(ਨਾਈਲੈਟ ) ਰੋਪੜ ਵਿਖੇ ਸਾਂਝੀ ਸਿੱਖਿਆ ਸੰਸਥਾ ਵਲੋਂ ਆਪਣੇ ‘ਯੰਗ ਲੀਡਰਸ’ ਵਾਸਤੇ ‘ਗ੍ਰੈਜੂਏਸ਼ਨ ਡੇ’ ਮਨਾਇਆ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰੂਪਨਗਰ
(ਨਾਈਲੈਟ ) ਰੋਪੜ ਵਿਖੇ ਸਾਂਝੀ ਸਿੱਖਿਆ ਸੰਸਥਾ ਵਲੋਂ ਆਪਣੇ ‘ਯੰਗ ਲੀਡਰਸ’ ਵਾਸਤੇ ‘ਗ੍ਰੈਜੂਏਸ਼ਨ ਡੇ’ ਮਨਾਇਆ
ਰੂਪਨਗਰ, 9 ਮਈ: ਨੈਸ਼ਨਲ ਇੰਸਟੀਟਿਊਟ ਓਫ ਇਲੈਕਟ੍ਰਾਨਿਕ ਐਂਡ ਇਨਫੋਰਮੇਸ਼ਨ ਟੈਕਨੋਲੋਜੀ (ਨਾਈਲੈਟ ) ਰੋਪੜ ਵਿਖੇ ਸਾਂਝੀ ਸਿੱਖਿਆ ਸੰਸਥਾ ਵਲੋਂ ਆਪਣੇ ‘ਯੰਗ ਲੀਡਰਸ’ ਵਾਸਤੇ ‘ਗ੍ਰੈਜੂਏਸ਼ਨ ਡੇ’ ਮਨਾਇਆ। ਇਸ ਪ੍ਰੋਗਰਾਮ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਸੋਮਲ, ਮੁੱਖ ਮਹਿਮਾਨਾਂ ਵਜੋਂ ਪਹੁੰਚੇ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਪੰਜਾਬ ਦੇ ਨੌਜਵਾਨਾਂ ਵਿੱਚ ਸਿੱਖਿਆ ਨੂੰ ਮੁੱਖ ਰੱਖਦਿਆਂ, ਇੱਕ ਸਮਾਜਿਕ ਚੇਤਨਾ ਪੈਦਾ ਕਰਨਾ ਸੀ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸ਼ਿਵਾਲਿਕ ਸਕੂਲ ਦੇ ਬੱਚਿਆਂ ਵਲੋਂ ਇਕ ਨਾਟਕ ਪੇਸ਼ ਕੀਤਾ ਗਿਆ। ਇਸ ਉਪਰੰਤ ਸਾਂਝੀ ਸਿੱਖਿਆ ਸੰਸਥਾ ਵਲੋਂ ਆਪਣੇ 2 ਸਾਲ ਵਿੱਚ ਹੋਈਆਂ ਉਪਲਭਧੀਆਂ ਸਭ ਨਾਲ਼ ਸਾਂਝੀਆਂ ਕੀਤੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸੰਸਥਾ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਸਿੱਖਿਆ ਦੇ ਖੇਤਰ ਵਿੱਚ ਕਾਫ਼ੀ ਨਵੇਕਲਾ ਕੰਮ ਕਰ ਰਹੀ ਹੈ। ਇਹ ਇਲਾਕੇ ਦੇ ਵਿਦਆਰਥੀਆਂ ਨੂੰ ਘੱਟ ਕੀਮਤਾਂ ਉਤੇ ਉੱਚ ਤੇ ਤਕਨੀਕੀ ਸਿੱਖਿਆ ਮੁਹੱਈਆ ਕਰਵਾ ਰਹੀ ਹੈ।
ਸ. ਅਰਵਿੰਦਰਪਾਲ ਸਿੰਘ ਸੋਮਲ ਨੇ ਪ੍ਰੋਗਰਾਮ ਵਿੱਚ ਪੇਸ਼ ਕੀਤੇ ਗਏ ਨਾਟਕ ਦੀ ਪ੍ਰਸ਼ੰਸਾ ਕੀਤੀ ਅਤੇ ਇਹ ਯਕੀਨ ਦਵਾਇਆ ਕਿ ਸਾਂਝੀ ਸਿੱਖਿਆ ਸੰਸਥਾ ਦੇ ਕੰਮ ਨੂੰ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦੀ ਮੱਦਦ ਪ੍ਰਦਾਨ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸੰਸਥਾ ਨੇ ਰੂਪਨਗਰ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਰਕਾਰੀ ਸਕੂਲਾਂ ਪ੍ਰਤੀ ਬਣਦੀਆਂ ਜ਼ਿੰਮੇਵਾਰੀਆਂ ਬਾਰੇ ਸੁਚੇਤ ਕੀਤਾ ਅਤੇ ਸਕੂਲਾਂ, ਮਾਪਿਆਂ ਤੇ ਪੰਚਾਇਤਾਂ ਦੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਸਾਂਝੀਆਂ ਮੀਟਿੰਗਾਂ ਕਰਵਾਈਆਂ। ਇਹਨਾਂ ਮੀਟਿੰਗਾਂ ਰਾਹੀਂ ਸੰਸਥਾ ਨੇ ਕੁੱਲ 6,54,000 ਰੁਪਏ ਫੰਡ ਪਿੰਡਾਂ ਦੀਆਂ ਪੰਚਾਇਤਾਂ ਨੂੰ ਮੁਹੱਈਆ ਕਰਵਾ ਕੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਢਾਂਚੇ ਨੂੰ ਉੱਚਾ ਚੁੱਕਣ ਦੇ ਯਤਨ ਕੀਤੇ ਗਏ।
ਇਸ ਦੇ ਨਾਲ਼ ਹੀ ਸੰਸਥਾ ਨੇ ਸਰਕਾਰੀ ਅਧਿਆਪਕਾਂ ਨੂੰ ਹੋਰ ਕੁਸ਼ਲ ਬਣਾਉਣ ਲਈ ਅਕਾਦਮਿਕ ਮੀਟਿੰਗ, ਡਿਜੀਟਲ ਉਪਕਰਨ ਟ੍ਰੇਨਿੰਗ ਅਤੇ ਆਦਿ ਉਪਰਾਲੇ ਕੀਤੇ। ਪ੍ਰੋਗਰਾਮ ਦੇ ਅੰਤ ਵਿੱਚ ਮੁਖ ਮਹਿਮਾਨਾਂ ਨੇ ਯੰਗ ਲੀਡਰਸ ਅਤੇ ਸਰਕਾਰੀ ਅਧਿਆਪਕਾਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦਿੱਤੇ।