ਮਾਨਸਿਕ ਸਿਹਤ ਤੇ ਨਸ਼ਿਆਂ ਖ਼ਿਲਾਫ਼ ਜੰਗ ਮੁਹਿੰਮ ਤਹਿਤ ਜੀਐਮਐਨ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਮਾਨਸਿਕ ਸਿਹਤ ਤੇ ਨਸ਼ਿਆਂ ਖ਼ਿਲਾਫ਼ ਜੰਗ ਮੁਹਿੰਮ ਤਹਿਤ ਜੀਐਮਐਨ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ
ਰੂਪਨਗਰ, 31 ਅਕਤੂਬਰ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਮਾਨਸਿਕ ਸਿਹਤ ਤੇ ਨਸ਼ਿਆਂ ਖ਼ਿਲਾਫ਼ ਜੰਗ ਮੁਹਿੰਮ ਤਹਿਤ ਜੀਐਮਐਨ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਤੇ ਬੋਲਦਿਆਂ ਸਿਹਤ ਵਿਭਾਗ ਤੋਂ ਓਟ ਕਾਉਂਸਲਰ ਜਸਜੀਤ ਕੌਰ ਅਤੇ ਪ੍ਰਭਜੋਤ ਕੌਰ ਨੇ ਦੱਸਿਆ ਕਿ ਮਾਨਸਿਕ ਬਿਮਾਰੀਆਂ ਜਿਵੇਂ ਡਿਪ੍ਰੈਸ਼ਨ, ਐਂਜਾਇਟੀ, ਤਣਾਅ, ਨੀਂਦ ਦੀ ਘਾਟ ਆਦਿ ਆਮ ਹੁੰਦੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਨਾਲ ਜੁੜੀ ਝਿਜਕ ਦੂਰ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਹਰੇਕ ਬਲਾਕ ਹਸਪਤਾਲ ਵਿੱਚ ਮਾਨਸਿਕ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਜਿੱਥੇ ਲੋਕ ਸਲਾਹ ਅਤੇ ਇਲਾਜ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਮਾਨਸਿਕ ਤੰਦਰੁਸਤੀ ਲਈ ਸਹੀ ਖੁਰਾਕ, ਨਿਯਮਿਤ ਕਸਰਤ, ਪਰਿਵਾਰ ਨਾਲ ਸਮਾਂ ਬਿਤਾਉਣਾ ਅਤੇ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲ ਕਰਨਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਮਨੋਸਥਿਤੀ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ ਤੇ ਜਰੂਰਤ ਪੈਣ ‘ਤੇ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਕਾਊਂਸਲਰਾਂ ਵੱਲੋਂ ਨਸ਼ਿਆਂ ਨਾਲ ਹੋਣ ਵਾਲੀ ਆਰਥਿਕ, ਸਰੀਰਕ ਅਤੇ ਸਮਾਜਿਕ ਨੁਕਸਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਪ੍ਰਣ ਕਰਵਾਇਆ ਕਿ ਉਹ ਪੂਰਾ ਜੀਵਨ ਨਸ਼ੇ ਤੋਂ ਦੂਰ ਰਹਿਣਗੇ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਰੋਜਾਨਾ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਨਸ਼ਾ ਮੁਕਤ ਸਮਾਜ ਸਿਰਜਿਆ ਜਾ ਸਕੇ। ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਵੀ ਬੰਸਲ, ਵਾਈਸ ਪ੍ਰਿੰਸੀਪਲ ਨਵੀਨ ਕੌਸ਼ਲ ਤੋਂ ਇਲਾਵਾ ਸਕੂਲ ਦਾ ਹੋਰ ਸਟਾਫ ਹਾਜ਼ਰ ਸੀ।