ਬੰਦ ਕਰੋ

ਪੇਟ ਦੇ ਕੀੜਿਆਂ ਤੋ ਰਾਸ਼ਟਰੀ ਮੁਕਤੀ ਦਿਵਸ ਦਾ ਪੋਸਟਰ ਰਿਲੀਜ਼ ਕੀਤਾ

ਪ੍ਰਕਾਸ਼ਨ ਦੀ ਮਿਤੀ : 02/02/2024
The poster of the National Day of Freedom from Stomach Worms has been released

ਪੇਟ ਦੇ ਕੀੜਿਆਂ ਤੋ ਰਾਸ਼ਟਰੀ ਮੁਕਤੀ ਦਿਵਸ ਦਾ ਪੋਸਟਰ ਰਿਲੀਜ਼ ਕੀਤਾ

ਅਲਬੈਡਾਜੋਲ ਗੋਲੀ ਬੱਚਿਆਂ ਤੇ ਵੱਡਿਆ ਦੋਹਾਂ ਲਈ ਸੁਰੱਖਿਅਤ

ਰੂਪਨਗਰ, 2 ਫਰਵਰੀ: ਸਿਵਲ ਸਰਜਨ ਰੂਪਨਗਰ ਡਾ. ਮੰਨੂ ਵਿਜ ਨੇ ਪੇਟ ਦੇ ਕੀੜਿਆਂ ਤੋ ਰਾਸ਼ਟਰੀ ਮੁਕਤੀ ਦਿਵਸ ਦਾ ਪੋਸਟਰ ਰਿਲੀਜ਼ ਕੀਤਾ ਗਿਆ ਅਤੇ ਉਨ੍ਹਾਂ ਦੱਸਿਆ ਕਿ ਮਿਤੀ 5 ਫਰਵਰੀ 2024 ਨੂੰ ਪੇਟ ਦੇ ਕੀੜਿਆਂ ਤੋ ਰਾਸ਼ਟਰੀ ਮੁਕਤੀ ਦਿਵਸ ਮਨਾਇਆ ਜਾ ਰਿਹਾ ਹੈ।

ਇਸ ਮੌਕੇ ਉਤੇ ਜਾਣਕਾਰੀ ਦਿੰਦਿਆ ਡਾ. ਮੰਨੂ ਵਿਜ ਨੇ ਦੱਸਿਆ ਕਿ 5 ਫਰਵਰੀ 2024 ਨੂੰ ਜਿਲੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਆਂਗਣਵਾੜੀ ਸੈਂਟਰ ਅਤੇ ਸਕੂਲ ਨਾਲ ਜਾਣ ਵਾਲੇ 1 ਤੋਂ 19 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਅਲਬੈਡਾਜੋਲ ਦਵਾਈ ਆਂਗਨਵਾੜੀ ਕੇਂਦਰਾਂ ਅਤੇ ਸਕੂਲਾਂ ‘ਚ ਮੁਫ਼ਤ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਅਧਿਆਪਿਕਾ ਦੀ ਅਗਵਾਈ ਹੇਠ ਸਕੂਲ ਦੇ ਸਮੂਹ ਹਾਜ਼ਰ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ ਐਲਬੈਡਾਜ਼ੋਲ ਦੀਆਂ ਗੋਲੀਆਂ ਖਿਲਾਈਆਂ ਜਾਣਗੀਆਂ। ਜੇਕਰ ਕਿਸੇ ਕਾਰਨ ਕੋਈ ਬੱਚਾ ਇਸ ਦਿਨ ਖੁਰਾਕ ਨਹੀਂ ਲੈਂਦਾ ਤਾਂ ਬਾਕੀ ਰਹਿੰਦੇ ਬੱਚਿਆਂ ਨੂੰ ਮੋਪ ਅੱਪ ਵਾਲੇ ਦਿਨ ਮਿਤੀ 12 ਫਰਵਰੀ ਨੂੰ ਖੁਰਾਕ ਦਿੱਤੀ ਜਾਵੇਗੀ ।

