ਰੂਪਨਗਰ ਜ਼ਿਲ੍ਹੇ ਦੇ 4 ਪ੍ਰੀਖਿਆ ਕੇਂਦਰ ‘ਚ 4 ਮਈ ਨੂੰ ਹੋਵੇਗੀ ਨੀਟ ਦੀ ਪ੍ਰੀਖਿਆ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਰੂਪਨਗਰ ਜ਼ਿਲ੍ਹੇ ਦੇ 4 ਪ੍ਰੀਖਿਆ ਕੇਂਦਰ ‘ਚ 4 ਮਈ ਨੂੰ ਹੋਵੇਗੀ ਨੀਟ ਦੀ ਪ੍ਰੀਖਿਆ
ਉਮੀਦਵਾਰ ਪ੍ਰੀਖਿਆ ਲਈ ਦੁਪਹਿਰ 1:30 ਵਜੇ ਤੋਂ ਪਹਿਲਾਂ ਪਹਿਲਾਂ ਪ੍ਰੀਖਿਆ ਕੇਂਦਰਾਂ ਅੰਦਰ ਪਹੁੰਚਣ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਉੱਚ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਕੀਤੇ ਜਾਰੀ
ਰੂਪਨਗਰ, 02 ਮਈ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਸਿੰਘ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਮੈਡੀਕਲ ਐਕਟ (2019) ਦੀ ਧਾਰਾ 14 ਅਨੁਸਾਰ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ ਨੀਟ (ਯੂਜੀ) 2025 ਦੇਸ਼ ਭਰ ਦੀਆਂ ਮੈਡੀਕਲ ਸੰਸਥਾਵਾਂ ਵਿੱਚ ਸਾਰੇ ਅੰਡਰਗ੍ਰੈਜੁਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਆਮ/ਯੂਨੀਫਾਰਮ ਪ੍ਰਵੇਸ਼ ਪ੍ਰੀਖਿਆ ਵਜੋ ਆਯੋਜਿਤ ਕੀਤੀ ਜਾ ਰਹੀ ਹੈ। ਇਹ ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵੱਲੋਂ 04 ਮਈ 2025 (ਦਿਨ ਐਤਵਾਰ) ਨੂੰ 02:00 ਤੋਂ 05:00 ਵਜੇ ਤੱਕ ਪੂਰੇ ਭਾਰਤ ਵਿੱਚ ਸਥਾਪਿਤ ਕੀਤੇ ਵੱਖ ਵੱਖ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਜ਼ਿਲ੍ਹਾ ਰੂਪਨਗਰ ਵਿੱਚ 4 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਰੂਪਨਗਰ, ਕੇਂਦਰੀ ਵਿਦਿਆਲਿਆ, ਖਾਨਪੁਰ ਨੇੜੇ ਪਿੰਡ ਪੁਰਖਾਲੀ, ਕੇਂਦਰੀ ਵਿਦਿਆਲਿਆ ਆਈ.ਆਈ.