ਪ੍ਰਸ਼ਾਸਕੀ ਸਕੱਤਰ ਸਿਹਤ ਵਿਭਾਗ ਨੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਤੋਂ ਟੈਸਟ ਤੇ ਦਵਾਈਆਂ ਬਾਹਰੋਂ ਨਾ ਲਿਖਣ ਦੀ ਸਖਤ ਹਦਾਇਤ ਕੀਤੀ
ਪ੍ਰਸ਼ਾਸਕੀ ਸਕੱਤਰ ਸਿਹਤ ਵਿਭਾਗ ਨੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਤੋਂ ਟੈਸਟ ਤੇ ਦਵਾਈਆਂ ਬਾਹਰੋਂ ਨਾ ਲਿਖਣ ਦੀ ਸਖਤ ਹਦਾਇਤ ਕੀਤੀ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਵੱਧ ਤੋਂ ਵੱਧ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ਦੇ ਆਦੇਸ਼
ਰੂਪਨਗਰ, 7 ਨਵੰਬਰ: ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਮਿਆਰੀ ਸਿਹਤ ਸੇਵਾਵਾਂ ਯਕੀਨੀ ਕਰਨ ਦੇ ਮੰਤਵ ਨਾਲ ਅੱਜ ਪ੍ਰਸ਼ਾਸਕੀ ਸਕੱਤਰ ਸਿਹਤ ਵਿਭਾਗ ਕੁਮਾਰ ਰਾਹੁਲ ਵਲੋਂ ਜ਼ਿਲ੍ਹਾ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਮਿਲ ਰਹੀਆਂ ਇਲਾਜ਼ ਸੇਵਾਵਾਂ ਬਾਰੇ ਵਿਸਥਾਰ ਵਿੱਚ ਪੁੱਛਿਆ ਗਿਆ।
ਉਨ੍ਹਾਂ ਸਿਵਲ ਸਰਜਨ ਡਾ. ਤਰਸੇਮ ਸਿੰਘ, ਸੀਨੀਅਰ ਮੈਡੀਕਲ ਅਫਸਰ ਅਤੇ ਮੈਡੀਕਲ ਅਫਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਰਕਾਰੀ ਹਸਪਤਾਲ ਵਿਚ ਇਲਾਜ ਕਰਵਾਉਣ ਆਏ ਮਰੀਜ਼ਾਂ ਨੂੰ ਕਿਸੇ ਵੀ ਹਾਲਾਤਾਂ ਵਿਚ ਬਾਹਰੋ ਦਵਾਈਆਂ ਲਿਆਉਣ ਜਾ ਟੈਸਟ ਕਰਵਾਉਣ ਲਈ ਨਾ ਭੇਜਿਆ ਜਾਵੇ।
ਸ਼੍ਰੀ ਕੁਮਾਰ ਰਾਹੁਲ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਵੱਡੇ ਪੱਧਰ ਉਤੇ ਸਰਕਾਰੀ ਹਸਪਤਾਲਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਲਈ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਕੋਈ ਵੀ ਮਰੀਜ਼ ਬਾਹਰੋਂ ਪੈਸਾ ਦੇਕੇ ਮਹਿੰਗਾ ਇਲਾਜ ਕਰਵਾਉਣ ਲੀ ਮਜ਼ਬੂਰ ਨਾ ਹੋਵੇ।
