ਫੁਲਕਾਰੀ ਲੇਡੀ ਸੁਖਦੇਵ ਕੌਰ ਨੇ “ਅੰਬਰ ਕਲੈਕਸ਼ਨ” ਨੂੰ ਸਫਲ ਬਣਾ ਕੇ ਬਣਾਈ ਹੋਰ ਔਰਤਾਂ ਲਈ ਮਿਸਾਲ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਫੁਲਕਾਰੀ ਲੇਡੀ ਸੁਖਦੇਵ ਕੌਰ ਨੇ “ਅੰਬਰ ਕਲੈਕਸ਼ਨ” ਨੂੰ ਸਫਲ ਬਣਾ ਕੇ ਬਣਾਈ ਹੋਰ ਔਰਤਾਂ ਲਈ ਮਿਸਾਲ
ਪੇਂਡੂ ਖੇਤਰ ਦੀਆਂ ਔਰਤਾਂ ਲਈ ਵਰਦਾਨ ਸਾਬਿਤ ਹੋ ਰਿਹਾ ਮਿਸ਼ਨ ‘ਆਜੀਵਿਕਾ’: ਵਧੀਕ ਡਿਪਟੀ ਕਮਿਸ਼ਨਰ
ਰੂਪਨਗਰ, 9 ਫਰਵਰੀ: ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ ਪਿੰਡਾਂ ਦੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਮਿਸ਼ਨ ਦਾ ਮੁੱਖ ਉਦੇਸ਼ ਲੋੜਵੰਦ ਪਰਿਵਾਰ ਦੀਆਂ ਔਰਤਾਂ ਨੂੰ ਆਰਥਿਕ ਤੌਰ ’ਤੇ ਉਪਰ ਉਠਣ ਵਿਚ ਮਦਦ ਕਰਨਾ ਅਤੇ ਉਨਾਂ ਨੂੰ ਆਤਮ ਨਿਰਭਰ ਬਣਾਉਣਾ ਹੈ ਅਤੇ ਇਸ ਮਿਸ਼ਨ ਤਹਿਤ ਹੀ ਫੁਲਕਾਰੀ ਲੇਡੀ ਵਜੋਂ ਪ੍ਰਸਿੱਧ ਸੁਖਦੇਵ ਕੌਰ ਨੇ “ਅੰਬਰ ਕਲੈਕਸ਼ਨ” ਨੂੰ ਸਫਲ ਬਣਾ ਕੇ ਹੋਰ ਔਰਤਾਂ ਲਈ ਮਿਸਾਲ ਖੜੀ ਕੀਤੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਚੰਦਰਜਯੋਤੀ ਸਿੰਘ ਨੇ ਕੀਤਾ ਪੰਜਾਬ ਰਾਜ ਦਿਹਾਤੀ ਅਜੀਵਕਾ ਮਿਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ।
‘ਫੁਲਕਾਰੀ’ ਪ੍ਰੋਜੈਕਟ ਮੋਰਿੰਡਾ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਖਦੇਵ ਕੌਰ “ਅੰਬਰ ਕਲੈਕਸ਼ਨ” ਨਾਮ ਦਾ ਇੱਕ ਉੱਦਮ ਚਲਾਉਂਦੀ ਹੈ ਜੋ ਫੁਲਕਾਰੀ ਕਢਾਈ ਦੇ ਨਾਲ-ਨਾਲ ਬੈੱਡਸ਼ੀਟ ਸੈੱਟ ਅਤੇ ਰਵਾਇਤੀ ਸੂਟ ਤੋਂ ਲੈ ਕੇ ਫਰਨੀਚਰ ਅਤੇ ਬੈਗ ਤੱਕ ਕਈ ਤਰ੍ਹਾਂ ਦੇ ਉਤਪਾਦ ਤਿਆਰ ਕਰਦੀ ਹੈ, ਉਨ੍ਹਾਂ ਆਪਣਾ ਇਕ ਸਫਲ ਸਵੈ-ਸਹਾਇਤਾ ਸਮੂਹ ਸਥਾਪਿਤ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮੋਰਿੰਡਾ ਬਲਾਕ ਦੇ ਪਿੰਡ ਬੂਰਮਾਜਰਾ ਵਿੱਚ ਸਥਿਤ ਉਸਦੇ ਉੱਦਮ ਦਾ ਉਦੇਸ਼ ਪੰਜਾਬ ਦੀ ਰਵਾਇਤੀ ਕਢਾਈ ਫੁਲਕਾਰੀ ਨੂੰ ਮੁੜ ਸੁਰਜੀਤ ਕਰਨਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ 150-200 ਵਿਦਿਆਰਥੀਆਂ ਨੂੰ ਫੁਲਕਾਰੀ ਉਤਪਾਦ ਬਣਾਉਣ ਲਈ ਲੋੜੀਂਦੇ ਹੁਨਰਾਂ ਵਿੱਚ ਸਿਖਲਾਈ ਦਿੱਤੀ ਹੈ, ਉਨ੍ਹਾਂ ਨੂੰ ਆਰਡਰ ਦਿੱਤੇ ਹਨ ਅਤੇ ਉਨ੍ਹਾਂ ਦੇ ਰੋਜ਼ੀ-ਰੋਟੀ ਕਮਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਉਹ ਕਾਲਜਾਂ ਵਿੱਚ ਇਸ ਕਲਾ ਲਈ ਵਰਕਸ਼ਾਪਾਂ ਲੈਂਦੀ ਹੈ ਅਤੇ ਉਸਦਾ ਬ੍ਰਾਂਡ ਨਾ ਸਿਰਫ਼ ਪੰਜਾਬ ਵਿੱਚ ਸਗੋਂ ਪੂਰੇ ਭਾਰਤ ਵਿੱਚ ਆਪਣੇ ਉੱਚ-ਗੁਣਵੱਤਾ ਵਾਲੇ ਫੁਲਕਾਰੀ ਉਤਪਾਦਾਂ ਲਈ ਪ੍ਰਸਿੱਧ ਹੋ ਗਿਆ ਹੈ। ਉਨ੍ਹਾਂ ਦੇਸ਼ ਭਰ ਦੇ ਸਾਰਸ ਮੇਲਿਆਂ ਅਤੇ ਸ਼ਿਲਪ ਮੇਲਿਆਂ ਵਿੱਚ ਵੀ ਹਿੱਸਾ ਲਿਆ ਹੈ ਅਤੇ ਹੌਲੀ-ਹੌਲੀ ਆਪਣੇ ਉਤਪਾਦਨ ਦੇ ਪੈਮਾਨੇ ਨੂੰ ਵਧਾਇਆ ਹੈ ਤੇ ਵਧੇਰੇ ਮੁਨਾਫ਼ਾ ਦਰਜ ਕੀਤਾ ਹੈ। ਉਸਦਾ ਇਹ ਕਾਰੋਬਾਰੀ ਮਾਡਲ ਪੰਜਾਬ ਦੇ ਹੋਰ ਸੈਲਫ਼ ਹੈਲਪ ਗਰੁੱਪਾਂ ਦੀ ਅਗਵਾਈ ਕਰਦਾ ਹੋਇਆ ਇੱਕ ਨਮੂਨੇ ਵਜੋਂ ਕੰਮ ਕਰ ਰਿਹਾ ਹੈ। ਸੁਖਦੇਵ ਕੌਰ ਦੀ ਬੇਮਿਸਾਲ ਭਾਵਨਾ, ਪ੍ਰਤਿਭਾ ਅਤੇ ਸਖ਼ਤ ਮਿਹਨਤ ਨੇ ਉਨ੍ਹਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਗਰੁੱਪਾਂ ਨੂੰ ਪੰਜ ਸੂਤਰੀ ਪ੍ਰਣਾਲੀ ਜਿਵੇਂ ਹਫਤਾਵਰੀ ਮੀਟਿੰਗ, ਬੱਚਤ, ਆਪਸੀ ਲੈਣ-ਦੇਣ, ਕਰਜ਼ਾ ਵਾਪਸੀ, ਬੁੱਕ ਕੀਪਿੰਗ ਦਾ ਪਾਲਣਾ ਕਰਨਾ ਹੁੰਦਾ ਹੈ। ਜਿਸ ਨਾਲ ਜ਼ਿਲ੍ਹੇ ਵਿੱਚ ਵੀ ਇਹ ਲੋਕ ਪੱਖੀ ਯੋਜਨਾ ਇੱਕ ਪਰਿਵਰਤਨਸ਼ੀਲ ਪਹਿਲਕਦਮੀ ਕਰਦਿਆਂ ਔਰਤਾਂ ਦੀ ਉੱਦਮਤਾ ਦੀ ਇੱਕ ਰੋਸ਼ਨੀ ਵਜੋਂ ਉੱਭਰੀ ਹੈ।
ਇਸ ਸਕੀਮ ਅਧੀਨ ਪਿੰਡਾਂ ਦੀਆਂ ਹਾਸ਼ੀਏ ਉੱਤੇ ਜੀਵਨ ਬਸਰ ਕਰ ਰਹੀਆਂ ਲੋੜਵੰਦ ਔਰਤਾਂ ਲਈ ਸਵੈ-ਸਹਾਇਤਾ ਸਮੂਹ (ਸੈਲਫ ਹੈਲਪ ਗਰੁੱਪ) ਬਣਾਏ ਜਾਂਦੇ ਹਨ। ਮਿਸ਼ਨ ਦਾ ਮੁੱਖ ਮੰਤਵ ਪਿੰਡਾਂ ਦੀਆਂ ਔਰਤਾਂ ਨੂੰ ਆਰਥਿਕ ਤੌਰ ’ਤੇ ਆਤਮ ਨਿਰਭਰ ਬਣਾਉਣਾ ਹੈ ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਣਥੱਕ ਯਤਨ ਕੀਤੇ ਜਾ ਰਹੇ ਹਨ ਕਿ ਵਧ ਤੋਂ ਵਧ ਔਰਤਾਂ ਨੂੰ ਸੈਲਫ ਹੈਲਪ ਗਰੁੱਪ ਨਾਲ ਜੋੜ ਕੇ ਆਰਥਿਕ ਪੱਖੋਂ ਮਜ਼ਬੂਤ ਕੀਤਾ ਜਾ ਸਕੇ।