ਰੂਪਨਗਰ ਜ਼ਿਲ੍ਹੇ ਦੀਆਂ ਮੰਡੀਆਂ ’ਚ ਖ਼ਰੀਦੇ ਝੋਨੇ ਬਦਲੇ ਕਿਸਾਨਾਂ ਨੂੰ 69.67 ਕਰੋੜ ਦੀ ਕੀਤੀ ਅਦਾਇਗੀ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਰੂਪਨਗਰ ਜ਼ਿਲ੍ਹੇ ਦੀਆਂ ਮੰਡੀਆਂ ’ਚ ਖ਼ਰੀਦੇ ਝੋਨੇ ਬਦਲੇ ਕਿਸਾਨਾਂ ਨੂੰ 69.67 ਕਰੋੜ ਦੀ ਕੀਤੀ ਅਦਾਇਗੀ
ਰੂਪਨਗਰ, 18 ਅਕਤੂਬਰ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਮੰਡੀਆਂ ’ਚ ਖ਼ਰੀਦ ਕੀਤੇ ਝੋਨੇ ਦੀ ਮਿਥੇ ਸਮੇਂ ਵਿਚ ਅਦਾਇਗੀ ਵੀ ਕੀਤੀ ਜਾ ਰਹੀ ਹੈ ਅਤੇ ਖ਼ਰੀਦੇ ਝੋਨੇ ਬਦਲੇ ਕਿਸਾਨਾਂ ਨੂੰ 69 ਕਰੋੜ 67 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੀਆਂ ਅਨਾਜ ਮੰਡੀਆਂ ਵਿੱਚ 35 ਹਜਾਰ 648 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 34 ਹਜਾਰ 003 ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਵਲੋਂ 12 ਹਜ਼ਾਰ 339 ਮੀਟਰਕ ਟਨ ਦੀ ਖਰੀਦੀ ਕੀਤੀ ਗਈ, ਮਾਰਕਫੈੱਡ ਵਲੋਂ 7 ਹਜਾਰ 681 ਮੀਟਰਕ ਟਨ, ਪਨਸਪ ਵਲੋਂ 8 ਹਜਾਰ 142 ਮੀਟਰਕ ਟਨ, ਵੇਅਰ ਹਾਊਸ 2 ਹਜਾਰ 901 ਮੀਟਰਕ ਟਨ, ਐਫ.ਸੀ.ਆਈ. ਵਲੋਂ 2 ਹਜਾਰ 713 ਮੀਟਰਕ ਟਨ ਅਤੇ ਵਪਾਰੀ ਵਰਗ ਵਲੋਂ 227 ਮੀਟਰਕ ਟਨ ਦੀ ਖਰੀਦ ਝੋਨੇ ਦੀ ਖਰੀਦ ਕੀਤੀ ਗਈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਦੇ ਜ਼ਿਲ੍ਹਾ ਪ੍ਰਸਾਸ਼ਨ ਝੋਨੇ ਦੇ ਇੱਕ ਇੱਕ ਦਾਣੇ ਨੂੰ ਯਕੀਨੀ ਤੌਰ ਉੱਤੇ ਖਰੀਦਿਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਖਰੀਦ ਸੰਬੰਧੀ ਪ੍ਰਬੰਧਾਂ ਨੂੰ ਹੋਰ ਪੁੱਖਤਾ ਕੀਤਾ ਜਾਵੇਗਾ।
ਉਨ੍ਹਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਉਹ ਜਿਨਸ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਇਸ ਦਾ ਯੋਗ ਪ੍ਰਬੰਧਨ ਕਰਨ ਨੂੰ ਤਰਜੀਹ ਦੇਣ। ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਬਿਮਾਰੀਆਂ ਲੱਗਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ ਅਤੇ ਜਿੱਥੇ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਉਨ੍ਹਾਂ ਕਿਹਾ ਕਿ ਫ਼ਸਲੀ ਰਹਿੰਦ-ਖੂਹੰਦ ਦੇ ਯੋਗ ਪ੍ਰਬੰਧਨ ਨਾਲ ਫ਼ਸਲ ਦਾ ਝਾੜ ਵੀ ਵੱਧਦਾ ਹੈ ਅਤੇ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਦੀ ਵਰਤੋਂ ਨਹੀਂ ਕਰਨੀ ਪੈਂਦੀ।
ਕਿਸਾਨਾਂ ਨੂੰ ਰਾਤ ਵੇਲੇ ਫ਼ਸਲ ਦੀ ਕਟਾਈ ਨਾ ਕਰਨ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਮੰਡੀ ’ਚ ਵੀ ਸੁੱਕਾ ਝੋਨਾ ਹੀ ਲਿਆਉਣ।