ਪਿੰਡ ਮਕੜੌਨਾ ਕਲਾਂ ਅਤੇ ਸਲੇਮਪੁਰ ਵਿਖੇ ਪਰਾਲੀ ਪ੍ਰਬੰਧਨ ਕੈਂਪ ਆਯੋਜਿਤ

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪਿੰਡ ਮਕੜੌਨਾ ਕਲਾਂ ਅਤੇ ਸਲੇਮਪੁਰ ਵਿਖੇ ਪਰਾਲੀ ਪ੍ਰਬੰਧਨ ਕੈਂਪ ਆਯੋਜਿਤ
ਸ੍ਰੀ ਚਮਕੌਰ ਸਾਹਿਬ, 30 ਸਤੰਬਰ: ਅੱਜ ਸਬ ਡਵੀਜ਼ਨ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਮਕੜੌਨਾ ਕਲਾਂ ਅਤੇ ਸਲੇਮਪੁਰ ਵਿਖੇ ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਸ੍ਰੀ ਅਮਰੀਕ ਸਿੰਘ ਸਿੱਧੂ, ਪੀ.ਸੀ.ਐਸ. ਦੀ ਪ੍ਰਧਾਨਗੀ ਹੇਠ ਪਰਾਲੀ ਪ੍ਰਬੰਧਨ ਕੈਂਪ ਆਯੋਜਿਤ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ. ਵੱਲੋਂ ਪਿੰਡਾਂ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਪਰਾਲੀ ਸਾੜਨ ਨਾਲ ਖੇਤਾਂ ਦੀ ਉਪਜਾਉ ਤਾਕਤ ਘਟਦੀ ਹੈ, ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਸੜਕਾਂ ‘ਤੇ ਯਾਤਰਾ ਕਰਦੇ ਲੋਕਾਂ ਨੂੰ ਵੀ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਪਰਾਲੀ ਨੂੰ ਸਾੜਨ ਦੀ ਬਜਾਏ ਖੇਤਾਂ ਵਿੱਚ ਹੀ ਵਾਹੁਣ, ਜਿਸ ਨਾਲ ਨਾ ਸਿਰਫ ਖੇਤਾਂ ਦੀ ਉਪਜ ਵੱਧਦੀ ਹੈ ਬਲਕਿ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।
ਉਹਨਾਂ ਕਿਹਾ ਕਿ ਕਿਸਾਨ ਬੇਲਰਾਂ ਰਾਹੀਂ ਪਰਾਲੀ ਦੇ ਗੱਠ ਤਿਆਰ ਕਰਵਾ ਸਕਦੇ ਹਨ, ਜੋ ਪਸ਼ੂਆਂ ਲਈ ਚਾਰੇ ਵਜੋਂ ਵਰਤੀ ਜਾ ਸਕਦੀ ਹੈ। ਐਸ.ਡੀ.ਐਮ. ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਖੇਤੀਬਾੜੀ ਵਿਭਾਗ ਵੱਲੋਂ ਸੁਪਰਸੀਡਰ, ਬੇਲਰ ਆਦਿ ਸਬਸਿਡੀ ਵਾਲੀਆਂ ਮਸ਼ੀਨਾਂ ਮੌਜੂਦ ਹਨ ਅਤੇ ਮਸ਼ੀਨ ਮਾਲਕਾਂ ਨਾਲ ਸਮੇਂ-ਸਮੇਂ ‘ਤੇ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਸਹੂਲਤ ਮਿਲ ਸਕੇ।
ਇਸ ਮੌਕੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਝੋਨੇ ਦੀ ਕਟਾਈ ਸਮੇਂ ਅਨੁਸਾਰ ਹੀ ਕੀਤੀ ਜਾਵੇ ਅਤੇ ਵੱਧ ਨਮੀ ਵਾਲਾ ਝੋਨਾ ਮੰਡੀ ਵਿੱਚ ਨਾ ਲੈ ਕੇ ਆਇਆ ਜਾਵੇ, ਤਾਂ ਜੋ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਸਮਾਗਮ ਵਿੱਚ ਖੇਤੀਬਾੜੀ ਵਿਸਥਾਰ ਅਫਸਰ ਸ੍ਰੀ ਚਮਕੌਰ ਸਾਹਿਬ, ਖੇਤੀਬਾੜੀ ਇੰਸਪੈਕਟਰ, ਗਗਨਦੀਪ ਸਿੰਘ ਕਾਨੂੰਗੋ, ਜਸਪ੍ਰੀਤ ਸਿੰਘ ਪਟਵਾਰੀ ਸਮੇਤ ਹੋਰ ਕਰਮਚਾਰੀ ਵੀ ਹਾਜ਼ਰ ਸਨ।