ਪੰਜਾਬ ਭੂਮੀ ਸੁਰੱਖਿਆ ਐਕਟ ਦੇ ਰਕਬੇ ਤੋਂ ਬਾਹਰ ਵਾਲੀ ਪੰਚਾਇਤੀ ਜ਼ਮੀਨ ‘ਤੇ ਲਗਾਏ ਗਏ ਰੁੱਖ ਵਣ ਕਾਨੂੰਨ ਤਹਿਤ ਜੰਗਲਾਤ ਘੋਸ਼ਿਤ ਨਹੀਂ ਹੋਣਗੇ: ਕ੍ਰਿਸ਼ਨ ਕੁਮਾਰ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਪੰਜਾਬ ਭੂਮੀ ਸੁਰੱਖਿਆ ਐਕਟ ਦੇ ਰਕਬੇ ਤੋਂ ਬਾਹਰ ਵਾਲੀ ਪੰਚਾਇਤੀ ਜ਼ਮੀਨ ‘ਤੇ ਲਗਾਏ ਗਏ ਰੁੱਖ ਵਣ ਕਾਨੂੰਨ ਤਹਿਤ ਜੰਗਲਾਤ ਘੋਸ਼ਿਤ ਨਹੀਂ ਹੋਣਗੇ: ਕ੍ਰਿਸ਼ਨ ਕੁਮਾਰ
ਪੰਚਾਇਤਾਂ ਅਧੀਨ ਰਕਬੇ ਤੋਂ ਕੱਟੇ ਗਏ ਰੁੱਖਾਂ ਤੋਂ ਹੋਈ ਆਮਦਨ ਦੀ ਪੂਰਾ ਤਰ੍ਹਾਂ ਹੱਕਦਾਰ ਵੀ ਪੰਚਾਇਤਾਂ ਹੋਣਗੀਆਂ
ਸੂਬੇ ਵਿੱਚ ਵਣਾਂ ਤੇ ਰੁੱਖ ਦੇ ਹੇਠ ਰਕਬੇ ਨੂੰ 2030 ਤੱਕ 7.5 ਫ਼ੀਸਦ ਤੱਕ ਵਧਾਉਣ ਦਾ ਟੀਚਾ
ਰਾਜ ਨੂੰ ਹਰਿਆ ਭਰਿਆ ਬਣਾਉਣ ਲਈ ਸੀਜਨ ਦੌਰਾਨ 11 ਲੱਖ ਪੌਦੇ ਜ਼ਿਲ੍ਹਾ ਰੂਪਨਗਰ ਵਿਖੇ ਲਗਾਏ ਜਾਣਗੇ: ਡਿਪਟੀ ਕਮਿਸ਼ਨਰ
ਰੂਪਨਗਰ, 6 ਜੁਲਾਈ: ਪੰਜਾਬ ਭੂਮੀ ਸੁਰੱਖਿਆ ਐਕਟ, 1900 ਦੇ ਰਕਬੇ ਤੋਂ ਬਾਹਰ ਵਾਲੀ ਪੰਚਾਇਤੀ ਜ਼ਮੀਨ ਉੱਤੇ ਲਗਾਏ ਗਏ ਰੁੱਖ ਵਣ ਕਾਨੂੰਨ ਤਹਿਤ ਜੰਗਲਾਤ ਘੋਸ਼ਿਤ ਨਹੀਂ ਹੋਣਗੇ ਅਤੇ ਪੰਚਾਇਤਾਂ ਅਧੀਨ ਰਕਬੇ ਤੋਂ ਕੱਟੇ ਗਏ ਰੁੱਖਾਂ ਤੋਂ ਹੋਈ ਆਮਦਨ ਦੀ ਪੂਰਾ ਤਰ੍ਹਾਂ ਹੱਕਦਾਰ ਵੀ ਪੰਚਾਇਤਾਂ ਹੀ ਹੋਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਮੁੱਖ ਸਕੱਤਰ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਉੱਚ ਪੱਧਰੀ ਮੀਟਿੰਗ ਦੌਰਾਨ ਕੀਤਾ।
ਮੀਟਿੰਗ ਦੀ ਅਗਵਾਈ ਕਰਦਿਆਂ ਦੱਸਿਆ ਕਿ ਇਸ ਸਬੰਧੀ ਹਦਾਇਤਾਂ, ਅਰਧ ਸਰਕਾਰੀ ਪੱਤਰ ਰਾਹੀਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਪਿੰਡਾਂ ਵਿੱਚ ਬੂਟੇ ਲਗਾਉਣ ਦੀ ਵਿਆਪਕ ਮੁਹਿੰਮ ਸ਼ੁਰੂ ਹੋ ਗਈ ਹੈ।
ਸ਼੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਰਾਜ ਵਿੱਚ ਲਗਭਗ 13 ਹਜਾਰ ਪਿੰਡ ਹਨ ਤੇ ਪਹਾੜੀ ਰਕਬੇ ਉੱਤੇ ਕਾਫੀ ਪਿੰਡ ਪੰਜਾਬ ਭੂਮੀ ਸੁਰੱਖਿਆ ਐਕਟ 1900 ਅਧੀਨ ਬੰਦ ਹਨ। ਇਸ ਦੇ ਬਾਵਜੂਦ ਵੀ ਜਿਆਦਾਤਰ ਪਿੰਡ ਪਹਾੜੀ ਰਕਬੇ ਤੋਂ ਬਾਹਰ ਹਨ ਅਤੇ ਉਨ੍ਹਾਂ ਦੀ ਪੰਚਾਇਤੀ ਰਕਬੇ ਉੱਤੇ ਵੱਡੇ ਪੱਧਰ ਉੱਤੇ ਬੂਟੇ ਲਗਾਏ ਜਾ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਜਿਹੜੇ ਪੰਚਾਇਤੀ ਰਕਬੇ ਪੰਜਾਬ ਭੂਮੀ ਸੁਰੱਖਿਆ ਐਕਟ 1900 ਅਧੀਨ ਬੰਦ ਨਹੀਂ ਹਨ ਭਾਵ ਕੰਢੀ ਰਕਬੇ ਤੋਂ ਬਾਹਰ ਹਨ ਉਨ੍ਹਾਂ ਪੰਚਾਇਤ ਵੱਲੋਂ ਇਹ ਸੋਚਿਆ ਜਾਂਦਾ ਹੈ ਕਿ ਪੰਚਾਇਤੀ ਰਕਬੇ ਉੱਤੇ ਲਗਾਏ ਗਏ ਬੂਟਿਆਂ ਅਧੀਨ ਉਨ੍ਹਾਂ ਦਾ ਰਕਬਾ ਵਣਾ ਅਧੀਨ ਆ ਜਾਵੇਗਾ ਅਤੇ ਉਨ੍ਹਾਂ ਨੂੰ ਉਸ ਰਕਬੇ ਤੋਂ ਰੁੱਖ ਕੱਟਣ ਦੀ ਪਾਬੰਦੀ ਹੋ ਜਾਵੇਗੀ ਜਿਸ ਕਾਰਨ ਉਹ ਪੰਚਾਇਤੀ ਜ਼ਮੀਨ ਤੇ ਬੂਟੇ ਲਗਾਉਣ ਤੋ ਗੁਰੇਜ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਇਹ ਸਪੱਸ਼ਟ ਕਰਨਾ ਜਰੂਰੀ ਹੈ ਕਿ ਪੰਜਾਬ ਭੂਮੀ ਸੁਰੱਖਿਆ ਐਕਟ ਰਕਬੇ ਤੋਂ ਬਾਹਰ ਵਾਲੀ ਪੰਚਾਇਤਾਂ ਵਾਲੀ ਪਲਾਂਟਟੇਸ਼ਨ ਵਾਲੇ ਰਕਬੇ ਨੂੰ ਵਣ ਵਿਭਾਗ ਵਲੋਂ ਕਿਸੇ ਵੀ ਜਗ੍ਹਾ ਨੂੰ ਜੰਗਲਾਤ ਘੋਸ਼ਿਤ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਪੰਚਾਇਤ ਵਲੋਂ ਲਗਾਏ ਗਏ ਬੂਟਿਆਂ ਨੂੰ ਕੱਟਣ ਵੇਲੇ ਵਣ ਵਿਭਾਗ ਵੱਲੋਂ ਕੋਈ ਪਾਬੰਦੀ ਹੋਵੇਗੀ।
ਇਸ ਮੌਕੇ ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਇਸ ਸਬੰਧੀ ਸਮੂਹ ਪੰਚਾਇਤਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਹੋਰ ਵਿਭਾਗਾਂ ਦੀ ਤਰ੍ਹਾਂ ਪੰਚਾਇਤਾਂ ਵੀ ਸੂਬੇ ਦੇ ਵਾਤਵਰਨ ਨੂੰ ਸੁਧਾਰਨ ਵਿੱਚ ਅਤੇ ਰਾਜ ਵਿੱਚ ਗਰੀਨ ਕਵਰ ਵਧਾਉਣ ਵਿੱਚ ਆਪਣਾ ਯੋਗਦਾਨ ਪਾ ਸਕਣ।
ਉਨ੍ਹਾਂ ਦੱਸਿਆ ਕਿ ਇਸ ਵਾਰ ਗਰਮੀਆਂ ਦੌਰਾਨ ਆਮ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨ ਪਿਆ ਜੋ ਸਿੱਧੇ ਤੌਰ ਤੇ ਦਰੱਖਤਾਂ ਦੀ ਕਟਾਈ ਹੋਣ ਨਾਲ ਸਬੰਧ ਰੱਖਦੀ ਹੈ। ਲੁਧਿਆਣਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸ਼ਹਿਰ ਦੀ ਪਾਰਕਿੰਗ ਅਤੇ ਸੜਕਾਂ ਦੀ ਧਰਤੀ ਦੀ ਸਤਿਹ ਦਾ ਤਾਪਮਾਨ 75 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਜੋ ਮਨੁੱਖਤਾ ਲਈ ਗੰਭੀਰ ਰੂਪ ਵਿੱਚ ਚਿੰਤਾਜਨਕ ਹੈ ਜਿਸ ਲਈ ਆਉਣ ਵਾਲੀ ਪੀੜ੍ਹੀਆਂ ਲਈ ਅਨੁਕੂਲ ਵਾਤਾਵਰਨ ਸੁਰੱਖਿਅਤ ਕਰਨ ਲਈ ਕੇਵਲ ਰੁੱਖ ਲਗਾਉਣਾ ਅਤੇ ਇਸ ਦੀ ਸਾਂਭ-ਸੰਭਾਲ ਕਰਨਾ ਹੀ ਇੱਕ ਹੱਲ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ 9 ਲੱਖ ਬੂਟੇ ਲਗਾਉਣ ਦੇ ਟੀਚੇ ਨੂੰ ਵਧਾ ਕੇ 11 ਲੱਖ ਕਰ ਦਿੱਤਾ ਗਿਆ ਹੈ ਅਤੇ ਜ਼ਿਲ੍ਹੇ ਦੇ 21 ਹਜਾਰ ਟਿਊਵਲਾਂ ਵਿੱਚੋਂ 4 ਹਜਾਰ ਟਿਊਵਲਾਂ ਉੱਤੇ ਬੂਟੇ ਲਗਾ ਦਿੱਤੇ ਗਏ ਹਨ ਅਤੇ ਬਾਕੀ ਰਹਿੰਦੇ ਟਿਊਵਲਾਂ ਉੱਤੇ ਪੰਚਾਇਤੀ ਵਿਭਾਗ ਦੇ ਸਹਿਯੋਗ ਨਾਲ 1 ਮਹੀਨੇ ਦੌਰਾਨ ਕਵਰ ਕਰ ਲਿਆ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੜੇ ਦੀਆਂ ਡੰਪ ਸਾਇਟਾਂ ਅਤੇ ਐਸ.ਟੀ.ਪੀ. ਪਲਾਂਟ ਅਤੇ ਜਿੱਥੇ ਵੀ ਕੂੜਾ ਸੁੱਟਿਆਂ ਜਾਂਦਾ ਹੈ ਉਥੇ ਹੀ ਵਧੀਆ ਢੰਗ ਨਾਲ ਬੂਟੇ ਲਗਾਏ ਜਾ ਰਹੇ ਹਨ। ਇਸੀ ਤਰ੍ਹਾਂ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਸਰਕਾਰੀ ਸੰਸਥਵਾਂ ਵਿੱਚ ਵੀ ਬੂਟੇ ਲਗਾਏ ਜਾ ਰਹੇ ਹਨ।
ਇਸ ਮੀਟਿੰਗ ਵਿੱਚ ਵਧੀਕ ਪ੍ਰਮੁੱਖ ਵਣਪਾਲ ਸੌਰਵ ਗੁਪਤਾ, ਮੁੱਖ ਵਣਪਾਲ ਸ਼ਿਵਾਲਿਕ ਹਿੱਲਜ਼ ਕੇ.ਕਨਨ, ਵਧੀਕ ਡਿਪਟੀ ਕਮਿਸ਼ਨਰ (ਵ) ਸੰਜੀਵ ਕੁਮਾਰ, ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ, ਮੁੱਖ ਮੰਤਰੀ ਫੀਲਡ ਅਫ਼ਸਰ ਸੁਖਪਾਲ ਸਿੰਘ, ਐਸ.ਪੀ. ਨਵਨੀਤ ਸਿੰਘ ਮਾਹਲ, ਜ਼ਿਲ੍ਹਾ ਵਣ ਅਫ਼ਸਰ ਸ. ਹਰਜਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਰਿੰਦਰਪਾਲ ਸਿੰਘ ਚੌਹਾਨ, ਆਰ. ਟੀ.ਓ. ਗੁਰਵਿੰਦਰ ਸਿੰਘ ਜੌਹਲ, ਐਸ.ਡੀ.ਐਮ. ਰੂਪਨਗਰ ਨਵਦੀਪ ਕੁਮਾਰ, ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਰਾਜਪਾਲ ਸਿੰਘ ਸੇਖੋਂ, ਸਹਾਇਕ ਸਿਵਲ ਸਰਜਨ ਡਾ. ਅੰਜੂ ਭਾਟੀਆ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਦਵਿੰਦਰ ਬਜਾਜ, ਕਾਰਜਕਾਰੀ ਇੰਜੀਨੀਅਰ ਮਾਈਨਿੰਗ ਹਰਸ਼ਾਂਤ ਵਰਮਾ ਅਤੇ ਜ਼ਿਲ੍ਹੇ ਦੇ ਹੋਰ ਸਮੂਹ ਵਿਭਾਗਾਂ ਦੇ ਉੱਚ ਅਧਿਕਾਰੀ ਹਾਜ਼ਰ ਸਨ।