ਟੀ ਰੂਪਨਗਰ ਨੇੜੇ ਪਿੰਡ ਬੜਾ ਫੂਲ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆ ਸ੍ਰੀ ਚਮਕੌਰ ਸਾਹਿਬ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਸਿੱਖਿਆ ਵਿਭਾਗ, ਪੁਲਿਸ ਵਿਭਾਗ ਅਤੇ ਹੋਰਨਾਂ ਵਿਭਾਗੀ ਅਧਿਕਾਰੀਆਂ ਨੂੰ ਸਮਾਂ ਰਹਿੰਦਿਆਂ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਪ੍ਰੀਖਿਆ ਸੈਂਟਰਾਂ ਵਿਖੇ ਤਜਰਬੇਕਾਰ ਸਟਾਫ਼ ਲਗਾਇਆ ਜਾਵੇ ਅਤੇ ਟਰੈਫ਼ਿਕ ਪਲਾਨ ਤਿਆਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦੀ ਤਿਆਰੀ ਦੇ ਕੰਮ ਵਿੱਚ ਕਿਸੇ ਵੀ ਪ੍ਰਕਾਰ ਦੀ ਤਰੁੱਟੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਲਈ ਪੀਣ ਵਾਲੇ ਪਾਣੀ ਆਦਿ ਦਾ ਪ੍ਰਬੰਧ ਵੀ ਰੱਖਿਆ ਜਾਵੇ।
ਸ਼੍ਰੀ ਵਰਜੀਤ ਸਿੰਘ ਵਾਲੀਆ ਨੇ ਪੁਲਿਸ ਵਿਭਾਗ ਨੂੰ ਸੁਰੱਖਿਆ ਪ੍ਰਬੰਧਾਂ ਸਬੰਧੀ ਹਦਾਇਤ ਕਰਦਿਆਂ ਕਿਹਾ ਕਿ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਸਖਤ ਸੁਰੱਖਿਆ ਪ੍ਰਬੰਧ ਰੱਖੇ ਜਾਣ ਤੇ ਉਮੀਦਵਾਰ ਤੋਂ ਬਿਨਾਂ ਕਿਸੇ ਹੋਰ ਵਿਅਕਤੀ ਨੂੰ ਪ੍ਰੀਖਿਆ ਕੇਂਦਰ ’ਚ ਦਾਖਲ ਨਾ ਹੋਣ ਦਿੱਤਾ ਜਾਵੇ ਤੇ ਤਲਾਸ਼ੀ ਲਈ ਸਟਾਫ਼ ਦੀਆਂ ਡਿਊਟੀਆਂ ਲਗਾਈਆਂ ਜਾਣ।
ਡਿਪਟੀ ਕਮਿਸ਼ਨਰ ਨੇ ਇਸ ਪ੍ਰੀਖਿਆ ਵਿੱਚ ਬੈਠਣ ਵਾਲੇ ਸਮੂਹ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੀਖਿਆ ਲਈ ਦੁਪਹਿਰ 1:30 ਵਜੇ ਤੋਂ ਪਹਿਲਾਂ ਪਹਿਲਾਂ ਪ੍ਰੀਖਿਆ ਕੇਂਦਰਾਂ ਅੰਦਰ ਪਹੁੰਚਣ ਤਾਂ ਜੋ ਉਹਨਾਂ ਨੂੰ ਆਖ਼ਰੀ ਸਮੇਂ ਕਿਸੇ ਵੀ ਪ੍ਰੇਸ਼ਾਨੀ ਜਾਂ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਹੋਵੇਗਾ। ਪ੍ਰੀਖਿਆ ਕੇਂਦਰਾਂ ਵਿੱਚ ਐਂਟਰੀ ਦਾਖ਼ਲਾ ਕਾਰਡ ਨਾਲ ਹੀ ਹੋਵੇਗੀ। ਉਮੀਦਵਾਰ ਕੋਲ ਸ਼ਨਾਖ਼ਤ ਦਸਤਾਵੇਜ਼ ਵਜੋਂ ਅਧਾਰ ਕਾਰਡ ਹੋਣਾ ਵੀ ਲਾਜ਼ਮੀ ਹੈ। ਉਹਨਾਂ ਉਮੀਦਵਾਰਾਂ ਨੂੰ ਇਹ ਸਲਾਹ ਦਿੱਤੀ ਕਿ ਉਹ ਦਾਖ਼ਲਾ ਕਾਰਡ ਉੱਤੇ ਦਿੱਤੀਆਂ ਸ਼ਰਤਾਂ ਨੂੰ ਪੜ੍ਹ ਕੇ ਆਉਣ ਤਾਂ ਜੋ ਪ੍ਰੀਖਿਆ ਮੌਕੇ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਪ੍ਰੀਖਿਆਰਥੀ ਆਪਣੇ ਨਾਲ ਕੋਈ ਵੀ ਇਲੈਕਟ੍ਰੋਨਿਕ ਅਤੇ ਹੋਰ ਸਾਮਾਨ ਨਾ ਲੈ ਕੇ ਆਉਣ।