ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ
ਰੂਪਨਗਰ, 05 ਦਸੰਬਰ: ਜ਼ਿਲ੍ਹਾ ਭਾਸ਼ਾ ਦਫ਼ਤਰ ਰੂਪਨਗਰ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਦਰਵਾਜ਼ੇ ਕੋਲ ਇੱਕ ਵਿਸ਼ੇਸ਼ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।
ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ ਕਰਦਿਆਂ ਭਾਸ਼ਾ ਵਿਭਾਗ ਰੂਪਨਗਰ ਦੁਆਰਾ ਕੀਤੇ ਇਸ ਉਪਰਾਲੇ ਦੀ ਖ਼ਾਸ ਸਰਾਹਨਾ ਕੀਤੀ। ਉਨ੍ਹਾਂ ਨੇ ਆਮ ਲੋਕਾਂ ਨੂੰ ਪੰਜਾਬੀ ਭਾਸ਼ਾ ਨੂੰ ਪੜ੍ਹਨ, ਸਿੱਖਣ ਅਤੇ ਸਮਝਣ ਲਈ ਪ੍ਰੇਰਿਤ ਕੀਤਾ। ਡਿਪਟੀ ਕਮਿਸ਼ਨਰ ਨੇ ਕਿਤਾਬਾਂ ਵਿੱਚ ਲਿਖੇ ਗੂੜੇ ਅਤੇ ਕੀਮਤੀ ਗਿਆਨ ਦੀ ਵੀ ਪ੍ਰਸ਼ੰਸਾ ਕੀਤੀ।
ਇਹ ਪ੍ਰਦਰਸ਼ਨੀ ਕਲਰਕ ਕੁਲਵੰਤ ਸਿੰਘ ਵੱਲੋਂ ਲਗਾਈ ਗਈ, ਜਿਸ ਵਿੱਚ ਆਪਣੇ ਰੋਜ਼ਾਨਾ ਕੰਮਕਾਜ ਲਈ ਆਏ ਰੂਪਨਗਰ ਜ਼ਿਲ੍ਹੇ ਦੇ ਨਾਗਰਿਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਭਾਸ਼ਾ ਵਿਭਾਗ ਦੀਆਂ ਕਿਤਾਬਾਂ ਵਿੱਚ ਗਹਿਰੀ ਰੁਚੀ ਦਿਖਾਈ।
ਪ੍ਰਦਰਸ਼ਨੀ ਵਿੱਚ ਸ਼ਾਮਲ ਲੋਕਾਂ ਨੇ ਕਿਤਾਬਾਂ ਦੀ ਗੁਣਵੱਤਾ, ਸਿੱਖਿਆਤਮਕ ਮਹੱਤਤਾ ਅਤੇ ਉਨ੍ਹਾਂ ਦੇ ਬਹੁਤ ਘੱਟ ਕੀਮਤਾਂ ਨੂੰ ਦੇਖਕੇ ਹੈਰਾਨੀ ਅਤੇ ਖੁਸ਼ੀ ਪ੍ਰਗਟਾਈ। ਦਰਸ਼ਕਾਂ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਇਸ ਅਨਮੋਲ ਖ਼ਜ਼ਾਨੇ ਦੀ ਖੂਬ ਤਾਰੀਫ਼ ਕੀਤੀ।
ਜ਼ਿਲ੍ਹਾ ਭਾਸ਼ਾ ਦਫ਼ਤਰ ਰੂਪਨਗਰ ਦੁਆਰਾ ਲਗਾਈ ਗਈ ਇਹ ਪ੍ਰਦਰਸ਼ਨੀ ਲੋਕਾਂ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਨਵਾਂ ਉਤਸ਼ਾਹ ਜਗਾਉਣ ਵਿੱਚ ਕਾਮਯਾਬ ਰਹੀ।