ਬਾਲ ਭਿੱਖਿਆ ਨੂੰ ਰੋਕਣ ਦੇ ਉਦੇਸ਼ ਨਾਲ ਜ਼ਿਲ੍ਹੇ ਅੰਦਰ ਸਖਤੀ ਨਾਲ ਕੀਤੀ ਜਾ ਰਹੀ ਰੇਡ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਬਾਲ ਭਿੱਖਿਆ ਨੂੰ ਰੋਕਣ ਦੇ ਉਦੇਸ਼ ਨਾਲ ਜ਼ਿਲ੍ਹੇ ਅੰਦਰ ਸਖਤੀ ਨਾਲ ਕੀਤੀ ਜਾ ਰਹੀ ਰੇਡ
ਪੁਲਿਸ ਲਾਈਨ ਰੂਪਨਗਰ ਤੋਂ 2 ਬੱਚੇ ਰੇਸਕਿਊ ਕੀਤੇ, ਪੜਾਈ ਲਈ ਕੀਤਾ ਜਾਵੇਗਾ ਪ੍ਰੇਰਿਤ
ਜੇਕਰ ਕੋਈ ਬੱਚਾ ਬਾਲ ਭਿੱਖਿਆ ਕਰਦਾ ਨਜ਼ਰ ਆਉਂਦਾ ਹੈ ਤਾਂ ਚਾਈਲਡ ਹੈਲਪ ਲਾਈਨ-1098 ਤੇ ਸੰਪਰਕ ਕੀਤਾ ਜਾਵੇ
ਰੂਪਨਗਰ, 22 ਜੁਲਾਈ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਵੱਲੋਂ ਬਾਲ ਭਿੱਖਿਆ ਨੂੰ ਰੋਕਣ ਦੇ ਉਦੇਸ਼ ਨਾਲ ਜੀਵਨ ਜਯੋਤੀ 2.0 ਮੁਹਿੰਮ ਅਧੀਨ ਰੇਡਾ ਕੀਤੀਆ ਜਾ ਰਹੀਆਂ ਹਨ।
ਇਸ ਸੰਬਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਜਿੰਦਰ ਕੌਰ ਨੇ ਦੱਸਿਆ ਕਿ ਅੱਜ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਜਿਵੇਂ ਰੇਲਵੇ ਸਟੇਸ਼ਨ, ਸੁਰਜੀਤ ਲਾਈਟਾਂ, ਪੁਲਿਸ ਲਾਈਨ, ਬੇਲਾ ਚੌਂਕ ਅਤੇ ਬੱਸ ਸਟੈਂਡ ਤੇ ਰੇਡ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਬਾਲ ਸੁਰੱਖਿਆ ਦੀ ਟੀਮ ਵੱਲੋਂ ਪੁਲਿਸ ਲਾਈਨ ਰੂਪਨਗਰ ਤੋਂ 2 ਬੱਚੇ ਰੇਸਕਿਊ ਕੀਤੇ ਗਏ। ਇਹ ਦੋਨੋਂ ਬੱਚੇ ਸਕੂਲ ਤੋਂ ਡਰੋਪਆਊਟ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਪ੍ਰੇਰਿਤ ਕੀਤਾ ਜਾਵੇਗਾ ਅਤੇ ਇਨ੍ਹਾਂ ਬੱਚਿਆਂ ਦਾ ਸਕੂਲ ਵਿੱਚ ਦਾਖਲਾ ਕਰਵਾਉਣ ਲਈ ਸਿੱਖਿਆ ਵਿਭਾਗ ਨਾਲ ਤਾਲਮੇਲ ਕੀਤਾ ਜਾਵੇਗਾ।
ਸ਼੍ਰੀਮਤੀ ਰਜਿੰਦਰ ਕੌਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਲ ਭਿੱਖਿਆ ਕਰਦੇ ਬੱਚਿਆ ਨੂੰ ਚੰਦ ਪੈਸੇ ਦੇ ਦੇ ਬਾਲ ਭਿੱਖਿਆ ਨੂੰ ਬੜਾਵਾ ਨਾ ਦੇਣ ਕਿਉਂਕਿ ਜਦੋਂ ਅਸੀ ਇਹਨਾਂ ਨੂੰ ਕੁਝ ਪੈਸੇ ਦਿੰਦੇ ਹਾਂ ਤਾਂ ਇਸ ਚੀਜ਼ ਨਾਲ ਬੱਚਿਆ ਵਿੱਚ ਹੋਰ ਉਤਸ਼ਾਹ ਵੱਧਦਾ ਹੈ ਅਤੇ ਨਾਲ ਹੀ ਆਮ ਜਨਤਾ ਨੂੰ ਅਪੀਲ ਕੀਤੀ ਕਿ ਚੌਂਕਾਂ ਵਿੱਚ ਖੜ੍ਹੇ ਬੱਚਿਆਂ ਤੋਂ ਕੋਈ ਸਮਾਨ ਨਾ ਖਰੀਦਿਆ ਜਾਵੇ, ਚੌਕਾਂ ਵਿੱਚ ਖੜ੍ਹੇ ਸਮਾਨ ਵੇਚ ਰਹੇ ਬੱਚੇ ਸਮਾਨ ਦੀ ਆੜ੍ਹ ਵਿੱਚ ਬਾਲ ਭਿੱਖਿਆ ਹੀ ਕਰਦੇ ਹਨ। ਉਨ੍ਹਾਂ ਆਮ ਜਨਤਾ ਅਤੇ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਕਿ ਉਹ ਇਹਨਾਂ ਬੱਚਿਆ ਦੇ ਹੱਥਾ ਵਿੱਚ ਕਿਤਾਬਾਂ ਦੇਣ ਤਾਂ ਜੋ ਉਹ ਪੜ੍ਹ ਲਿਖ ਕੇ ਆਪਣੀ ਚੰਗੀ ਜਿੰਦਗੀ ਬਸਰ ਕਰ ਸਕਣ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਆਮ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ ਤਾਂ ਜੋ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਸਕੇ, ਜੇਕਰ ਬਾਲ ਭਿੱਖਿਆ ਕਰਦਾ ਕੋਈ ਬੱਚਾ ਨਜ਼ਰ ਆਉਂਦਾ ਹੈ ਤਾਂ ਚਾਈਲਡ ਹੈਲਪ ਲਾਈਨ-1098 ਤੇ ਸੰਪਰਕ ਕੀਤਾ ਜਾਵੇ ਜੀ ।