ਪਿੰਡ ਬਹਿਬਲਪੁਰ ਵਿਖੇ ਐਸ.ਡੀ.ਐਮ ਦੀਪਾਂਕਰ ਗਰਗ ਨੇ ਲੋਕਾਂ ਦੀਆਂ ਸਮੱਸਿਆਵਾ ਕੀਤੀਆਂ ਹੱਲ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਪਿੰਡ ਬਹਿਬਲਪੁਰ ਵਿਖੇ ਐਸ.ਡੀ.ਐਮ ਦੀਪਾਂਕਰ ਗਰਗ ਨੇ ਲੋਕਾਂ ਦੀਆਂ ਸਮੱਸਿਆਵਾ ਕੀਤੀਆਂ ਹੱਲ
ਮੋਰਿੰਡਾ, 21 ਸਤੰਬਰ: ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਸੂਬੇ ਦੇ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਦੇਣ ਲਈ ਪਿੰਡਾਂ ਵਿੱਚ ਜਨ ਸੁਣਵਾਈ ਕੈਂਪ ਲਗਾਉਣ ਦੇ ਨਿਰਦੇਸ਼ ਤਹਿਤ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਦੀ ਅਗਵਾਈ ਵਿਚ ਹਰ ਵੀਰਵਾਰ ਜਿਲ੍ਹੇ ਦੇ ਕਿਸੇ ਨਾ ਕਿਸੇ ਪਿੰਡ ਵਿੱਚ ਜਨ ਸੁਣਵਾਈ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾ ਰਹੀਆਂ ਹੈ। ਇਸੇ ਕੜੀ ਤਹਿਤ ਅੱਜ ਮੋਰਿੰਡਾ ਦੇ ਪਿੰਡ ਬਹਿਬਲਪੁਰ, ਤਜਪੁਰਾ, ਚਲਾਕੀ ਅਤੇ ਸੁਖੋ ਮਾਜਰਾ ਦਾ ਸਾਂਝਾ ਜਨ ਸੁਣਵਾਈ ਕੈਂਪ ਲਗਾਇਆ ਗਿਆ।
ਕੈਂਪ ਦੀ ਅਗਵਾਈ ਕਰਦਿਆਂ ਐਸ.ਡੀ.ਐਮ ਮੋਰਿੰਡਾ ਦੀਪਾਂਕਰ ਗਰਗ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾ/ਮੁਸ਼ਕਿਲਾਂ ਦਾ ਹੱਲ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ਨੇੜੇ ਜਨ ਸੁਣਵਾਈ ਕੈਂਪ ਲਗਾਏ ਜਾ ਰਹੇ ਹਨ। ਜਿਨ੍ਹਾਂ ਦਾ ਮੰਤਵ ਲੋਕਾਂ ਨੂੰ ਆਪਣੀਆ ਮੁਸ਼ਕਿਲਾਂ ਹੱਲ ਕਰਵਾਉਣ ਲਈ ਦਫਤਰਾਂ ਤੱਕ ਪਹੁੰਚ ਕਰਨ ਦੀ ਬੇਲੋੜੀ ਖੱਜਲ ਖੁਆਰੀ ਖਤਮ ਕਰਨਾ ਹੈ।
ਉਨ੍ਹਾਂ ਨੇ ਕਿਹਾ ਕਿ ਆਮ ਤੌਰ ਤੇ ਦੂਰ ਦੁਰਾਡੇ ਪਿੰਡਾਂ ਵਿਚ ਰਹਿ ਰਹੇ ਲੋਕ ਸਮੇ ਦੀ ਘਾਟ ਕਾਰਨ ਵੱਖ-ਵੱਖ ਵਿਭਾਗਾਂ ਦੇ ਦਫਤਰਾਂ ਤੱਕ ਪਹੁੰਚ ਕਰਕੇ ਆਪਣੀਆ ਸਮੱਸਿਆਵਾਂ ਦਾ ਹੱਲ ਕਰਵਾਉਣ ਤੋਂ ਵਾਝੇ ਰਹਿ ਜਾਂਦੇ ਹਨ। ਇਸ ਲਈ ਇਨ੍ਹਾਂ ਪੇਂਡੂ ਖੇਤਰਾਂ ਤੱਕ ਪਹੁੰਚ ਕਰਕੇ ਸਾਝੀਆਂ ਥਾਵਾਂ ਉਤੇ ਜਨ ਸੁਣਵਾਈ ਕੈਂਪ ਲਗਾਏ ਜਾ ਰਹੇ ਹਨ।
ਇਸ ਮੌਕੇ ਵੱਖ-ਵੱਖ ਵਿਭਾਗਾਂ ਜਿਵੇਂ ਰੋਜ਼ਗਾਰ ਵਿਭਾਗ, ਸਿਹਤ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ, ਫੂਡ ਸਪਲਾਈ ਅਫਸਰ, ਮਾਲ ਵਿਭਾਗ, ਜਲ ਸਪਲਾਈ ਵਿਭਾਗ, ਹੁਨਰ ਵਿਕਾਸ ਮਿਸ਼ਨ ਵਿਭਾਗ ਨਾਲ ਸਬੰਧਿਤ ਯੋਗ ਸਮੱਸਿਆਵਾ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ, ਜਿਹੜੇ ਮਾਮਲੇ ਕਿਸੇ ਕਾਰਨ ਬਕਾਇਆ ਰਹੇ ਉਨ੍ਹਾਂ ਨੂੰ ਸਮਾਬੱਧ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ।