ਪੰਜਾਬ ਸਰਕਾਰ ਕਣਕ ਦੀ ਸਾਂਭ-ਸੰਭਾਲ ਲਈ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ: ਡਾ. ਨਵਰੀਤ
ਪੰਜਾਬ ਸਰਕਾਰ ਕਣਕ ਦੀ ਸਾਂਭ-ਸੰਭਾਲ ਲਈ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ: ਡਾ. ਨਵਰੀਤ
ਜ਼ਿਲੇ ਦੀਆਂ ਸਮੂਹ ਮੰਡੀਆਂ ਵਿੱਚ ਹੁਣ ਤੱਕ 10661 ਐਮ.ਟੀ. ਕਣਕ ਕਿਸਾਨਾ ਵੱਲੋਂ ਲਿਆਂਦੀ ਗਈ
ਰੂਪਨਗਰ, 14 ਅਪ੍ਰੈਲ: ਪੰਜਾਬ ਰਾਜ ਵਿੱਚ ਰੱਬੀ ਸੀਜ਼ਨ 2022-23 ਸ਼ੁਰੂ ਹੋ ਚੁੱਕਾ ਹੈ। ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਈ ਜਾ ਰਹੀ ਕਣਕ ਨੂੰ ਖਰੀਦਣ ਅਤੇ ਕਣਕ ਦੀ ਸਾਂਭ-ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹੇ ਦੀ ਹਰ ਇੱਕ ਮੰਡੀ ਵਿੱਚ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਨੂੰ 72 ਘੰਟਿਆਂ ਦੇ ਅੰਦਰ-2 ਮੰਡੀ ਵਿਚੋਂ ਚੁੱਕ ਕੇ ਭੰਡਾਰ ਕਰਨ ਵਾਲੀ ਥਾਂ ਤੇ ਸਟੋਰ ਕਰਨ ਲਈ ਸਰਕਾਰ ਵੱਲੋਂ ਲੇਬਰ, ਲੇਬਰ-ਕਾਰਟੇਜ, ਟਰਾਂਸਪੋਰਟੇਸ਼ਨ ਦੇ ਟੈਂਡਰ ਪਹਿਲਾਂ ਹੀ ਵਿਵਸਥਿਤ ਕੀਤੇ ਜਾ ਚੁੱਕੇ ਹਨ।
ਇਸ ਸਬੰਧੀ ਸ੍ਰੀਮਤੀ, ਡਾ. ਨਵਰੀਤ, ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਰੂਪਨਗਰ ਵੱਲੋਂ ਦੱਸਿਆ ਗਿਆ ਕਿ ਪ੍ਰਸ਼ਾਸਨ ਵੱਲੋਂ ਕੇਵਲ ਉਨ੍ਹਾਂ ਟਰੱਕਾਂ ਨਾਲ ਹੀ ਕਣਕ ਦੀ ਲਿਫਟਿੰਗ ਕਰਵਾਈ ਜਾ ਰਹੀ ਹੈ, ਜਿਨ੍ਹਾਂ ਟਰੱਕਾਂ ਵਿੱਚ ਵੀ ਟੀ ਐਸ (ਵਹੀਕਲ ਟਰੈਕਿੰਗ ਸਿਸਟਮ) ਚਾਲੂ ਹੋਵੇ ਤਾਂ ਜੋ ਜੀ.ਪੀ.ਐਸ. ਸਿਸਟਮ ਰਾਹੀਂ ਵਾਹਨ ਦੀ ਮੂਵਮੈਂਟ ਨੂੰ ਟਰੈਕ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਜ਼ਿਲ੍ਹਾ ਕੰਟਰੋਲਰ ਵੱਲੋਂ ਦੱਸਿਆ ਗਿਆ ਕਿ ਖਰੀਦ ਮੰਡੀ ਸ੍ਰੀ ਚਮਕੌਰ ਸਾਹਿਬ ਤੋਂ 200 ਐਮ.ਟੀ., ਬੇਲਾ ਮੰਡੀ ਤੋਂ 100 ਐਮ.ਟੀ., ਅਗੰਮਪੁਰ ਮੰਡੀ ਤੋਂ 50 ਐਮ.ਟੀ, ਰੂਪਨਗਰ ਤੋਂ 36 ਐਮ.ਟੀ., ਸ੍ਰੀ ਕੀਰਤਪੁਰ ਸਾਹਿਬ 52 ਐਮ.ਟੀ., ਸੁੱਖੇ ਮਾਜਰਾ 64 ਐਮ.ਟੀ., ਤੱਖਤਗੜ੍ਹ 120 ਐਮ.ਟੀ. ਕਣਕ ਦੀ ਲਿਫਟਿੰਗ ਵੀ ਟੀ ਐਸ ਸਿਸਟਮ ਰਾਹੀਂ ਕੀਤੀ ਗਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਰੱਬੀ ਸੀਜ਼ਨ 2023-24 ਦੌਰਾਨ ਜ਼ਿਲੇ ਦੀਆਂ ਸਮੂਹ ਮੰਡੀਆਂ ਵਿੱਚ ਹੁਣ ਤੱਕ 10661 ਐਮ.ਟੀ. ਕਣਕ ਕਿਸਾਨਾ ਵੱਲੋਂ ਲਿਆਂਦੀ ਗਈ ਹੈ, ਜਿਸ ਵਿਚੋਂ ਖਰੀਦ ਏਜੰਸੀਆਂ ਵੱਲੋਂ 10591 ਐਮ.ਟੀ. ਕਣਕ ਖਰੀਦੀ ਜਾ ਚੁੱਕੀ ਹੈ ਅਤੇ ਸਮੂਹ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਦੀ 100 ਪ੍ਰਤੀਸ਼ਤ ਅਦਾਇਗੀ 24 ਘੰਟਿਆਂ ਦੇ ਵਿੱਚ-2 ਕਰ ਦਿੱਤੀ ਗਈ ਹੈ।