ਪਿੰਡਾਂ ਵਿਚ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਸਾਡੀ ਪਹਿਲੀ ਤਵੱਜੋਂ: ਡਿਪਟੀ ਕਮਿਸ਼ਨਰ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਪਿੰਡਾਂ ਵਿਚ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਸਾਡੀ ਪਹਿਲੀ ਤਵੱਜੋਂ: ਡਿਪਟੀ ਕਮਿਸ਼ਨਰ
• ਸਰਕਾਰੀ ਸਕੂਲ ਵਿਚ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਦੇ ਦਿੱਤੇ ਸਾਰੇ ਜਵਾਬ
• ਡਿਪਟੀ ਕਮਿਸ਼ਨਰ ਨੇ ਮੋਰਿੰਡਾ ਬਲਾਕ ਦੇ ਸਰਕਾਰੀ ਸਕੂਲ ਤੇ ਆਂਗਣਵੜੀ ਸੈਂਟਰ ਦਾ ਵੀ ਜਾਇਜ਼ਾ ਲਿਆ
ਮੋਰਿੰਡਾ, 20 ਅਪ੍ਰੈਲ: ਪਿੰਡਾਂ ਵਿਚ ਬੱਚਿਆਂ ਨੂੰ ਮਿਆਰੀ ਸਿੱਖਿਆ ਯਕੀਨੀ ਤੌਰ ਉਤੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ਼ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਬਲਾਕ ਮੋਰਿੰਡਾ ਦੇ ਪਿੰਡ ਬੰਨ ਮਾਜਰਾ ਅਤੇ ਸੋਤਲ ਬਾਬਾ ਦੇ ਸਰਕਾਰੀ ਸਕੂਲਾਂ ਅਤੇ ਆਂਗਣਵੜੀ ਸੈਂਟਰਾਂ ਦਾ ਅਚਨਚੇਤ ਦੌਰਾ ਕੀਤਾ ਗਿਆ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਮਜਬੂਤ ਕਰਨ ਦੇ ਨਾਲ-ਨਾਲ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਬੇਹਤਰੀਨ ਸਿੱਖਿਆ ਮੁਹੱਈਆ ਕਰਵਾਉਣਾ ਸਾਡੀ ਪਹਿਲੀ ਤਵੱਜੋਂ ਹੈ।
ਡਾ. ਪ੍ਰੀਤੀ ਯਾਦਵ ਵੱਲੋਂ ਸਕੂਲ ਦੇ ਬੱਚਿਆਂ ਨਾਲ ਪੜ੍ਹਾਈ ਦੀ ਗੁਣਵੱਤਾ ਨੂੰ ਲੈ ਕੇ ਗੱਲਬਾਤ ਕੀਤੀ ਗਈ ਅਤੇ ਬੱਚਿਆਂ ਨੂੰ ਸਵਾਲ-ਜਵਾਬ ਵੀ ਕੀਤੇ ਗਏ। ਇਸ ਮੌਕੇ ਛੋਟੀ ਉਮਰ ਦੇ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਵਲੋਂ ਹਿਸਾਬ, ਅੰਗਰੇਜ਼ੀ ਅਤੇ ਹਿੰਦੀ ਸਬੰਧੀ ਪੁੱਛੇ ਗਏ ਸਵਾਲਾਂ ਦੇ ਪੂਰੇ ਆਤਮ-ਵਿਸ਼ਵਾਸ ਨਾਲ਼ ਜਵਾਬ ਦਿੱਤੇ ਜਿਸ ਉਪਰੰਤ ਡਿਪਟੀ ਕਮਿਸ਼ਨਰ ਨੇ ਤਸੱਲੀ ਪ੍ਰਗਟ ਕਰਦੇ ਹੋਏ ਅਧਿਆਪਕਾਂ ਦੀ ਪ੍ਰਸੰਸਾ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਸਰਕਾਰੀ ਮਿਡਲ ਸਕੂਲ ਸੋਤਲ ਬਾਬਾ ਵਿਖੇ ਦੌਰਾ ਕਰਦੇ ਹੋਏ ਡਿਪਟੀ ਡੀ.ਓ. ਰੰਜਨਾ ਕਤਿਆਲ ਨੂੰ ਹਦਾਇਤ ਜਾਰੀ ਕੀਤੀ ਕਿ ਸਕੂਲ ਵਿਖੇ ਜਿਨ੍ਹਾਂ 2 ਕਮਰਿਆਂ ਦੀ ਸਹੀ ਢੰਗ ਨਾਲ਼ ਵਰਤੋਂ ਨਹੀਂ ਹੋ ਰਹੀ ਉਸ ਨੂੰ ਦੋ ਦਿਨਾਂ ਦੇ ਅੰਦਰ ਠੀਕ ਕੀਤਾ ਜਾਵੇ।
ਉਨ੍ਹਾਂ ਵੱਲੋਂ ਸਕੂਲ ਦੇ ਸਟਾਫ ਦੇ ਨਾਲ ਗੱਲਬਾਤ ਵੀ ਕੀਤੀ ਗਈ ਤੇ ਸਕੂਲ ਸਟਾਫ ਨੂੰ ਹੋਣ ਵਾਲੀਆਂ ਮੁਸ਼ਕਲਾਂ ਸਬੰਧੀ ਵੀ ਜਾਣਕਾਰੀ ਲਈ ਗਈ ਅਤੇ ਹਦਾਇਤ ਕਰਦਿਆਂ ਕਿਹਾ ਕਿ ਸਕੂਲਾਂ ਚ ਸਮੇਂ ਸਿਰ ਡਿਊਟੀ ਤੇ ਪੁੱਜਿਆ ਜਾਵੇ ਅਤੇ ਆਪਣੇ ਫਰਜ਼ਾਂ ਨੂੰ ਮਿਹਨਤ ਅਤੇ ਇਮਾਨਦਾਰੀ ਦੇ ਨਾਲ ਨਿਭਾਇਆ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਕੂਲ ਦੇ ਮਿੱਡ ਡੇਅ ਮੀਲ ਦੀ ਜਾਂਚ ਵੀ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਮਿਡ ਡੇਅ ਮੀਲ ਵਰਕਰਾਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਨੂੰ ਪੋਸ਼ਟਿਕ ਭੋਜਨ ਰੋਜ਼ਾਨਾ ਮੁਹੱਈਆ ਕਰਵਾਉਣ ਦੀ ਹਦਾਇਤ ਵੀ ਕੀਤੀ।
ਉਨ੍ਹਾਂ ਪਿੰਡ ਬੰਨਮਾਜਰਾ ਸਕੂਲ ਵਿਖੇ ਹੀ ਬਣਾਈ ਗਈ ਆਂਗਣਵਾੜੀ ਸੈਂਟਰ ਵਿਖੇ ਰਜਿਸਟਰਾਂ ਦੇ ਰਿਕਾਰਡ ਦੀ ਚੈਕਿੰਗ ਕੀਤੀ ਅਤੇ ਬੱਚਿਆਂ ਨੂੰ ਮਿਲਣ ਵਾਲਿਆਂ ਸਹੂਲਤਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਸੀ.ਡੀ.ਪੀ.ਓ. ਰਜਿੰਦਰਪਾਲ ਕੌਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਂਗਣਵਾੜੀ ਸੈਂਟਰ ਵਿਖੇ ਰਜਿਸਟਰ ਸਾਰੇ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੀ ਸਮੀਖਿਆ ਤੈਅ ਮਾਪਦੰਡਾਂ ਅਨੁਸਾਰ ਰਿਕਾਰਡ ਕੀਤੀ ਜਾਵੇ ਅਤੇ ਬੱਚਿਆਂ ਨੂੰ ਨਿਰਧਾਰਿਤ ਪੌਸ਼ਟਿਕ ਭੋਜਨ ਦੀ ਖੁਰਾਕ ਜ਼ਰੂਰ ਦਿੱਤੀ ਜਾਵੇ।