ਫਸਲਾਂ ਦੀ ਰਹਿੰਦ-ਖੂੰਹਦ ਨੂੰ ਪ੍ਰਬੰਧਨ ਕਰਕੇ “ਵੇਸਟ ਟੂ ਵੈਲਥ ਦੀ” ਧਾਰਨਾ ਅਪਨਾਉਣ ਦੀ ਲੋੜ: ਡਾ: ਮਨਿੰਦਰ ਸਿੰਘ ਬੋਂਸ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਫਸਲਾਂ ਦੀ ਰਹਿੰਦ-ਖੂੰਹਦ ਨੂੰ ਪ੍ਰਬੰਧਨ ਕਰਕੇ “ਵੇਸਟ ਟੂ ਵੈਲਥ ਦੀ” ਧਾਰਨਾ ਅਪਨਾਉਣ ਦੀ ਲੋੜ: ਡਾ: ਮਨਿੰਦਰ ਸਿੰਘ ਬੋਂਸ
ਰੂਪਨਗਰ, 16 ਮਾਰਚ: ਕਿਸਾਨਾਂ ਨੂੰ ਖੇਤੀਬਾੜੀ ਬਾਗਬਾਨੀ ਅਤੇ ਹੋਰ ਸਹਾਇਕ ਧੰਦਿਆਂ ਲਈ ਲਗਾਏ ਗਏ ਕਿਸਾਨ ਮੇਲੇ ਵਿਚ ਸੰਬੋਧਨ ਕਰਦਿਆਂ ਹੋਇਆ ਐਸੋਸੀਏਟ ਡਾਇਰੈਕਟਰ ਕੇ.ਵੀ.ਕੇ. (ਕ੍ਰਿਸ਼ੀ ਵਿਗਿਆਨ ਕੇਂਦਰ) ਡਾ: ਮਨਿੰਦਰ ਸਿੰਘ ਬੋਂਸ ਨੇ ਫਸਲਾਂ ਦੀ ਰਹਿੰਦ-ਖੂੰਹਦ ਤਕਨੀਕਾਂ ਰਾਹੀਂ ਕਿਸਾਨਾਂ ਨੂੰ ਵੇਸਟ ਟੂ ਵੈਲਥ ਦੀ ਧਾਰਨਾ ਅਪਨਾਉਣ ਲਈ ਪ੍ਰੇਰਿਤ ਕੀਤਾ।
ਡਾ. ਬੋਂਸ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਟਿਕਾਊ ਖੇਤੀ ਲਈ ਫਸਲਾਂ ਦੀ ਅਸਰਦਾਰ ਰਹਿੰਦ-ਖੂੰਹਦ ਪ੍ਰਬੰਧਨ ਅਤਿ ਜ਼ਰੂਰੀ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਅਪਣਾਉਣੀ ਚਾਹੀਦੀ ਹੈ ਅਤੇ ਆਪਣਾ ਬੀਜ ਖੁਦ ਪੈਦਾ ਕਰਨਾ ਚਾਹੀਦਾ ਹੈ।
ਇਸ ਸਮਾਗਮ ਵਿਚ ਉਦਯੋਗ ਮਾਹਿਰਾਂ ਅਤੇ ਸਰਕਾਰੀ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦੇ ਸਹੀ ਪ੍ਰਬੰਧਨ ਅਤੇ ਟਿਕਾਊ ਖੇਤੀ ਅਭਿਆਸਾਂ ਦੀ ਮਹੱਤਤਾ ਬਾਰੇ ਵਿਸ਼ੇਸ਼ ਤੌਰ ਉਤੇ ਜਾਣਕਾਰੀ ਦਿੱਤੀ ਗਈ।
ਇਸ ਕਿਸਾਨ ਮੇਲੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੁਆਰਾ ਹਾਜ਼ਰ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਨਵੀਨਤਮ ਉਪਕਰਨਾਂ ਅਤੇ ਤਕਨਾਲੋਜੀਆਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਆਧੁਨਿਕ ਸੰਦਾਂ ਬਾਰੇ ਵੇਰਵੇ ਸਹਿਤ ਦੱਸਿਆ ਗਿਆ। ਇੱਥੇ ਪੀਏਯੂ ਦੇ ਬੀਜ ਅਤੇ ਸਾਹਿਤ ਦੀ ਵਿਕਰੀ ਇੱਕ ਹੋਰ ਪ੍ਰਮੁੱਖ ਆਕਰਸ਼ਣ ਰਹੀ।
