ਪੰਜਾਬ ਸਰਕਾਰ ਵੱਲੋਂ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਵਪਾਰ ਲਈ ਅਨੁਕੂਲ ਮਾਹੌਲ ਮੁਹੱਈਆ ਕੀਤਾ ਜਾ ਰਿਹਾ – ਚੇਅਰਮੈਨ ਅਨਿਲ ਠਾਕੁਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪੰਜਾਬ ਸਰਕਾਰ ਵੱਲੋਂ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਵਪਾਰ ਲਈ ਅਨੁਕੂਲ ਮਾਹੌਲ ਮੁਹੱਈਆ ਕੀਤਾ ਜਾ ਰਿਹਾ – ਚੇਅਰਮੈਨ ਅਨਿਲ ਠਾਕੁਰ
ਪੰਜਾਬ ਵਪਾਰ ਕਮਿਸ਼ਨ, ਆਬਕਾਰੀ ਤੇ ਕਰ ਵਿਭਾਗ ਦੇ ਚੇਅਰਮੈਨ ਨੇ ਜ਼ਿਲ੍ਹੇ ਦੇ ਵਪਾਰੀਆਂ ਅਤੇ ਵੱਖ-ਵੱਖ ਐਸੋਸੀਏਸ਼ਨਾਂ ਨਾਲ ਕੀਤੀ ਮੀਟਿੰਗ
ਰੂਪਨਗਰ, 03 ਜੁਲਾਈ: ਪੰਜਾਬ ਵਪਾਰ ਕਮਿਸ਼ਨ, ਆਬਕਾਰੀ ਅਤੇ ਕਰ ਵਿਭਾਗ ਦੇ ਚੇਅਰਮੈਨ ਸ਼੍ਰੀ ਅਨਿਲ ਠਾਕੁਰ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਵਪਾਰਕ ਸੰਗਠਨਾਂ ਅਤੇ ਵਪਾਰਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸ੍ਰੀ ਠਾਕੁਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ’ਤੇ ਕਮਿਸ਼ਨ ਅਤੇ ਵਿਭਾਗ ਸੂਬੇ ’ਚ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਹਾਂ-ਪੱਖੀ ਅਤੇ ਵਪਾਰ ਦੇ ਅਨੁਕੂਲ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਚੇਅਰਮੈਨ ਸ੍ਰੀ ਅਨਿਲ ਠਾਕੁਰ ਨੇ ਕਿਹਾ ਕਿ ਵਪਾਰੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਅਨੁਸਾਰ, ਉਨ੍ਹਾਂ ਨੇ ਸਾਲ 2017-18 ਦੀ ਪਹਿਲੀ ਤਿਮਾਹੀ ਦੇ ਬਕਾਇਆ ਟੈਕਸ ਬਕਾਏ ਦੇ ਮਾਮਲਿਆਂ ਦੇ ਹੱਲ ਲਈ ਓਟੀਐਸ (ਵਨ ਟਾਈਮ ਸੈਟਲਮੈਂਟ) ਸਕੀਮ ਲਾਗੂ ਕਰਨ ਲਈ ਵਿੱਤ ਮੰਤਰੀ, ਪੰਜਾਬ ਨੂੰ ਸਿਫ਼ਾਰਸ਼ ਭੇਜੀ ਹੈ ਅਤੇ ਇਹ ਸਕੀਮ ਜਲਦੀ ਹੀ ਲਾਗੂ ਕਰ ਦਿੱਤੀ ਜਾਵੇਗੀ।
ਚੇਅਰਮੈਨ ਵੱਲੋਂ ਵਪਾਰੀਆਂ ਅਤੇ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਗਿਆ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਵਿਭਾਗੀ ਅਧਿਕਾਰੀਆਂ ਦੀ ਮਦਦ ਨਾਲ ਮੌਕੇ ‘ਤੇ ਹੀ ਹੱਲ ਕਰ ਦਿੱਤਾ ਗਿਆ। ਬਾਕੀ ਰਹਿੰਦੇ ਗੁੰਝਲਦਾਰ ਮੁੱਦਿਆਂ ਨੂੰ ਜੀਐਸਟੀ ਕੌਂਸਲ ਰਾਹੀਂ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ।
ਸ੍ਰੀ ਠਾਕੁਰ ਨੇ ਸਾਰੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਖੇਤਰਾਂ ਵਿੱਚ ਟੈਕਸ ਅਦਾ ਕਰਨ ਵਿੱਚ ਸਹਿਯੋਗ ਕਰਨ ਤਾਂ ਜੋ ਸੂਬੇ ਦੇ ਮਾਲੀਏ ਵਿੱਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵਪਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ ਰਾਜ ਕਰ ਰੋਪੜ ਸ. ਯਾਦਵਿੰਦਰ ਸਿੰਘ, ਸਹਾਇਕ ਕਮਿਸ਼ਨਰ ਰਾਜ ਕਰ ਸਿਪੂ ਰੋਪੜ ਸ. ਮੇਜਰ ਮਨਮੋਹਨ ਸਿੰਘ, ਰਾਜ ਕਰ ਅਫ਼ਸਰ ਸ. ਪਰਮਿੰਦਰ ਸਿੰਘ, ਰਾਜ ਕਰ ਅਫ਼ਸਰ ਸ਼੍ਰੀ ਰਜਨੀ ਮੁਖੇਜਾ, ਰਾਜ ਕਰ ਅਫ਼ਸਰ ਸ਼੍ਰੀ ਰਜਨੀਸ਼ ਸੈਣੀ, ਆਬਕਾਰੀ ਅਫ਼ਸਰ ਸ਼੍ਰੀ ਸ਼ੇਖਰ ਅਤੇ ਸਟਾਫ਼ ਤੋਂ ਇਲਾਵਾ ਪ੍ਰਧਾਨ ਵਪਾਰ ਮੰਡਲ ਜ਼ਿਲ੍ਹਾ ਰੂਪਨਗਰ ਸ਼੍ਰੀ ਪਵਨ ਕੁਮਾਰ ਦਾਨੀਆ, ਪ੍ਰਧਾਨ ਵਪਾਰ ਮੰਡਲ ਰੋਪੜ ਸ਼ਹਿਰ ਸ. ਪਰਵਿੰਦਰਪਾਲ ਸਿੰਘ ਬਿੰਟਾ, ਪ੍ਰਧਾਨ ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਸ਼੍ਰੀ ਦੀਪਕ ਆਂਗਰਾ, ਪ੍ਰਧਾਨ ਵਪਾਰ ਮੰਡਲ ਮੋਰਿੰਡਾ ਸ. ਮਨਜੀਤ ਸਿੰਘ ਭਾਟੀਆ ਅਤੇ ਪ੍ਰਧਾਨ ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਸ. ਇੰਦਰਜੀਤ ਸਿੰਘ ਅਰੋੜਾ ਵੀ ਹਾਜ਼ਰ ਸਨ।