ਬਿਮਾਰੀਆਂ ਤੋਂ ਮੁਕਤ ਤੰਦਰੁਸਤ ਜੀਵਨ ਬਤੀਤ ਕਰਨ ਲਈ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣਾ ਅਤਿ ਜ਼ਰੂਰੀ – ਡਿਪਟੀ ਕਮਿਸ਼ਨਰ

p>ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਬਿਮਾਰੀਆਂ ਤੋਂ ਮੁਕਤ ਤੰਦਰੁਸਤ ਜੀਵਨ ਬਤੀਤ ਕਰਨ ਲਈ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣਾ ਅਤਿ ਜ਼ਰੂਰੀ – ਡਿਪਟੀ ਕਮਿਸ਼ਨਰ
ਜ਼ਿਲ੍ਹੇ ਵਿੱਚ “ਸਵੱਛਤਾ ਹੀ ਸੇਵਾ” ਪੰਦਰਵਾੜਾ ਮੁਹਿੰਮ ਦੀ ਕੀਤੀ ਸ਼ੁਰੂਆਤ
ਰੂਪਨਗਰ, 15 ਸਤੰਬਰ: ਆਪਣਾ ਆਲੇ-ਦੁਆਲਾ, ਜਿੱਥੇ ਅਸੀਂ ਰਹਿੰਦੇ ਹਾਂ ਅਤੇ ਜੀਵਨ ਬਸਰ ਕਰਦੇ ਹਾਂ, ਨੂੰ ਸਾਫ-ਸੁਥਰਾ ਰੱਖਣਾ ਅਤਿ ਜ਼ਰੂਰੀ ਹੈ ਕਿਉੰਕਿ ਜੇਕਰ ਸਾਡਾ ਆਲਾ-ਦੁਆਲਾ ਸਾਫ-ਸੁਥਰਾ ਹੋਵੇਗਾ ਤਾਂ ਹੀ ਅਸੀਂ ਬਿਮਾਰੀਆਂ ਤੋਂ ਮੁਕਤ ਹੋ ਕੇ ਤੰਦਰੁਸਤ ਰਹਾਂਗੇ। ਜੇਕਰ ਅਸੀਂ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣਾ ਸ਼ੁਰੂ ਕਰ ਦਿੱਤਾ ਤਾਂ ਸਾਡਾ ਪਿੰਡ, ਸ਼ਹਿਰ, ਕਸਬਾ ਅਤੇ ਜ਼ਿਲ੍ਹਾ ਸਭ ਹੀ ਸਾਫ਼ ਸੁਥਰੇ ਆਪਣੇ ਆਪ ਹੋ ਜਾਣਗੇ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਭਾਰਤ ਸਰਕਾਰ ਦੇ ਹੁਕਮਾਂ ਤਹਿਤ ਦੇਸ਼ ਵਿਚ 15 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ “ਸਵੱਛਤਾ ਹੀ ਸੇਵਾ” ਪੰਦਰਵਾੜਾ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੱਛ ਭਾਰਤ ਦਿਵਸ 2 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਜਿਸ ਤਹਿਤ “ਸਵੱਛਤਾ ਹੀ ਸੇਵਾ” ਪੰਦਰਵਾੜਾ, ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਤੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਵਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਦੇਸ਼ ਨੂੰ ਸਾਫ-ਸੁਥਰਾ ਤੇ ਕੂੜਾ ਮੁਕਤ ਬਣਾਉਣ ਹੈ। ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਤਹਿਤ ਜ਼ਿਲ੍ਹੇ ਦੀ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਜਿਸ ਵਿਚ ਬੱਸ ਸਟੈਂਡ, ਰੇਲਵੇ ਸਟੇਸ਼ਨ, ਬੀਚ, ਸੈਰ-ਸਪਾਟਾ ਸਥਾਨਾਂ, ਸਕੂਲਾਂ, ਕਾਲਜਾਂ, ਇਤਿਹਾਸਕ ਸਮਾਰਕ, ਵਿਰਾਸਤੀ ਸਥਾਨ, ਪਿੰਡਾਂ ਅਤੇ ਕਲੋਨੀਆਂ ਵਿਚ ਸਫਾਈ ਕੀਤੀ ਜਾਵੇਗੀ ਅਤੇ ਹੋਰ ਗਤੀਵਿਧੀਆਂ ਕੀਤੀਆਂ ਜਾਣਗੀਆਂ ਜਿਸ ਨਾਲ ਅਸੀਂ ਸਾਫ-ਸੁਥਰਾ ਤੇ ਤੰਦਰੁਸਤ ਵਾਤਾਵਰਣ ਸਿਰਜਣ ਵਿਚ ਸਫਲ ਹੋ ਸਕੀਏ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਮਿਸ਼ਨ ਵਿਚ ਉਨ੍ਹਾਂ ਪਿੰਡਾਂ ਨੂੰ ਓ.ਡੀ.ਐੱਫ ਪਲੱਸ ਪਿੰਡ ਘੋਸ਼ਿਤ ਕੀਤਾ ਜਾਵੇਗਾ ਜਿਨ੍ਹਾਂ ਵਿਚ (ਖੁੱਲ੍ਹੇ ਵਿਚ ਸ਼ੌਚ ਮੁਕਤ ਹੋਵੇ), ਠੋਸ ਤੇ ਤਰਲ ਕੂੜੇ ਨੂੰ ਦੇ ਪ੍ਰਬੰਧਨ ਨੂੰ ਯਕੀਨੀ ਰੱਖਦਾ ਹੋਵੇ, ਜਿਸ ਦੇ ਆਲੇ-ਦੁਆਲੇ ਵਿਚ ਪੂਰੀ ਤਰ੍ਹਾਂ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੋਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਸ. ਅਮਰਦੀਪ ਸਿੰਘ ਗੁਜਰਾਲ ਨੇ ਇਸ ਸਵੱਛਤਾ ਅਭਿਆਨ ਸੰਬੰਧੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਅਭਿਆਨ ਤਹਿਤ ਜ਼ਿਲ੍ਹੇ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਪੰਚਾਇਤਾਂ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਸਫਾਈ ਕੀਤੀ ਜਾਵੇਗੀ ਅਤੇ ਆਲੇ ਦੁਆਲੇ ਦੀ ਸਫਾਈ ਦਾ ਧਿਆਨ ਰੱਖਣ ਲਈ ਜਾਗਰੂਕ ਵੀ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਅਭਿਆਨ ਵਿੱਚ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਹੀ ਮਹਾਤਮਾ ਗਾਂਧੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਕਾਰਜਕਾਰੀ ਇੰਜੀਨੀਅਰ ਸ਼੍ਰੀ ਮਾਈਕਲ, ਐਸ ਡੀ ਓ ਮੁਕੇਸ਼ ਕੁਮਾਰ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।