ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਖੇ ਤੀਆਂ ਸਬੰਧੀ ਸੱਭਿਆਚਾਰਕ ਪ੍ਰੋਗਰਾਮ

ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਖੇ ਤੀਆਂ ਸਬੰਧੀ ਸੱਭਿਆਚਾਰਕ ਪ੍ਰੋਗਰਾਮ
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ
ਵਿਰਸੇ ਦੀ ਸੰਭਾਲ ਸਮੇਂ ਦੀ ਲੋੜ: ਡਾ. ਪ੍ਰੀਤੀ ਯਾਦਵ
ਧੀਆਂ ਹਰ ਖ਼ੇਤਰ ਵਿੱਚ ਪੁੱਤਾਂ ਦੇ ਬਰਾਬਰ ਹੀ ਨਹੀਂ ਸਗੋਂ ਕਿਤੇ ਅੱਗੇ ਲੰਘੀਆਂ
ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਖੇ ਤੀਆਂ ਸਬੰਧੀ ਸੱਭਿਆਚਾਰਕ ਪ੍ਰੋਗਰਾਮ
ਡਿਪਟੀ ਕਮਿਸ਼ਨਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਵਿਲੱਖਣ ਸਮਰੱਥਾ ਵਾਲੇ ਬੱਚਿਆਂ ਦਾ ਸਨਮਾਨ
ਰੂਪਨਗਰ, 03 ਅਗਸਤ
ਸਾਡਾ ਵਿਰਸਾ ਬਹੁਤ ਹੀ ਅਮੀਰ ਵਿਰਸਾ ਹੈ, ਜਿਸ ਜ਼ਰੀਏ ਸਾਨੂੰ ਸੁਚੱਜੀ ਜੀਵਨ ਜਾਂਚ ਮਿਲਦੀ ਹੈ ਤੇ ਅਸੀਂ ਗੁਣਾਂ ਨਾਲ ਭਰਪੂਰ ਜ਼ਿੰਦਗੀ ਜੀਅ ਸਕਦੇ ਹਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੇਧ ਦੇ ਸਕਦੇ ਹਾਂ। ਇਸ ਲਈ ਵਿਰਸੇ ਦੀ ਸੰਭਾਲ ਸਮੇਂ ਦੀ ਮੁੱਖ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਖੇ ਤੀਆਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਤੇ ਰੈੱਡ ਕਰਾਸ ਵੱਲੋਂ ਕਰਵਾਏ ਤੀਆਂ ਦੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ।
ਡਾ. ਯਾਦਵ ਨੇ ਕਿਹਾ ਕਿ ਧੀਆਂ ਤੇ ਪੁੱਤਾਂ ਵਿੱਚ ਕੋਈ ਫ਼ਰਕ ਨਹੀਂ ਹੈ ਤੇ ਸਰਕਾਰ ਵੱਲੋਂ ਕੀਤੇ ਵੱਖ ਵੱਖ ਉਪਰਾਲਿਆਂ ਜਿਵੇਂ ਕਿ ਬੇਟੀ ਬਚਾਓ, ਬੇਟੀ ਪੜ੍ਹਾਓ ਵਰਗੇ ਪ੍ਰੋਗਰਾਮ ਬਹੁਤ ਹੀ ਸਾਰਥਕ ਸਿੱਧ ਹੋਏ ਹਨ ਤੇ ਅੱਜ ਧੀਆਂ ਹਰ ਖ਼ੇਤਰ ਵਿੱਚ ਪੁੱਤਾਂ ਦੇ ਬਰਾਬਰ ਹੀ ਨਹੀਂ ਸਗੋਂ ਕਿਤੇ ਅੱਗੇ ਲੰਘ ਗਈਆਂ ਹਨ। ਉਹਨਾਂ ਨੇ ਤੀਆਂ ਸਬੰਧੀ ਕਰਵਾਏ ਪ੍ਰੋਗਰਾਮ ਦੀਆਂ ਤਿਆਰੀਆਂ ਕਰਵਾਉਣ ਵਾਲੇ ਅਧਿਕਾਰੀਆਂ ਤੇ ਹੋਰਨਾਂ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਵਿਲੱਖਣ ਸਮਰੱਥਾ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਇਸ ਦੇ ਨਾਲ ਨਾਲ ਰੈੱਡ ਕਰਾਸ ਦੇ ਨਵੇਂ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਕੂਲ ਵਿਦਿਆਰਥਣਾਂ ਤੇ ਸਰਕਾਰੀ ਕਾਲਜ ਰੂਪਨਗਰ ਦੀਆਂ ਵਿਦਿਆਰਥਣਾਂ ਵਲੋਂ ਵਖੋ ਵੱਖ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ ਤੇ ਅਵਿੰਦਰ ਰਾਜੂ ਦੇ ਕ੍ਰਾਂਤੀ ਕਲਾ ਮੰਚ ਵੱਲੋਂ ਸਮਾਜਕ ਬੁਰਾਈਆਂ ਵਿਰੁੱਧ ਨਾਟਕ “ਦਮ ਤੋੜਦੇ ਰਿਸ਼ਤੇ”ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਬਾਗ਼ ਵਿਚ ਵਖੋ ਵੱਖ ਸਟਾਲਾਂ ਦੇ ਨਾਲ ਨਾਲ ਮਹਿੰਦੀ ਲਵਾਉਣ ਤੇ ਪੀਂਘਾਂ ਝੂਟਣ ਦਾ ਉਚੇਚਾ ਪ੍ਰਬੰਧ ਵੀ ਕੀਤਾ ਗਿਆ ਸੀ।
ਇਸ ਪ੍ਰੋਗਰਾਮ ਵਿਚ ਸੰਕਲਪ ਸੋਸਾਇਟੀ ਰੂਪਨਗਰ, ਨਹਿਰੂ ਯੁਵਾ ਕੇਂਦਰ ਤੇ ਮੈਗਾ ਸਟਾਰ ਫੂਡਜ਼ ਦਾ ਵਿਸ਼ੇਸ਼ ਯੋਗਦਾਨ ਰਿਹਾ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਹਰਜੋਤ ਕੌਰ, ਐਸ. ਡੀ. ਐਮ. ਸ. ਜਸਵੀਰ ਸਿੰਘ, ਪੀ ਸੀ ਐਸ ਅਧਿਕਾਰੀ ਹਰਜੋਤ ਕੌਰ, ਮੈਗਾ ਸਟਾਰ ਫੂਡਜ਼ ਦੇ ਐਮ. ਡੀ. ਵਿਕਾਸ ਗੋਇਲ, ਨਹਿਰੂ ਯੁਵਾ ਕੇਂਦਰ ਦੇ ਕੋਆਰਡੀਨੇਟਰ ਪੰਕਜ ਯਾਦਵ, ਤੇ ਸਾਬਕਾ ਕੋਆਰਡੀਨੇਟਰ ਸੁਖਦਰਸ਼ਨ ਸਿੰਘ, ਡੀ ਏ ਵੀ ਸਕੂਲ ਤੋਂ ਇਕਬਾਲ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।