ਇਸ ਮੇਲੇ ਰਾਹੀਂ ਭਾਗੀਦਾਰਾਂ ਨੂੰ ਟਿਕਾਊ ਖੇਤੀ ਅਤੇ ਆਧੁਨਿਕ ਤਕਨੀਕਾਂ ਰਾਹੀਂ ਹੋਣ ਵਾਲੀ ਖੇਤੀ ਅਤੇ ਹੋਰ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਵੀਨਤਮ ਸਰਕਾਰੀ ਪਹਿਲਕਦਮੀਆਂ ਅਤੇ ਪ੍ਰੋਗਰਾਮਾਂ ਬਾਰੇ ਜਾਣਨ ਦਾ ਮੌਕਾ ਵੀ ਮਿਲਿਆ। ਕਿਸਾਨਾਂ ਨੂੰ ਸਾਥੀ ਕਿਸਾਨਾਂ ਨਾਲ ਨੈਟਵਰਕ ਬਣਾਉਣ ਅਤੇ ਵਧੀਆ ਅਭਿਆਸਾਂ ਅਤੇ ਅਨੁਭਵਾਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਵੀ ਮਿਲਿਆ।
ਸਮਾਗਮ ਦੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਕੇ.ਵੀ.ਕੇ ਡਾ: ਸਤਬੀਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਭੂਮੀ ਅਤੇ ਜਲ ਸੰਭਾਲ, ਬਾਗਬਾਨੀ, ਪਸ਼ੂ ਪਾਲਣ, ਡੇਅਰੀ ਵਿਕਾਸ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ, ਆਰ.ਐਸ.ਈ.ਟੀ.ਆਈ.-ਯੂਕੋ ਬੈਂਕ ਅਤੇ ਪ੍ਰਾਈਵੇਟ ਫਰਮਾਂ ਤੋਂ ਇਲਾਵਾ 700 ਦੇ ਕਰੀਬ ਕਿਸਾਨਾਂ ਨੇ ਇਸ ਮੇਲੇ ਦਾ ਲਾਭ ਲਿਆ। ਕਿਸਾਨ ਮੇਲੇ ਵਿੱਚ ਕਿਸਾਨ ਔਰਤਾਂ, ਉੱਦਮੀਆਂ/ਕੇਵੀਕੇ ਦੇ ਸਾਬਕਾ ਸਿਖਿਆਰਥੀਆਂ ਅਤੇ ਐਫਪੀਓਜ਼ ਨੇ ਵੀ ਭਾਗ ਲਿਆ।
ਇਹ ਕਿਸਾਨ ਮੇਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਆਈ.ਸੀ.ਏ.ਆਰ. ਅਟਾਰੀ ਜ਼ੋਨ-1, ਲੁਧਿਆਣਾ ਅਤੇ ਕੇਵੀਕੇ, ਹੁਸ਼ਿਆਰਪੁਰ ਦੇ ਸਹਿਯੋਗ ਦੀ ਸਹਿਯੋਗ ਨਾਲ ਲਗਾਇਆ ਗਿਆ।
ਇਸ ਮੌਕੇ ਡਾ. ਗੁਰਮੇਲ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਉਤਪਾਦਨ) ਡਾ. ਅਪਰਨਾ, ਸਹਾਇਕ ਪ੍ਰੋਫੈਸਰ (ਬਾਗਬਾਨੀ) ਡਾ: ਸੰਜੀਵ ਆਹੂਜਾ, ਸਹਾਇਕ ਪ੍ਰੋਫੈਸਰ (ਐਗਰੋਫੋਰੈਸਟਰੀ) ਸ਼੍ਰੀਮਤੀ ਅੰਕੁਰਦੀਪ ਪ੍ਰੀਤੀ ਅਤੇ ਸਹਾਇਕ ਪ੍ਰੋਫੈਸਰ (ਹੋਮ ਸਾਇੰਸ) ਡਾ: ਪ੍ਰਿੰਸੀ ਵੀ ਹਾਜ਼ਰ ਸਨ।