• ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਪਰਿਵਾਰ ਨਿਯੋਜਨ ਲਈ ਪੁਰਸ਼ ਅਤੇ ਔਰਤ ਦੋਵੇਂ ਹੀ ਸਮਝਣ ਆਪਣੀ ਜਿੰਮੇਵਾਰੀ – ਸਿਵਲ ਸਰਜਨ

ਪ੍ਰਕਾਸ਼ਨ ਦੀ ਮਿਤੀ : 11/07/2025
Both men and women should understand their responsibility for family planning - Civil Surgeon

ਪਰਿਵਾਰ ਨਿਯੋਜਨ ਲਈ ਪੁਰਸ਼ ਅਤੇ ਔਰਤ ਦੋਵੇਂ ਹੀ ਸਮਝਣ ਆਪਣੀ ਜਿੰਮੇਵਾਰੀ – ਸਿਵਲ ਸਰਜਨ

ਵਿਸ਼ਵ ਅਬਾਦੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਰੂਪਨਗਰ, 11 ਜੁਲਾਈ: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਦੀ ਅਗਵਾਈ ਜ਼ਿਲ੍ਹਾ ਹਸਪਤਾਲ ਵਿਖੇ ਜ਼ਿਲ੍ਹਾ ਪੱਧਰੀ ਵਿਸ਼ਵ ਅਬਾਦੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸਵਪਨਜੀਤ ਕੌਰ ਨੇ ਦੱਸਿਆ ਕਿ ਦਿਨ ਪ੍ਰਤੀ ਦਿਨ ਵੱਧ ਰਹੀ ਅਬਾਦੀ ਦੇਸ਼ ਦੀ ਤਰੱਕੀ ਵਿੱਚ ਰੁਕਾਵਟ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ 11 ਜੁਲਾਈ ਤੋਂ 24 ਜੁਲਾਈ ਤੱਕ ਅਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ।

ਉਨ੍ਹਾਂ ਵੱਲੋਂ ਚੀਰਾ ਰਹਿਤ ਨਸਬੰਦੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਕਿਹਾ ਕਿ ਚੀਰਾ ਰਹਿਤ ਨਸਬੰਦੀ ਮਰਦਾਂ ਲਈ ਪਰਿਵਾਰ ਨਿਯੋਜਨ ਦਾ ਬਹੁਤ ਆਸਾਨ ਅਤੇ ਪੱਕਾ ਤਰੀਕਾ ਹੈ। ਜੇਕਰ ਕੋਈ ਪੁਰਸ਼ ਚੀਰਾ ਰਹਿਤ ਨਸਬੰਦੀ ਕਰਵਾਉਂਦਾ ਹੈ ਤਾਂ ਉਸ ਨੂੰ ਸਰਕਾਰ ਵੱਲੋਂ 1100 ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਪ੍ਰੇਰਿਤ ਕਰਨ ਵਾਲੇ ਵਿਅਕਤੀ ਨੂੰ 200 ਵੀ ਦਿੱਤੀ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਦੀਆਂ ਸਿਹਤ ਸੰਸਥਾਵਾ ਵਿਖ਼ੇ ਸਿਹਤ ਮੁਲਾਜ਼ਮਾਂ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਸਥਾਈ ਤੇ ਅਸਥਾਈ ਤਰੀਕਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਵਧ ਰਹੀ ਆਬਾਦੀ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰ ਕੇ ਪਰਿਵਾਰ ਨਿਯੋਜਨ ਦੇ ਸਥਾਈ (ਅਪ੍ਰੇਸ਼ਨ) ਅਤੇ ਅਸਥਾਈ ਤਰੀਕਿਆਂ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਵਧਦੀ ਆਬਾਦੀ ਦੇਸ਼ ਵਿੱਚ ਸਮੱਸਿਆਵਾਂ ਦੀ ਜੜ੍ਹ ਬਣ ਰਹੀ ਹੈ, ਇਸ ਤੋਂ ਇਲਾਵਾ ਜਲਦੀ ਜਲਦੀ ਬੱਚੇ ਹੋਣ ਨਾਲ ਮਾਂ ਅਤੇ ਬੱਚੇ ਦੀ ਸਿਹਤ ਉੱਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਨਾਗਰਿਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਆਬਾਦੀ ਤੇ ਕੰਟਰੋਲ ਕਰਨ ਲਈ ਸਰਕਾਰਾਂ ਦਾ ਸਹਿਯੋਗ ਕਰਨਾ ਸਮੇਂ ਦੀ ਜ਼ਰੂਰਤ ਹੈ।

ਇਸ ਮੌਕੇ ਔਰਤਾਂ ਦੇ ਰੋਗਾਂ ਦੇ ਮਾਹਰ ਡਾ. ਨੀਰਜ ਨੇ ਕਿਹਾ ਆਬਾਦੀ ਨੂੰ ਘਟਾਉਣ ਲਈ ਪਤੀ-ਪਤਨੀ ਫੈਮਲੀ ਪਲਾਨਿੰਗ ਰਾਹੀਂ ਛੋਟਾ ਤੇ ਸੁਖੀ ਪਰਿਵਾਰ ਸਿਰਜ ਸਕਦੇ ਹਨ। ਆਬਾਦੀ ਵਧਣ ਦਾ ਵੱਡਾ ਕਾਰਨ ਅਨਪੜ੍ਹਤਾ ਹੈ, ਜਿਸ ਕਾਰਨ ਮਾਪੇ ਬੱਚਿਆਂ ਨੂੰ ਛੋਟੀ ਉਮਰ ਵਿੱਚ ਵਿਆਹ ਦਿੰਦੇ ਹਨ ਜਦ ਕਿ ਲੜਕੀ ਦੀ ਸ਼ਾਦੀ 18 ਸਾਲ ਤੋਂ ਬਾਅਦ ਤੇ ਲੜਕੇ ਦੀ ਸ਼ਾਦੀ 21 ਸਾਲ ਤੋਂ ਬਾਅਦ ਹੀ ਕੀਤੀ ਜਾਵੇ। ਔਰਤਾਂ ਦੀ ਸਾਖਰਤਾ ਦਰ ਵਿੱਚ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੋ ਬੱਚਿਆਂ ਵਿੱਚ ਘੱਟੋ-ਘੱਟ ਤਿੰਨ ਸਾਲ ਦਾ ਅੰਤਰ ਹੋਣਾ ਜਰੂਰੀ ਹੈ। ਇਸ ਮੰਤਵ ਲਈ ਪਰਿਵਾਰ ਨਿਯੋਜਨ ਦੇ ਅਸਥਾਈ ਢੰਗ ਅੰਤਰਾ ਟੀਕਾ, ਜੋ ਹਰ ਤਿੰਨ ਮਹੀਨੇ ਬਾਅਦ ਲੱਗਦਾ ਹੈ ਅਤੇ ਪੀਪੀਆਈਯੂਸੀਡੀ ਜੋ ਡਲਿਵਰੀ ਤੋਂ ਤੁਰੰਤ ਬਾਅਦ ਲਗਾਈ ਜਾਂਦੀ ਹੈ ਅਤੇ ਬਹੁਤ ਹੀ ਕਾਰਗਰ ਹੈ ਜਾਂ ਓਰਲ ਪਿੱਲ, ਛਾਇਆ, ਕੰਡੋਮ, ਕਾਪਰ-ਟੀ ਆਦਿ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਜੋ ਅਣਚਾਹੇ ਗਰਭ ਧਾਰਨ ਤੋਂ ਵੀ ਬਚਿਆ ਜਾ ਸਕਦਾ ਹੈ। ਆਬਾਦੀ ਨੂੰ ਕੰਟਰੋਲ ਕਰਨ ਲਈ ਸਿਹਤ ਵਿਭਾਗ ਵਲੋਂ ਪਰਿਵਾਰ ਨਿਯੋਜਨ ਲਈ ਮੁੱਹਈਆ ਕਰਵਾਏ ਜਾਂਦੇ ਸਾਰੇ ਸਾਧਨ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਉਪਲੱਬਧ ਹਨ। ਇਨ੍ਹਾਂ ਸਹੂਲਤਾਂ ਦਾ ਲਾਭ ਲੈਣ ਲਈ ਆਸ਼ਾ ਜਾਂ ਏਐਨਐਮ ਭੈਣਜੀ ਜਾਂ ਔਰਤ ਰੋਗਾਂ ਦੇ ਮਾਹਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 104 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਡਾ. ਗੁਰਸੇਵਕ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫਸਰ ਰਾਜ ਰਾਣੀ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ, ਰਿਤੂ, ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਸੁਖਜੀਤ ਸਿੰਘ, ਰਜਿੰਦਰ ਕੌਰ ਐਲਐਚ ਵੀ ਗੁਰਦੀਪ ਸਿੰਘ ਮਲਟੀ ਪਰਪਸ ਹੈਲਥ ਵਰਕਰ ਅਤੇ ਸਮੂਹ ਸਟਾਫ ਪਤਵੰਤ ਸੱਜਣ ਹਾਜ਼ਰ ਸਨ ।