹੈ। ਦੋਸ਼ੀ ਕੁਲਵੀਰ ਸਿੰਘ ਖਿਲਾਫ ਮੁਕੱਦਮਾ ਨੰਬਰ 33 ਮਿਤੀ 04.04.2018 ਅ/ਧ 489-A, 489-B, 489-C, 489-D ਥਾਣਾ ਮਹਿਣਾ ਜਿਲਾ ਮੋਗਾ ਦਰਜ ਹੈ ਜਿਸ ਵਿੱਚ ਉਸਨੂੰ 7 ਸਾਲ ਦੀ ਸਜ਼ਾ ਹੋ ਚੁੱਕੀ ਹੈ ਅਤੇ ਮੁਕਦਮਾ ਨੰਬਰ 15 ਮਿਤੀ 23.01.2018 ਅ/ਧ 489-B, 489-C, 489-D ਥਾਣਾ ਮਾਛੀਵਾੜਾ ਜ਼ਿਲ੍ਹਾ ਖੰਨਾ ਵਿਖੇ ਦਰਜ ਹੈ। ਦੋਸ਼ੀ ਕੁਲਵੰਤ ਸਿੰਘ ਖਿਲਾਫ ਕੋਰਟ ਕੰਪਲੇਟ ਕੇਸ ਅ/ਧ 138,142 NIA, 420 IPC ਦਰਜ ਹੈ ਜਿਸ ਵਿਚ ਉਸਨੂੰ 01 ਸਾਲ ਦੀ ਸਜ਼ਾ ਹੋਈ ਹੈ ਅਤੇ ਕੋਰਟ ਕੰਪਲੇਟ ਕੇਸ ਨੰਬਰ 37 ਮਿਤੀ 10.05.2016 ਅ/ਧ 138,142 NIA ਥਾਣਾ ਦੱਖਣੀ ਮੋਗਾ ਜਿਲਾ ਮੋਗਾ ਦਰਜ ਹੈ। ਉਨ੍ਹਾਂ ਕਿਹਾ ਕਿ ਜੋ ਇਨ੍ਹਾਂ ਦੇ ਸਾਥੀ ਦੋਸ਼ੀਆਂ ਦੀ ਭਾਲ ਲਗਾਤਾਰ ਜਾਰੀ ਹੈ ਜਿਹਨਾ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋਨੇ ਦੋਸ਼ੀਆਂ ਦਾ ਹੋਰ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿਹਨਾ ਪਾਸੋਂ ਹੋਰ ਵੱਡੇ ਖੁਲਾਸੇ ਹੋਣ ਅਤੇ ਹੋਰ ਨਕਲੀ ਕਰੰਸੀ ਨੋਟਾਂ ਦੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।