ਪੀ.ਏ.ਯੂ-ਕੇ.ਵੀ.ਕੇ. ਰੋਪੜ ਵੱਲੋਂ ਕੁਦਰਤੀ ਖੇਤੀ ਬਾਰੇ ਇੱਕ ਰੋਜ਼ਾ ਸਿਖਲਾਈ ਕੈਂਪ ਆਯੋਜਿਤ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪੀ.ਏ.ਯੂ-ਕੇ.ਵੀ.ਕੇ. ਰੋਪੜ ਵੱਲੋਂ ਕੁਦਰਤੀ ਖੇਤੀ ਬਾਰੇ ਇੱਕ ਰੋਜ਼ਾ ਸਿਖਲਾਈ ਕੈਂਪ ਆਯੋਜਿਤ
ਰੂਪਨਗਰ, 31 ਅਕਤੂਬਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਕ ਦੀ ਰਹਿਨੁਮਾਈ ਹੇਠ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਰੋਪੜ ਦੇ ਸਹਿਯੋਗ ਨਾਲ “ਨੈਸ਼ਨਲ ਮਿਸ਼ਨ ਆਨ ਨੇਚਰਲ ਫਾਰਮਿੰਗ” ਤਹਿਤ ਅੱਜ 31 ਅਕਤੂਬਰ 2025 ਨੂੰ ਕੁਦਰਤੀ ਖੇਤੀ ਸੰਬੰਧੀ ਇੱਕ ਰੋਜ਼ਾ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ।
ਇਸ ਸਿਖਲਾਈ ਕੈਂਪ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ 50 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ। ਇਹ “ਨੈਸ਼ਨਲ ਮਿਸ਼ਨ ਆਨ ਨੇਚਰਲ ਫਾਰਮਿੰਗ” ਤਹਿਤ ਚੱਲ ਰਹੇ ਸਿਖਲਾਈ ਪ੍ਰੋਗਰਾਮਾਂ ਦੀ ਲੜੀ ਦਾ ਅੱਠਵਾਂ ਬੈਚ ਸੀ।
ਇਹ ਪ੍ਰੋਗਰਾਮ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕੇ.ਵੀ.ਕੇ. ਰੋਪੜ ਡਾ. ਸਤਬੀਰ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ, ਜਿਨ੍ਹਾਂ ਨੇ ਭਾਗ ਲੈਣ ਵਾਲੇ ਸਿਖਿਆਰਥੀਆਂ ਦਾ ਸਵਾਗਤ ਕੀਤਾ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਮਨੁੱਖੀ ਸਿਹਤ ਵਿੱਚ ਸੁਧਾਰ ਲਈ ਕੁਦਰਤੀ ਖੇਤੀ ਤਰੀਕਿਆਂ ਨੂੰ ਅਪਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਸਿਖਲਾਈ ਦਾ ਸੰਚਾਲਨ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ. ਉਰਵੀ ਸ਼ਰਮਾ ਅਤੇ ਸਹਿਯੋਗੀ ਪ੍ਰੋਫੈਸਰ (ਬਾਗਬਾਨੀ) ਡਾ. ਸੰਜੀਵ ਅਹੁਜਾ ਵੱਲੋਂ ਕੀਤਾ ਗਿਆ। ਸਿਖਲਾਈ ਪ੍ਰੋਗਰਾਮ ਦੌਰਾਨ ਕੁਦਰਤੀ ਖੇਤੀ ਦੇ ਸੰਕਲਪ, ਮਹੱਤਤਾ, ਸਿਧਾਂਤ ਅਤੇ ਵਿਹਾਰਕ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ।
ਇਸ ਸਿਖਲਾਈ ਕੈਂਪ ਵਿੱਚ ਸਿਖਿਆਰਥੀਆਂ ਨੇ ਬੀਜ ਅੰਮ੍ਰਿਤ, ਜੀਵ ਅੰਮ੍ਰਿਤ, ਘਣ ਜੀਵ ਅੰਮ੍ਰਿਤ, ਨੀਮ ਅਸਤਰ, ਬ੍ਰਹਮ ਅਸਤਰ ਅਤੇ ਖੱਟੀ ਲੱਸੀ ਵਰਗੇ ਜੈਵ ਘੋਲ ਤਿਆਰ ਕਰਨ ਦੀ ਪ੍ਰਯੋਗਿਕ ਕਵਾਇਦ ਵਿੱਚ ਵੀ ਹਿੱਸਾ ਲਿਆ। ਸਿਖਲਾਈ ਦੇ ਅੰਤ ‘ਤੇ ਸਿਖਿਆਰਥੀਆਂ ਨੂੰ ਕੁਦਰਤੀ ਖੇਤੀ ਸੰਬੰਧੀ ਜਾਣਕਾਰੀ ਸਾਹਿਤ ਵੰਡਿਆ ਗਿਆ ਤਾਂ ਜੋ ਉਹ ਇਨ੍ਹਾਂ ਵਾਤਾਵਰਨ ਅਨੁਕੂਲ ਖੇਤੀ ਤਰੀਕਿਆਂ ਨੂੰ ਅਪਣਾਉਣ ਲਈ ਹੋਰ ਪ੍ਰੇਰਿਤ ਹੋਣ।