ਨੌਜਵਾਨ ਆਪਣੀ ਊਰਜਾ ਨੂੰ ਉਸਾਰੂ ਕੰਮਾਂ ਵਿੱਚ ਲਗਾਉਣ – ਵਧੀਕ ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਨੌਜਵਾਨ ਆਪਣੀ ਊਰਜਾ ਨੂੰ ਉਸਾਰੂ ਕੰਮਾਂ ਵਿੱਚ ਲਗਾਉਣ – ਵਧੀਕ ਡਿਪਟੀ ਕਮਿਸ਼ਨਰ
ਸਰਕਾਰੀ ਕਾਲਜ ਰੋਪੜ ਵਿਖੇ ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮਨਾਇਆ
ਨੌਜ਼ਵਾਨਾਂ ਨੂੰ ਨਸ਼ਾ ਮੁਕਤ ਰਹਿਣ ਦੀ ਚੁਕਾਈ ਸਹੁੰ
ਰੂਪਨਗਰ, 26 ਜੂਨ: ਨੌਜਵਾਨ ਹਰ ਦੇਸ਼ ਦੇ ਊਰਜਾ ਦੇ ਸਰੋਤ ਹੁੰਦੇ ਹਨ, ਨੌਜਵਾਨਾਂ ਨੂੰ ਆਪਣੇ ਮਜ਼ਬੂਤ ਇਰਾਦਿਆਂ ਅਤੇ ਸਹੀ ਦਿਸ਼ਾ ਵਿਚ ਮਿਹਨਤ ਕਰਦੇ ਹੋਏ ਆਪਣੀ ਊਰਜਾ ਨੂੰ ਉਸਾਰੂ ਕੰਮਾਂ ਵਿੱਚ ਲਗਾਉਣਾ ਚਾਹੀਦਾ ਹੈ ਅਤੇ ਦੇਸ਼ ਦੇ ਭਵਿੱਖ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀਮਤੀ ਚੰਦਰਜਯੋਤੀ ਸਿੰਘ (ਆਈ.ਏ.ਐੱਸ) ਨੇ ਅੱਜ “ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ” ਮੌਕੇ ਸਰਕਾਰੀ ਕਾਲਜ ਰੋਪੜ ਵਿਖੇ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਨੌਜ਼ਵਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਚੰਦਰਜਯੋਤੀ ਸਿੰਘ ਨੇ ਦੱਸਿਆ ਕਿ ਦੁਨੀਆ ਭਰ ਵਿੱਚ ਹਰ ਸਾਲ 26 ਜੂਨ ਨੂੰ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਅਤੇ ਗ਼ੈਰ-ਕਾਨੂੰਨੀ ਤਸਕਰੀ ਖ਼ਿਲਾਫ਼ ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ੇ ਦੀ ਦਲ-ਦਲ ‘ਚੋਂ ਬਾਹਰ ਕੱਢਣਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਸ਼ਾ ਇਕ ਬਿਮਾਰੀ ਹੈ ਜੋ ਕਿ ਨੌਜਵਾਨ ਨੂੰ ਆਪਣੀ ਗਿ੍ਫ਼ਤ ਵਿਚ ਲੈ ਕੇ ਕਈ ਤਰ੍ਹਾਂ ਦੀ ਬਿਮਾਰੀਆਂ ਦਾ ਕਾਰਨ ਬਣਦੀ ਹੈ ਅਤੇ ਉਨ੍ਹਾਂ ਨੂੰ ਗ਼ਲਤ ਰਸਤੇ ‘ਤੇ ਤੁਰਨ ਲਈ ਮਜਬੂਰ ਹੋਣਾ ਪੈਂਦਾ ਨਤੀਜੇ ਵਜੋਂ ਉਹ ਮੁਜ਼ਰਿਮ ਤਕ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਸ਼ਰਾਬ, ਸਿਗਰੇਟ, ਤੰਬਾਕੂ ਤੇ ਡਰੱਗਜ਼, ਨਸ਼ੀਲੀਆਂ ਦਵਾਈਆਂ ਆਦਿ ਤੋਂ ਨਸ਼ਿਆਂ ਦੀ ਸ਼ੁਰੂਆਤ ਕਰਦੇ ਹਨ ਅਤੇ ਇਸ ਤੋਂ ਬਾਅਦ ਉਹ ਇਸ ਦਲ-ਦਲ ਵਿਚ ਧਸਦੇ ਚਲੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ਤੇ ਕੰਮ ਜਾਰੀ ਹੈ, ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਿਆਂ ਦੇ ਤਸਕਰਾਂ ਖਿਲਾਫ਼ ਵੱਡੇ ਪੱਧਰ ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆਂ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਨਜ਼ਾਇਜ਼ ਪੈਸੇ ਨਾਲ ਖੜੀਆਂ ਕੀਤੀਆਂ ਨਜ਼ਾਇਜ਼ ਪ੍ਰਾਪਰਟੀਆਂ ਨੂੰ ਵੀ ਢਾਹਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਸ਼ਾ ਦਾ ਸ਼ਿਕਾਰ ਹੋ ਚੁੱਕੇ ਨੌਜ਼ਵਾਨਾਂ ਦਾ ਵੀ ਇਲਾਜ਼ ਕਰਵਾ ਕੇ ਪੰਜਾਬ ਸਰਕਾਰ ਉਨ੍ਹਾਂ ਨੂੰ ਆਮ ਜ਼ਿੰਦਗੀ ਵਿੱਚ ਵਾਪਿਸ ਲਿਆ ਰਹੀ ਹੈ।
ਸ਼੍ਰੀਮਤੀ ਚੰਦਰਜਯੋਤੀ ਸਿੰਘ ਨੇ ਕਿਹਾ ਕਿ ਇਕੱਲਾ ਸਰਕਾਰ ਹੀ ਇਸ ਅਲਾਮਤ ਨੂੰ ਖਤਮ ਨਹੀਂ ਕਰ ਸਕਦੀ, ਨਸ਼ਿਆਂ ਰੂਪੀ ਕੋਹੜ ਨੂੰ ਖਤਮ ਕਰਨ ਲਈ ਹਰ ਇਨਸਾਨ ਦਾ ਸਹਿਯੋਗ ਜਰੂਰੀ ਹੈ। ਸਾਡੇ ਆਲੇ-ਦੁਆਲੇ ਜੇਕਰ ਕੋਈ ਵਿਅਕਤੀ ਨਸ਼ਿਆਂ ਦੀ ਵਰਤੋਂ ਕਰਦਾ ਹੈ ਤਾਂ ਸਾਡਾ ਮੁੱਢਲਾ ਫਰਜ਼ ਹੈ ਕਿ ਉਸ ਵਿਅਕਤੀ ਨੂੰ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾ ਕੇ ਇਸਦੀ ਵਰਤੋਂ ਬੰਦ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਇਸ ਤੋਂ ਇਲਾਵਾ ਇਸ ਕੋਹੜ ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਹਰ ਸੰਭਵ ਸਹਿਯੋਗ ਦੇਣ ਕਿਉਂਕਿ ਸਾਂਝੇ ਉੱਦਮਾਂ ਸਦਕਾ ਹੀ ਦੇਸ਼ ਵਿੱਚੋਂ ਨਸ਼ਿਆਂ ਨੂੰ ਖਤਮ ਕਰਕੇ ਹੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕਦਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਐਸਡੀਐਮ ਰੂਪਨਗਰ ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਿਅਕਤੀਗਤ, ਪਰਿਵਾਰ ਅਤੇ ਸਮਾਜ ਪੱਧਰ ਤੇ ਜਾਗਰੂਕ ਹੋਣਾ ਜਰੂਰੀ ਹੈ, ਇਸ ਦੇ ਨਾਲ ਹੀ ਰੋਗੀ ਇਲਾਜ਼, ਇਮਦਾਦ ਅਤੇ ਦੇਖਭਾਲ ਬਹੁਤ ਜਰੂਰੀ ਹੈ ਭਾਵ ਕਿ ਜੋ ਵਿਅਕਤੀ ਇਸ ਨਸ਼ੇ ਦੀ ਗ੍ਰਿਸਤ ਵਿੱਚ ਆ ਚੁੱਕੇ ਹਨ ਉਨ੍ਹਾਂ ਦਾ ਇਲਾਜ਼ ਅਤੇ ਦੇਖਭਾਲ ਕਰਦੇ ਹੋਏ ਉਨ੍ਹਾਂ ਨੂੰ ਮੁੜ ਆਮ ਜ਼ਿੰਦਗੀ ਵਿੱਚ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਆਏ ਹੋਏ ਨੌਜ਼ਵਾਨਾਂ ਨੂੰ ਨਸ਼ਾ ਮੁਕਤ ਰਹਿਣ, ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਦੇਣ ਦੀ ਸਹੁੰ ਵੀ ਚੁਕਾਈ ਗਈ।
ਇਸ ਮੌਕੇ ਨਹਿਰੂ ਯੁਵਾ ਕੇਂਦਰ ਤੋਂ ਕ੍ਰਾਂਤੀ ਕਲਾ ਮੰਚ ਦੀ ਟੀਮ ਨੇ “ਚਾਨਣ ਦੇ ਵਣਜਾਰੇ” ਨਾਟਕ ਰਾਹੀਂ ਵੀ ਆਏ ਹੋਏ ਹਾਜ਼ਰੀਨ ਨੂੰ ਨਸ਼ਿਆ ਵਿਰੁੱਧ ਜਾਗਰੂਕ ਕੀਤਾ। ਇਸ ਦੇ ਨਾਲ ਹੀ ਨਸ਼ਾ ਮੁਕਤੀ ਕੇਂਦਰ ਰੋਪੜ ਤੋਂ ਕਾਉਂਸਲਰ ਪ੍ਰਭਜੋਤ ਕੌਰ ਨੇ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਨਸ਼ਾ ਮੁਕਤੀ ਕੇਂਦਰ ਵਿੱਚ ਰੋਗੀਆਂ ਦੇ ਕੀਤੇ ਜਾ ਰਹੇ ਇਲਾਜ਼ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਹਾਸਲ ਕਰਨ ਵਾਲੇ ਕੈਕਿੰਗ ਦੇ ਖਿਡਾਰੀ ਜਸਪ੍ਰੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਵਿੰਦਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫਸਰ ਕਰਨ ਮਹਿਤਾ, ਸਿਵਲ ਸਰਜਨ ਡਾ. ਬਲਵਿੰਦਰ ਕੌਰ, ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ, ਐੱਸਐੱਚਓ ਪਵਨ ਚੌਧਰੀ, ਵਾਈਸ ਪ੍ਰਿੰਸੀਪਲ ਸਰਕਾਰੀ ਕਾਲਜ ਰੋਪੜ ਹਰਜੀਤ ਸਿੰਘ, ਡਾ. ਨਿਰਮਲ ਸਿੰਘ ਬਰਾੜ, ਡਾ. ਦਲਵਿੰਦਰ ਸਿੰਘ, ਡਾ. ਜਤਿੰਦਰ ਕੁਮਾਰ, ਸਾਂਝ ਕੇਂਦਰ ਰੂਪਨਗਰ ਤੋਂ ਰਣਜੀਤ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।