ਪੀਸੀਪੀ ਐਨਡੀਟੀ ਅਧੀਨ ਕੰਨਿਆ ਭਰੂਣ ਹੱਤਿਆ ਸਬੰਧੀ ਜਾਗਰੂਕਤਾ ਹਿੱਤ ਸਕੂਲਾਂ ‘ਚ ਕਰਵਾਏ ਜਾਣਗੇ ਨੁੱਕੜ ਨਾਟਕ – ਸਿਵਲ ਸਰਜਨ

ਪੀਸੀਪੀ ਐਨਡੀਟੀ ਅਧੀਨ ਕੰਨਿਆ ਭਰੂਣ ਹੱਤਿਆ ਸਬੰਧੀ ਜਾਗਰੂਕਤਾ ਹਿੱਤ ਸਕੂਲਾਂ ‘ਚ ਕਰਵਾਏ ਜਾਣਗੇ ਨੁੱਕੜ ਨਾਟਕ – ਸਿਵਲ ਸਰਜਨ
ਰੂਪਨਗਰ, 12 ਮਈ: ਜ਼ਿਲ੍ਹਾ ਪੀ.ਸੀ.ਪੀ.ਐਨ.ਡੀ.ਟੀ. ਐਡਵਾਈਜਰੀ ਕਮੇਟੀ ਦੀ ਮੀਟਿੰਗ ਸਿਵਲ ਸਰਜਨ ਰੂਪਨਗਰ ਡਾ. ਸਵਪਨਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਜ਼ਿਲ੍ਹੇ ਅੰਦਰ ਪੀ.ਸੀ.-ਪੀ.ਐਨ.ਡੀ.ਟੀ. ਅਧੀਨ ਅਲਟਰਾ ਸਾਊਂਡ ਸੈਂਟਰਾਂ ਦੀ ਰਜਿਸਟਰੇਸ਼ਨ, ਇੰਸਪੈਕਸ਼ਨਾਂ, ਮਹੀਨਾਵਾਰ ਰਿਪੋਰਟਾਂ, ਨਵੀਆਂ ਅਲਟਰਾਸਾਊਂਡ ਮਸ਼ੀਨਾਂ ਦੀ ਖਰੀਦ ਸਬੰਧੀ ਪ੍ਰਤੀ ਬੇਨਤੀਆਂ ਆਦਿ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਅਤੇ ਜਰੂਰੀ ਮੁੱਦਿਆਂ ਤੇ ਐਡਵਾਈਜਰੀ ਕਮੇਟੀ ਮੈਂਬਰਾਂ ਦੀ ਸਲਾਹ ਨਾਲ ਕਈ ਅਹਿਮ ਮਤੇ ਪਾਸ ਕੀਤੇ ਗਏ।
ਇਸ ਮੌਕੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪੀ.ਸੀ.ਪੀ. ਐਨ.ਡੀ. ਟੀ.ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਅਤੇ ਕੰਨਿਆ ਭਰੂਣ ਹੱਤਿਆ ਸਬੰਧੀ ਜਾਗਰੂਕਤਾ ਹਿੱਤ ਸਮੂਹ ਕਮੇਟੀ ਦੇ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਮਤਾ ਪਾਸ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਸਕੂਲਾਂ ਵਿੱਚ ਜਾਗਰੂਕਤਾ ਲਈ ਨੁੱਕੜ ਨਾਟਕ ਕਰਵਾਏ ਜਾਣਗੇ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਸਾਰੇ ਅਲਟਰਾਸਾਊਂਡ ਸੈਂਟਰਾਂ ਦੀ ਸਮੇਂ ਸਮੇਂ ਤੇ ਅਚਨਚੇਤ ਜਾਂਚ ਕੀਤੀ ਜਾ ਰਹੀ ਹੈ।
ਡਾ. ਸਵਪਨਜੀਤ ਨੇ ਕਿਹਾ ਕਿ ਪੀ.ਐਨ. ਡੀ.ਟੀ.ਐਕਟ ਅਨੁਸਾਰ ਲਿੰਗ ਜਾਂਚ ਕਰਵਾਉਣਾ ਜਾਂ ਕਰਨਾ ਦੋਨੋ ਹੀ ਗੈਰਕਾਨੂੰਨੀ ਹੈ ਅਤੇ ਇਸ ਦੇ ਉਲੰਘਣ ਵਾਲਿਆਂ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਲਿੰਗ ਚੁਣਵਾਂ ਰੋਕਣ ਲਈ ਸਮਾਜਿਕ ਜਾਗਰੂਕਤਾ ਅਤੇ ਸਖ਼ਤ ਕਾਨੂੰਨੀ ਕਦਮ ਦੋਵੇਂ ਜਰੂਰੀ ਹਨ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਬੋਬੀ ਗੁਲਾਟੀ, ਐਸ.ਐਮ.ਓ. ਡਾ. ਅਮਰਜੀਤ ਸਿੰਘ, ਬੱਚਿਆਂ ਦੇ ਰੋਗਾਂ ਦੇ ਮਾਹਰ ਡਾਕਟਰ ਗੁਰਸੇਵਕ ਸਿੰਘ, ਔਰਤਾਂ ਦੇ ਰੋਗਾਂ ਦੇ ਮਾਹਿਰ ਡਾ. ਨੀਰਜ, ਡਿਪਟੀ ਮਾਸ ਮੀਡੀਆ ਅਫਸਰ ਮੈਡਮ ਰਿਤੂ, ਰੋਟਰੀ ਕਲੱਬ ਤੋਂ ਸ. ਅਜਮੇਰ ਸਿੰਘ, ਰਾਜੇਸ਼ ਸਹਿਗਲ, ਬੀਸੀਸੀ ਕੋਆਡੀਨੇਟਰ ਸੁਖਜੀਤ ਕੰਬੋਜ ਅਤੇ ਪੀਐਨਡੀਟੀ ਅਸਿਸਟੈਂਟ ਖੁਸ਼ਹਾਲ ਹਾਜਰ ਸਨ।