ਮਲੇਰੀਆ ਅਤੇ ਡੇਂਗੂ ਬੁਖਾਰ ਸਬੰਧੀ ਜਾਗਰੂਕਤਾ ਪੋਸਟਰ ਕੀਤਾ ਜਾਰੀ

ਮਲੇਰੀਆ ਅਤੇ ਡੇਂਗੂ ਬੁਖਾਰ ਸਬੰਧੀ ਜਾਗਰੂਕਤਾ ਪੋਸਟਰ ਕੀਤਾ ਜਾਰੀ
ਰੂਪਨਗਰ, 24 ਅਪ੍ਰੈਲ: ਸਿਹਤ ਵਿਭਾਗ ਰੂਪਨਗਰ ਵੱਲੋਂ ਆਗਾਮੀ ਮਲੇਰੀਆ/ਡੇਂਗੂ ਬੁਖਾਰ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਅਗਾਊਂ ਤਿਆਰੀਆਂ ਦੇ ਸਿਲਸਿਲੇ ਵਿੱਚ ਇਨ੍ਹਾਂ ਬਿਮਾਰੀਆਂ ਸਬੰਧੀ ਜਾਗਰੂਕਤਾ ਪੋਸਟਰ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਤਰਸੇਮ ਸਿੰਘ ਨੇ ਕਿਹਾ ਕਿ ਇਸ ਪੋਸਟਰ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਲੇਰੀਆ ਤੇ ਡੇਂਗੂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਪਿੰਡ ਪੱਧਰ ਤੇ ਘਰਾਂ ਵਿੱਚ ਇਸ ਦੀ ਜਾਗਰੂਕਤਾ ਫੈਲਾਈ ਜਾਵੇਗੀ।
ਡੇਂਗੂ ਤੇ ਮਲੇਰੀਏ ਦੇ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਲੇਰੀਆ ਅਤੇ ਡੇਂਗੂ ਬੁਖਾਰ ਮੱਛਰ ਦੇ ਕੱਟਣ ਨਾਲ ਹੋਣ ਵਾਲੇ ਰੋਗ ਹਨ। ਇਨ੍ਹਾਂ ਤੋਂ ਬਚਾਅ ਲਈ ਮੱਛਰਾਂ ਦੇ ਵਾਧੇ ਨੂੰ ਰੋਕਣਾ ਜ਼ਰੂਰੀ ਹੈ, ਜਿਸ ਲਈ ਆਸ-ਪਾਸ ਅਤੇ ਘਰਾਂ ਦੇ ਅੰਦਰ ਪਾਣੀ ਖੜ੍ਹਾ ਹੋਣ ਤੋਂ ਰੋਕਿਆ ਜਾਵੇ। ਕੂਲਰਾਂ ਦਾ ਪਾਣੀ ਹਫਤੇ ਵਿੱਚ ਇਕ ਵਾਰ ਜ਼ਰੂਰ ਬਦਲਿਆ ਜਾਵੇ। ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਪੂਰੇ
ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਏ ਜਾਣ ਅਤੇ ਸੌਣ ਵੇਲੇ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ।
ਇਸ ਮੌਕੇ ਐਸ.ਐਮ ਓਜ਼ ਡਾ. ਅਮਰਜੀਤ. ਡਾ. ਉਪਿੰਦਰਜੀਤ ਸਿੰਘ, ਡਾ. ਅਨੰਦ ਘਈ, ਡਾ. ਜਤਿੰਦਰ ਕੌਰ, ਡਾ. ਡੋਰੀਆ ਬੱਗਾ, ਏਐਮਓ ਦਲਵੀਰ ਸਿੰਘ, ਜਸਪਾਲ ਸਿੰਘ, ਹੈਲਥ ਸੁਪਰਵਾਈਜ਼ਰ ਭੁਪਿੰਦਰ ਸਿੰਘ, ਰਣਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।