ਉਨ੍ਹਾਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਦਿੱਤੀਆਂ ਜਾ ਰਹੀਆਂ ਤੀਜੇ ਪੱਧਰ ਦੀਆਂ ਸਿਹਤ ਸੇਵਾਵਾਂ ਦਾ ਨਿਰੀਖਣ ਕਰਦਿਆਂ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਹਸਪਤਾਲ ਦੇ ਇਲਾਵਾ ਸੂਚੀਬੱਧ ਨਿੱਜੀ ਹਸਪਤਾਲਾਂ ਵਿਚ ਮੁਫ਼ਤ ਸਿਹਤ ਸੇਵਾਵਾਂ ਯਕੀਨੀ ਕੀਤੀਆਂ ਜਾਣ। ਇਸ ਤੋਂ ਇਲਾਵਾ ਯੋਗ ਲਾਭਪਾਤਰੀਆਂ ਦਾ ਸਿਹਤ ਬੀਮਾ ਯੋਜਨਾ ਕਾਰਡ ਜਰੂਰ ਜਾਰੀ ਕੀਤਾ ਜਾਵੇ।
ਡਾਇਲਸਿਸ ਯੂਨਿਟ ਸਬੰਧੀ ਹਦਾਇਤ ਕਰਦਿਆਂ ਪ੍ਰਸ਼ਾਸਕੀ ਸਕੱਤਰ, ਸਿਹਤ ਵਿਭਾਗ ਨੇ ਕਿਹਾ ਕਿ ਇਸ ਯੂਨਿਟ ਵਿਚ ਚਾਰੋ ਮਸ਼ੀਨਾਂ ਰਾਹੀਂ ਮਰੀਜ਼ਾਂ ਨੂੰ ਸੇਵਾਵਾਂ ਮੁਹਈਆ ਕਰਵਾਈਆਂ ਜਾਣ ਅਤੇ ਨਿੱਜੀ ਹਸਪਤਾਲਾਂ ਵਿਖੇ ਸਥਾਪਿਤ ਡਾਇਲਸਿਸ ਯੂਨਿਟਾਂ ਦੀ ਨਿਰੰਤਰ ਚੈਕਿੰਗ ਕੀਤੀ ਜਾਵੇ ਤਾਂ ਜੋ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜਾ ਦਾ ਕਿਸੇ ਵੀ ਪੱਧਰ ਉੱਤੇ ਸੋਸ਼ਣ ਨਾ ਹੋਵੇ।
ਸ਼੍ਰੀ ਕੁਮਾਰ ਰਾਹੁਲ ਨੇ ਮੋਬਾਈਲ ਫੂਡ ਟੈਸਟਿੰਗ ਲੈਬੋਰਟਰੀ ਤਹਿਤ ਭੋਜਨ ਪਦਾਰਥਾਂ ਦੇ ਟੈਸਟ ਸੈਂਪਲਿੰਗ ਪ੍ਰਕਿਰਿਆ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇਸ ਮੋਬਾਇਲ ਲੈਬ ਦੁਆਰਾ ਸੈਂਪਲਿੰਗ ਜੰਗੀ ਪੱਧਰ ਉਤੇ ਕੀਤੀ ਜਾਵੇ ਅਤੇ ਲੋਕਾਂ ਨੂੰ ਪੌਸ਼ਟਿਕ ਅਤੇ ਸਾਫ਼ ਸੁਥਰਾ ਭੋਜਨ ਮੁਹੱਈਆ ਕਰਵਾਇਆ ਜਾਵੇ
ਇਸ ਮੌਕੇ ਉਨਾਂ ਵਲੋ ਜ਼ਿਲ੍ਹਾ ਹਸਪਤਾਲ਼ ਦੇ ਐਮਰਜੈਂਸੀ, ਐੱਸ ਐਨ ਸੀ ਯੂ, ਬੱਚਿਆ ਦਾ ਵਾਰਡ ਤੇ ਟੀਕਾਕਰਨ ਰੂਮ, ਲੇਬਰ ਰੂਮ, ਟੀਬੀ ਸੈਂਟਰ, ਥੈਲਾਸੀਆਂ ਵਾਰਡ, ਦਵਾਈਆਂ ਦੀ ਡਿਸਪੈਂਸਰੀ ਆਦਿ ਦੀ ਵੀ ਚੈਕਿੰਗ ਕੀਤੀ ਗਈ ਅਤੇ ਨਸ਼ਾ ਛਡਾਊ ਕੇਂਦਰ ਦਾ ਜ਼ਾਇਜਾ ਵੀ ਲਿਆ ਗਿਆ।