ਉਨ੍ਹਾਂ ਦੱਸਿਆ ਕਿ ਕਿਸ਼ੋਰ ਅਵਸਥਾ ਦੌਰਾਨ ਬੱਚਿਆਂ ‘ਚ ਖੂਨ ਦੀ ਕਮੀ ਹੋਣਾ ਅਕਸਰ ਦੇਖਿਆ ਗਿਆ ਹੈ। ਇਸ ਦਾ ਪਹਿਲਾ ਕਾਰਨ ਸੰਤੁਲਿਤ ਭੋਜਨ ਦੀ ਕਮੀ ਹੈ ਅਤੇ ਜੇ ਬੱਚੇ ਸੰਤੁਲਿਤ ਭੋਜਨ ਖਾਂਦੇ ਵੀ ਹੋਣ ਤੇ ਕਈ ਵਾਰ ਪੇਟ ‘ਚ ਕੀੜੇ ਹੋਣ ਕਰ ਕੇ ਇਹ ਭੋਜਨ ਉਨ੍ਹਾਂ ਦੇ ਸਰੀਰ ਨੂੰ ਨਹੀਂ ਲਗਦਾ ਜਿਸ ਕਾਰਨ ਉਹ ਖ਼ੂਨ ਦੀ ਕਮੀ, ਕਮਜ਼ੋਰੀ ਅਤੇ ਹੋਰ ਬਿਮਾਰੀਆਂ ਤੋਂ ਗ੍ਰਸਤ ਹੋ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਆਮ ਤੌਰ ‘ਤੇ ਬੱਚਿਆਂ ਦਾ ਮਿੱਟੀ ‘ਚ ਖੇਡਣ ਕਾਰਨ, ਨੌਹਾਂ ਰਾਹੀਂ, ਨੰਗੇ ਪੈਰ ਘੁੰਮਣ ਕਾਰਨ ਅਤੇ ਬਿਨਾਂ ਹੱਥ ਧੋਤੇ ਖਾਣਾ ਖਾਣ ਨਾਲ ਪੇਟ ‘ਚ ਕੀੜੇ ਚੱਲੇ ਜਾਂਦੇ ਹਨ। ਜਿਨ੍ਹਾਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਦਾ ਸੰਕਰਮਣ ਹੋਵੇ, ਉਨ੍ਹਾਂ ਵਿੱਚ ਕੀੜਿਆਂ ਦੇ ਅੰਡੇ ਜਾਂ ਲਾਰਵਾ ਰਹਿੰਦੇ ਹਨ ਅਤੇ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਇਨ੍ਹਾਂ ਬੱਚਿਆਂ ‘ਚ ਖੂਨ ਦੀ ਕਮੀ ਹੋਣ ਦੇ ਨਾਲ ਨਾਲ ਕੁਪੋਸ਼ਣ, ਭੁੱਖ ਨਾ ਲੱਗਣਾ, ਥਕਾਵਟ, ਬੇਚੈਨੀ, ਪੇਟ ‘ਚ ਦਰਦ ਵਰਗੇ ਲੱਛਣ ਆਮ ਤੌਰ ‘ਤੇ ਪਾਏ ਜਾਂਦੇ ਹਨ। ਬੱਚਿਆਂ ਦੀ ਨਰੋਈ ਸਿਹਤ ਨੂੰ ਵਿਚਾਰਦੇ ਹੋਏ ਸਿਹਤ ਵਿਭਾਗ ਵੱਲੋਂ 1 ਤੋਂ 19 ਸਾਲ ਦੇ ਸਾਰੇ ਬੱਚਿਆਂ ਨੂੰ ਆਂਗਨਵਾੜੀ ਕੇਂਦਰਾਂ ਅਤੇ ਸਕੂਲਾਂ ‘ਚ ਅਲਬੈਡਾਜੋਲ ਦੀ ਦਵਾਈ ਦਿੱਤੀ ਜਾ ਰਹੀ ਹੈ ਤਾਂ ਜੋਂ ਬੱਚੇ ਪੇਟ ਦੇ ਕੀੜਿਆਂ ਕਾਰਨ ਪੈਦਾ ਹੋਈ ਖੂਨ ਦੀ ਕਮੀ ਤੋਂ ਸੁਰੱਖਿਅਤ ਰਹਿ ਸਕਣ, ਉਨ੍ਹਾਂ ਨੂੰ ਬਿਹਤਰ ਪੋਸ਼ਣ ਪੱਧਰ ਦਾ ਫਾਇਦਾ ਮਿਲੇ ਅਤੇ ਉਨ੍ਹਾਂ ਦੀ ਇਮੂਨਿਟੀ ਵਧਾਉਣ ‘ਚ ਮਦਦ ਮਿਲ ਸਕੇ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਜਿਨ੍ਹਾਂ ਬੱਚਿਆਂ ਦੇ ਪੇਟ ‘ਚ ਜ਼ਿਆਦਾ ਕੀੜੇ ਹੁੰਦੇ ਹਨ, ਉਨ੍ਹਾਂ ਨੂੰ ਦਵਾਈ ਲੈਣ ਮਗਰੋਂ ਹਲਕਾ ਪੇਟ ਦਰਦ, ਉਲਟੀ ਜਾਂ ਥਕਾਵਟ ਮਹਿਸੂਸ ਹੋ ਸਕਦੀ ਹੈ। ਪੇਟ ਦੇ ਕੀੜੇ ਮਾਰਨ ਦੀ ਦਵਾਈ ਖਾਣ ਦੇ ਨਾਲ ਹੀ ਕੀੜਿਆਂ ਦੀ ਰੋਕਥਾਮ ਲਈ ਹੋਰ ਕਈ ਮਹੱਤਵਪੂਰਣ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਖਾਣਾ ਖਾਣ ਤੋਂ ਪਹਿਲਾਂ ਜਾਂ ਸ਼ੌਚਾਲੇ ਜਾਣ ਤੋਂ ਬਾਅਦ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਤੇ ਹੱਥਾਂ ਦੇ ਨਹੁੰਆਂ ਨੂੰ ਕੱਟ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਹੱਥ ਪੂਰੀ ਤਰ੍ਹਾਂ ਕੀਟਾਣੂ ਮੁਕਤ ਹੋ ਜਾਣ। ਜੇਕਰ ਹੱਥਾਂ ਅਤੇ ਨਹੁੰਆਂ ਦੀ ਸਾਫ ਸਫਾਈ ਨਾ ਰੱਖੀ ਜਾਵੇ ਤਾਂ ਇਹ ਕੀਟਾਣੂ ਪੇਟ ਅੰਦਰ ਚਲੇ ਜਾਂਦੇ ਹਨ।

ਇਸ ਮੌਕੇ ਉਤੇ ਡਾ. ਅੰਜੂ ਸਹਾਇਕ ਸਿਵਲ ਸਰਜਨ, ਡਾਕਟਰ ਨਵਰੂਪ ਕੌਰ ਜ਼ਿਲਾ ਟੀਕਾਕਰਨ, ਡਾਕਟਰ ਜਤਿੰਦਰ ਕੌਰ, ਰਾਜ ਰਾਣੀ ਮਾਸ ਮੀਡੀਆ ਅਫਸਰ, ਕਿਰਨਦੀਪ ਕੌਰ ਸਕੂਲ ਹੈਲਥ ਕੋਆਰਡੀਨੇਟਰ ਆਦਿ ਸਟਾਫ ਹਾਜਰ ਸੀ