ਬੰਦ ਕਰੋ

ਮੁੱਖ ਖੇਤੀਬਾੜੀ ਅਫਸਰ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਆਪਣੀ ਖੇਤੀ ‘ਚੋਂ ਕੁਝ ਰਕਬਾ ਕੁਦਰਤੀ ਖੇਤੀ ਅਧੀਨ ਲਿਆਉਣ ਦੀ ਕੀਤੀ ਅਪੀਲ

ਪ੍ਰਕਾਸ਼ਨ ਦੀ ਮਿਤੀ : 16/05/2025
Chief Agriculture Officer appeals to farmers of the district to bring some of their agricultural land under natural farming

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਮੁੱਖ ਖੇਤੀਬਾੜੀ ਅਫਸਰ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਆਪਣੀ ਖੇਤੀ ‘ਚੋਂ ਕੁਝ ਰਕਬਾ ਕੁਦਰਤੀ ਖੇਤੀ ਅਧੀਨ ਲਿਆਉਣ ਦੀ ਕੀਤੀ ਅਪੀਲ

ਮੁੱਖ ਖੇਤੀਬਾੜੀ ਅਫਸਰ ਵੱਲੋਂ ਕੁਦਰਤੀ ਖੇਤੀ ਸਬੰਧੀ ਕੀਤੀ ਗਈ ਜ਼ਿਲ੍ਹਾ ਪੱਧਰੀ ਮੀਟਿੰਗ

ਰੂਪਨਗਰ, 16 ਮਈ: ਰੂਪਨਗਰ ਜ਼ਿਲ੍ਹੇ ਅੰਦਰ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਕੇਸ਼ ਕੁਮਾਰ ਸ਼ਰਮਾ ਵੱਲੋਂ ਸਹਾਇਕ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਚੋਣ ਕਰਨ ਅਤੇ ਇਸ ਖੇਤੀ ਨੁੂੰ ਅਪਨਾਉਣ ਸਮੇਂ ਕਿਸਾਨਾਂ ਨੂੰ ਆਉਣ ਵਾਲੀਆਂ ਔਕੜਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਕੁਦਰਤੀ ਖੇਤੀ ਜ਼ਮੀਨ ਦੀ ਸਿਹਤ ਸੁਧਾਰਨ ਅਤੇ ਜ਼ਹਿਰ ਮੁਕਤ ਖੇਤੀ ਉਤਪਾਦਨ ਲਈ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕੁਦਰਤੀ ਖੇਤੀ ਨੁੂੰ ਪ੍ਰਚੱਲਿਤ ਕਰਨ ਲਈ ਨੈਚੂਰਲ ਮਿਸ਼ਨ ਆਨ ਨੈਚੂਰਲ ਫਾਮਿੰਗ ਸਕੀਮ ਨਵੰੰਬਰ 2024 ਤੋਂ ਸ਼ੁਰੂ ਕੀਤੀ ਗਈ ਹੈ।

ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਸ ਸਕੀਮ ਦਾ ਮੁੱਖ ਮੰਤਵ ਕੁਦਰਤੀ ਖੇਤੀ, ਰਸਾਇਣ ਰਹਿਤ, ਸਥਾਨਿਕ ਨਸਲ ਦੇ ਪਸ਼ੂ ਧਨ ਅਪਣਾ ਕੇ ਭਾਰਤੀ ਰਵਾਇਤੀ ਤਕਨੀਕਾਂ ਨਾਲ ਟਿਕਾਊ ਅਤੇ ਸੁਰੱਖਿਅਤ ਖਾਣ ਯੋਗ ਵਸਤਾਂ ਦਾ ਉਤਪਾਦਨ ਕਰਨਾ ਹੈ। ਇਸ ਵਿੱਚ ਕੁਦਤਰੀ ਖਾਦਾਂ, ਹਰੀਆਂ ਖਾਦਾਂ ਅਤੇ ਕੁਦਰਤੀ ਢੰਗ ਨਾਲ ਤਿਆਰ ਕੀਤੇ ਗਏ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਵਿੱਚ ਕੁੱਲ 10 ਕਲੱਸਟਰ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਤੀ ਕਲੱਸਟਰ 2 ਸਖੀਆਂ ਨਿਯੁਕਤ ਕੀਤੀਆਂ ਜਾਣਗੀਆਂ। ਜਿਸ ਵਿੱਚ ਬਲਾਕ ਸ੍ਰੀ ਚਮਕੌਰ ਸਾਹਿਬ ਨੁੰ 1, ਮੋਰਿੰਡਾ ਨੂੰ 1, ਰੂਪਨਗਰ ਨੂੰ 3, ਸ਼੍ਰੀ ਅਨੰਦਪੁਰ ਸਾਹਿਬ ਨੂੰ 3 ਅਤੇ ਨੂਰਪੁਰਬੇਦੀ ਨੂੰ 2 ਕਲੱਸਟਰ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪ੍ਰਤੀ ਕਲੱਸਟਰ 50 ਹੈਕਟੇਅਰ ਰਕਬੇ ਨੁੂੰ ਕਵਰ ਕੀਤਾ ਜਾਵੇਗਾ ਅਤੇ ਪ੍ਰਤੀ ਕਲੱਸਟਰ 125 ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਚੋਣ ਕਰਕੇ ਖੇਤੀਬਾੜੀ ਵਿਭਾਗ ਵੱਲੋਂ ਟ੍ਰੇਨਿੰਗਾਂ ਦਿੱਤੀਆਂ ਜਾਣਗੀਆਂ।

ਮੁੱਖ ਖੇਤੀਬਾੜੀ ਅਫਸਰ ਵੱਲੋਂ ਜ਼ਿਲ੍ਹੇ ਦੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਗਈ ਕਿ ਆਪਣੀ ਖੇਤੀ ਵਿੱਚੋਂ ਕੁਝ ਰਕਬਾ ਕੁਦਰਤੀ ਖੇਤੀ ਅਧੀਨ ਲਿਆਉਣ ਅਤੇ ਮਨੁੱਖੀ ਸਿਹਤ ਨੁੂੰ ਧਿਆਨ ਵਿੱਚ ਰੱਖਦੇ ਹੋਏ ਇਸ ਤਕਨੀਕ ਦਾ ਹੋਰ ਕਿਸਾਨਾਂ ਤੱਕ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਯੋਗਦਾਨ ਦਿੱਤਾ ਜਾਵੇ ਤਾਂ ਜੋ ਕਿਸਾਨ ਕੁਦਰਤੀ ਖੇਤੀ ਨੁੂੰ ਅਪਨਾਉਂਦਾ ਹੈ ਉਸ ਨੁੂੰੰ ਭਾਰਤ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਵੇਗੀ।