ਪਿੰਡ ਪਿੱਪਲ ਮਾਜਰਾ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪਿੰਡ ਪਿੱਪਲ ਮਾਜਰਾ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ
ਵਧੀਕ ਡਿਪਟੀ ਕਮਿਸ਼ਨਰ (ਵ) ਨੇ ਪਰਾਲੀ ਨੂੰ ਨਾ ਸਾੜਨ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ
ਰੂਪਨਗਰ, 17 ਅਕਤੂਬਰ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਪਿੰਡ ਪਿੱਪਲ ਮਾਜਰਾ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਰੂਪਨਗਰ ਚੰਦਰਜਯੋਤੀ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਰੂਪਨਗਰ ਵੱਲੋਂ ਦੱਸਿਆ ਗਿਆ ਕਿ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਨਾਲ ਜ਼ਮੀਨੀ ਤੱਤ ਤਾਂ ਨਸ਼ਟ ਤਾਂ ਹੁੰਦੇ ਹੀ ਹਨ ਤੇ ਇਸ ਦੇ ਨਾਲ ਖੇਤ ਵਿੱਚ ਖਿਲਰੇ ਦਾਣੇ ਅਤੇ ਛੋਟੇ-ਮੋਟੇ ਕੀੜੇ-ਮਕੌੜੇ ਵੀ ਸੜ ਜਾਂਦੇ ਹਨ। ਇਸ ਤੋਂ ਇਲਾਵਾ ਖੇਤਾਂ ਵਿੱਚ ਅੱਗ ਲਗਾਉਣ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ। ਜਿਸ ਕਾਰਨ ਮਨੁੱਖਾਂ ਸਮੇਤ ਪੰਛੀਆਂ ਆਦਿ ਨੂੰ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ ਤੇ ਅੱਗ ਲਗਾਉਣ ਤੇ ਹੋਣ ਵਾਲੇ ਧੂੰਏ ਕਾਰਨ ਆਵਾਜਾਈ ਵਿੱਚ ਵੀ ਦਿੱਕਤ ਆਉਂਦੀ ਹੈ। ਜਿਸ ਨਾਲ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਤੇ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਖੇਤਾਂ ਵਿੱਚ ਝੋਨੇ ਦੀ ਨਾੜ ਦੀਆਂ ਗੱਠਾਂ ਬਣਾਉਣ ਲਈ ਮੈਪ ਕੀਤੇ ਗਏ ਬੇਲਰਾਂ ਦੀ ਸੂਚਨਾ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਲਈ ਉਕਤ ਸੂਚਨਾ ਦਾ ਲਾਭ ਉਠਾਉਂਦੇ ਹੋਏ ਖੇਤਾਂ ਵਿੱਚ ਝੋਨੇ ਦੀਆਂ ਨਾੜ ਦੀਆਂ ਗੱਠਾਂ ਬਣਾਉਣ ਲਈ ਸਬੰਧਤ ਬੇਲਰਾਂ ਨਾਲ ਤਾਲਮੇਲ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਸਬੰਧੀ ਪੰਜਾਬ ਸਰਕਾਰ ਵੱਲੋਂ ਮਿੱਥੇ ਗਏ ਟੀਚੇ ਨੂੰ ਸਫਲਾਤਪੂਰਵਕ ਪੂਰਾ ਕਰਨ ਵਿੱਚ ਸਹਿਯੋਗ ਦਿੱਤਾ ਜਾਵੇ।
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਰੂਪਨਗਰ ਵੱਲੋਂ ਇਸ ਜਾਗਰੂਕਤਾ ਕੈਂਪ ਦੌਰਾਨ ਕਿਸਾਨਾਂ ਨੂੰ ਫਸਲਾਂ ਦੇ ਬਦਲਵੇਂ ਪ੍ਰਬੰਧ ਕਰਨ ਅਤੇ ਖੇਤਾਂ ਨੂੰ ਉਪਜਾਊ ਬਣਾਉਣ ਹਿੱਤ ਫਸਲੀ ਵਿਭਿੰਨਤਾ ਦਾ ਸਰਕਲ ਅਪਣਾਉਣ ਤੇ ਕੋਅਪ੍ਰੇਟਿਵ ਸੁਸਾਇਟੀਆਂ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਸੁਪਰ ਸੀਡਰਾਂ ਦੀ ਵਰਤੋਂ ਕਰਨ ਸਬੰਧੀ ਵੀ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਬੀ.ਡੀ.ਪੀ.ਓ ਸ੍ਰੀ ਚਮਕੌਰ ਸਾਹਿਬ ਅਜੈਬ ਸਿੰਘ, ਸਾਧੂ ਸਿੰਘ ਸਰਪੰਚ ਗ੍ਰਾਮ ਪੰਚਾਇਤ ਪਿੱਪਲ ਮਾਜਰਾ, ਸਰਪੰਚ ਗ੍ਰਾਮ ਪੰਚਾਇਤ ਰੁੜਕੀ ਹੀਰਾਂ, ਜਗਤਾਰ ਸਿੰਘ ਪੰਚਾਇਤ ਸਕੱਤਰ, ਕਰਵੀਰ ਸਿੰਘ ਗ੍ਰਾਮ ਰੋਜ਼ਗਾਰ ਸਹਾਇਕ, ਧਰਮਵੀਰ ਸਿੰਘ ਗ੍ਰਾਮ ਰੋਜ਼ਗਾਰ ਸਹਾਇਕ ਅਤੇ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ।