ਫੂਡ ਸੇਫਟੀ ਵਿੰਗ ਵੱਲੋਂ ਘਨੌਲੀ ਤੇ ਨੂੰਹੋ ਇਲਾਕੇ ‘ਚ ਲੱਗਣ ਵਾਲੀਆਂ ਰੇਹੜੀਆਂ ਦੀ ਕੀਤੀ ਗਈ ਚੈਕਿੰਗ

ਫੂਡ ਸੇਫਟੀ ਵਿੰਗ ਵੱਲੋਂ ਘਨੌਲੀ ਤੇ ਨੂੰਹੋ ਇਲਾਕੇ ‘ਚ ਲੱਗਣ ਵਾਲੀਆਂ ਰੇਹੜੀਆਂ ਦੀ ਕੀਤੀ ਗਈ ਚੈਕਿੰਗ
ਤਿਉਹਾਰਾਂ ਦੇ ਮੱਦੇਨਜ਼ਰ ਸਾਫ ਸਫਾਈ ਨਾ ਰੱਖਣ ਜਾਂ ਗੈਰ ਮਿਆਰੀ ਸਮਾਨ ਵਰਤਣ ਵਾਲਿਆਂ ਦੁਕਾਨਦਾਰਾਂ ਵਿਰੁੱਧ ਸਖਤੀ ਕਾਰਵਾਈ ਕੀਤੀ ਜਾਵੇਗੀ – ਸਹਾਇਕ ਕਮਿਸ਼ਨਰ ਫੂਡ
ਰੂਪਨਗਰ, 06 ਅਕਤੂਬਰ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਰੂਪਨਗਰ ਦੀਆਂ ਹਦਾਇਤਾਂ ਤੇ ਅਖਬਾਰ ਵਿੱਚ ਲੱਗੀ ਰੇਹੜੀਆਂ ਸਬੰਧੀ ਖਬਰ ਤੇ ਕਾਰਵਾਈ ਕਰਦਿਆਂ ਫੂਡ ਸੇਫਟੀ ਵਿੰਗ ਰੂਪਨਗਰ ਵੱਲੋਂ ਘਨੌਲੀ ਅਤੇ ਨੂੰਹੋ ਦੇ ਇਲਾਕੇ ਵਿੱਚ ਸ਼ਾਮ ਵੇਲੇ ਲੱਗਣ ਵਾਲੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਗਈ।
ਇਸ ਟੀਮ ਵਿੱਚ ਸਹਾਇਕ ਕਮਿਸ਼ਨਰ ਫੂਡ ਮਨਜਿੰਦਰ ਸਿੰਘ ਢਿੱਲੋਂ ਅਤੇ ਫੂਡ ਸੇਫਟੀ ਅਫ਼ਸਰ ਸਿਮਰਨਜੀਤ ਸਿੰਘ ਗਿੱਲ ਸ਼ਾਮਿਲ ਸਨ। ਇਸ ਟੀਮ ਨੇ ਵੱਖ-ਵੱਖ ਰੇਹੜੀਆਂ ਦੀ ਜਾਂਚ ਕੀਤੀ ਅਤੇ ਵਰਤੇ ਜਾਣ ਵਾਲੇ ਸਮਾਨ ਅਤੇ ਸਾਫ਼ ਸਫਾਈ ਆਦਿ ਦੀ ਚੈਕਿੰਗ ਕੀਤੀ। ਇਸ ਦੌਰਾਨ ਟੀਮ ਵੱਲੋਂ ਖਾਣ ਪੀਣ ਦੀਆਂ ਵਸਤਾਂ ਦੇ 02 ਸੈਂਪਲ ਵੀ ਭਰੇ ਗਏ ਜੋ ਕਿ ਲੈਬ ਵਿੱਚ ਭੇਜੇ ਜਾ ਚੁੱਕੇ ਹਨ ਅਤੇ ਨਤੀਜੇ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਰੇਹੜੀ ਵਾਲਿਆਂ ਨੂੰ ਫੂਡ ਸੇਫਟੀ ਲਾਇਸੰਸ ਲੈਣ ਅਤੇ ਆਪਣੀ ਅਤੇ ਰੇਹੜੀਆਂ ਦੀ ਸਾਫ਼ ਸਫਾਈ ਸਬੰਧੀ ਵੀ ਹਦਾਇਤ ਕੀਤੀ।
ਇਸ ਮੌਕੇ ਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸਹਾਇਕ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਸਮੂਹ ਦੁਕਾਨਦਾਰਾਂ ਵਿਸ਼ੇਸ਼ ਤੌਰ ਤੇ ਹਲਵਾਈਆਂ ਨੂੰ ਤਿਉਹਾਰਾਂ ਮੌਕੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਆਪਣੀਆਂ ਦੁਕਾਨਾਂ ਅਤੇ ਵਰਕਸ਼ਾਪਾਂ ਦੀ ਵਿਸ਼ੇਸ਼ ਸਫਾਈ ਰੱਖਣ ਦੀ ਹਦਾਇਤ ਕੀਤੀ।
ਉਨ੍ਹਾਂ ਕਿਹਾ ਕਿ ਹਰ ਦੁਕਾਨਦਾਰ ਚੰਗਾ ਅਤੇ ਮਿਆਰੀ ਸਮਾਨ ਵਰਤ ਕੇ ਵਧੀਆ ਮਠਿਆਈਆਂ ਅਤੇ ਹੋਰ ਪਕਵਾਨ ਤਿਆਰ ਕਰੇ ਤਾਂ ਜੋ ਜ਼ਿਲ੍ਹੇ ਵਿੱਚ ਲੋਕਾਂ ਨੂੰ ਵਧੀਆ ਖਾਣ ਪੀਣ ਦਾ ਸਮਾਨ ਮੁਹੱਈਆਂ ਹੋ ਸਕੇ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਆਉਂਦੇ ਦਿਨਾਂ ਵਿੱਚ ਜ਼ਿਲ੍ਹੇ ਭਰ ਵਿੱਚ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਬਿਨ੍ਹਾਂ ਸਾਫ ਸਫਾਈ ਜਾਂ ਗੈਰ ਮਿਆਰੀ ਸਮਾਨ ਵਰਤਣ ਵਾਲਿਆਂ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।